ਕਿਛੁ ਸੁਣੀਐ ਕਿਛੁ ਕਹੀਐ - ਸਤਨਾਮ ਸਿੰਘ ਮਾਣਕ

'ਮੈਂ ਕੋਸ਼ਿਸ਼ ਕਰਦਾ ਹਾਂ ਕਿ ਫ਼ਿਲਮ ਮਨੋਰੰਜਕ ਵੀ ਹੋਵੇ ਤੇ ਸਮਾਜਿਕ ਸੰਦੇਸ਼ ਦੇਣ ਵਾਲੀ ਵੀ'

ਪ੍ਰਸਿੱਧ ਫ਼ਿਲਮ ਅਦਾਕਾਰ ਆਮਿਰ ਖਾਨ ਨਾਲ \'ਅਜੀਤ\' ਦੀ ਵਿਸ਼ੇਸ਼ ਮੁਲਾਕਾਤ


ਪਿਛਲੇ ਦਿਨੀਂ ਭਾਰਤ ਦੇ ਪ੍ਰਸਿੱਧ ਫ਼ਿਲਮੀ ਅਦਾਕਾਰ, ਨਿਰਦੇਸ਼ਕ ਅਤੇ ਨਿਰਮਾਤਾ ਆਮਿਰ ਖਾਨ ਆਪਣੀ ਨਵੀਂ ਫ਼ਿਲਮ 'ਤਲਾਸ਼' ਦੇ ਪ੍ਰਚਾਰ ਹਿਤ ਜਲੰਧਰ ਆਏ ਸਨ | 'ਅਜੀਤ ਭਵਨ' ਵਿਚ ਉਨ੍ਹਾਂ ਨੇ ਲਗਭਗ ਇਕ ਘੰਟੇ ਦਾ ਸਮਾਂ ਗੁਜ਼ਾਰਿਆ | ਇਸ ਸਮੇਂ ਉਨ੍ਹਾਂ ਨੇ ਪੰਜਾਬੀਆਂ ਦੀ ਹਰਮਨ-ਪਿਆਰੀ ਅਖ਼ਬਾਰ 'ਅਜੀਤ', ਦੈਨਿਕ 'ਅਜੀਤ ਸਮਾਚਾਰ' ਅਤੇ ਇਨ੍ਹਾਂ ਅਖ਼ਬਾਰਾਂ ਨੂੰ ਚਲਾਉਣ ਵਾਲੇ ਅਦਾਰਾ 'ਅਜੀਤ' ਬਾਰੇ ਬੜੀ ਦਿਲਚਸਪੀ ਨਾਲ ਜਾਣਕਾਰੀ ਪ੍ਰਾਪਤ ਕੀਤੀ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਫ਼ਿਲਮ ਜਗਤ ਦੇ ਸਫ਼ਰ, ਆਪਣੀ ਦਿਲਚਸਪੀ ਵਾਲੇ ਸਮਾਜਿਕ ਸਰੋਕਾਰਾਂ ਅਤੇ ਆਪਣੀ ਕਾਰਜਸ਼ੈਲੀ ਸਬੰਧੀ 'ਅਜੀਤ' ਤੇ 'ਅਜੀਤ ਸਮਾਚਾਰ' ਦੇ ਪ੍ਰਤੀਨਿਧੀਆਂ ਨਾਲ ਬੜੀਆਂ ਖੁੱਲ੍ਹ ਕੇ ਗੱਲਾਂ ਕੀਤੀਆਂ | ਉਨ੍ਹਾਂ ਨਾਲ ਹੋਈ ਚਰਚਾ ਦੇ ਅਹਿਮ ਅੰਸ਼ ਇਨ੍ਹਾਂ ਕਾਲਮਾਂ ਵਿਚ ਪ੍ਰਕਾਸ਼ਿਤ ਕਰ ਰਹੇ ਹਾਂ |

• ਤੁਹਾਡੀਆਂ ਫ਼ਿਲਮਾਂ ਦੇ ਦਰਸ਼ਕਾਂ ਅਤੇ ਤੁਹਾਡੇ ਪ੍ਰਸੰਸਕਾਂ ਨੂੰ ਇਹ ਬਹੁਤ ਸ਼ਿਕਾਇਤ ਰਹਿੰਦੀ ਹੈ ਕਿ ਤੁਸੀਂ ਬਹੁਤ ਘੱਟ ਫ਼ਿਲਮਾਂ ਕਰਦੇ ਹੋ ਅਤੇ ਉਨ੍ਹਾਂ ਨੂੰ ਤੁਹਾਡੀਆਂ ਫ਼ਿਲਮਾਂ ਦੇਖਣ ਲਈ ਲੰਮੀ ਇੰਤਜ਼ਾਰ ਕਰਨੀ ਪੈਂਦੀ ਹੈ | ਅਜਿਹਾ ਕਿਉਂ?
¸ਮੇਰਾ ਵਿਚਾਰ ਹੈ ਕਿ ਇਨਸਾਨ ਨੂੰ ਇਕ ਸਮੇਂ ਇਕੋ ਕੰਮ ਹੀ ਕਰਨਾ ਚਾਹੀਦਾ ਹੈ | ਇਕੋ ਸਮੇਂ ਜੇਕਰ ਮੈਂ ਬਹੁਤ ਸਾਰੀਆਂ ਫ਼ਿਲਮਾਂ ਵਿਚ ਅਦਾਕਾਰੀ ਕਰਾਂਗਾ ਤਾਂ ਮੈਨੂੰ ਜਾਪਦਾ ਹੈ ਕਿ ਮੈਂ ਵੱਖ-ਵੱਖ ਕਿਰਦਾਰਾਂ ਨਾਲ ਇਨਸਾਫ਼ ਨਹੀਂ ਕਰ ਸਕਾਂਗਾ | ਕਿਸੇ ਫ਼ਿਲਮ ਵਿਚ ਜਿਹੜਾ ਵੀ ਕਿਰਦਾਰ ਮੈਂ ਅਦਾ ਕਰਦਾ ਹਾਂ, ਉਸ ਲਈ ਮੈਨੂੰ ਲੰਮੀ ਤਿਆਰੀ ਕਰਨੀ ਪੈਂਦੀ ਹੈ | ਉਸ ਕਿਰਦਾਰ ਨੂੰ, ਉਸ ਦੇ ਰੋਲ ਨੂੰ ਸਮਝਣਾ ਪੈਂਦਾ ਹੈ ਤੇ ਫਿਰ ਮੈਂ ਉਸ ਕਿਰਦਾਰ ਦੇ ਅੰਦਰ ਵੜ ਜਾਂਦਾ ਹਾਂ | ਉਸ ਨੂੰ ਜਿਊਾਦਾ ਹਾਂ ਤੇ ਉਸ ਨੂੰ ਅਦਾਕਾਰੀ ਦੇ ਰੂਪ ਵਿਚ ਢਾਲਦਾ ਹਾਂ | ਇਸ ਅਮਲ ਵਿਚ ਮੈਨੂੰ ਦੇਰੀ ਲਗਦੀ ਹੈ | ਸ਼ਾਇਦ ਇਸੇ ਕਰਕੇ ਮੇਰੀਆਂ ਫ਼ਿਲਮਾਂ ਦੇਰ ਨਾਲ ਆਉਂਦੀਆਂ ਹਨ |

• ਪਰ ਫ਼ਿਲਮ ਜਗਤ ਵਿਚ ਬਹੁਤ ਸਾਰੇ ਹੋਰ ਅਦਾਕਾਰ ਹਨ, ਜਿਹੜੇ ਇਕੋ ਸਮੇਂ ਬਹੁਤ ਸਾਰੀਆਂ ਫ਼ਿਲਮਾਂ ਵਿਚ ਕੰਮ ਕਰਦੇ ਹਨ?
¸ਮੈਂ ਦੂਜੇ ਅਦਾਕਾਰਾਂ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ | ਇਹ ਉਨ੍ਹਾਂ ਦੀ ਸਮਰਥਾ ਅਤੇ ਉਨ੍ਹਾਂ ਦੀ ਚੋਣ ਹੈ |

• ਤੁਸੀਂ ਆਪਣੀ ਫ਼ਿਲਮ ਲਈ ਸਕਰਿਪਟ ਦੀ ਚੋਣ ਕਿਵੇਂ ਕਰਦੇ ਹੋ?
¸ਮੇਰਾ ਯਤਨ ਹੁੰਦਾ ਹੈ ਕਿ ਮੇਰੀ ਫ਼ਿਲਮ ਦੀ ਸਕ੍ਰਿਪਟ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇ, ਮਾਨਵੀ ਭਾਵਨਾਵਾਂ ਨੂੰ ਛੂਹਣ ਵਾਲੀ ਹੋਵੇ ਅਤੇ ਇਸ ਦੇ ਨਾਲ-ਨਾਲ ਉਸ ਵਿਚ ਜ਼ਿੰਦਗੀ ਪ੍ਰਤੀ ਕੋਈ ਸੰਦੇਸ਼ ਵੀ ਹੋਵੇ | ਮੈਂ ਹਮੇਸ਼ਾ ਹੀ ਇਹੋ ਜਿਹੀਆਂ ਸਕਰਿਪਟਾਂ ਦੀ ਭਾਲ ਵਿਚ ਰਹਿੰਦਾ ਹਾਂ ਅਤੇ ਜਦੋਂ ਕੋਈ ਅਜਿਹੀ ਸਕਰਿਪਟ ਮੈਨੂੰ ਮਿਲ ਜਾਂਦੀ ਹੈ ਤਾਂ ਮੈਂ ਉਸ ਵਿਚ ਕੰਮ ਕਰਨ ਲਈ ਤਿਆਰ ਹੋ ਜਾਂਦਾ ਹਾਂ |

• ਤੁਹਾਨੂੰ ਐਕਟਿੰਗ ਤੇ ਡਾਇਰੈਕਸ਼ਨ ਵਿਚੋਂ ਕਿਸ ਕੰਮ ਵਿਚ ਵਧੇਰੇ ਸੰਤੁਸ਼ਟੀ ਮਿਲਦੀ ਹੈ?
¸ਇਹ ਦੋਵੇਂ ਕੰਮ ਮੈਨੂੰ ਅਨੰਦ ਦਿੰਦੇ ਹਨ | ਮੈਂ ਆਪਣੀ ਐਕਟਿੰਗ ਦਾ ਵੀ ਅਨੰਦ ਮਾਣਦਾ ਹਾਂ ਅਤੇ ਆਪਣੀ ਡਾਇਰੈਕਸ਼ਨ ਦਾ ਵੀ | ਜਿਸ ਤਰ੍ਹਾਂ ਇਕ ਚੰਗੀ ਫ਼ਿਲਮ ਵਿਚ ਅਦਾਕਾਰੀ ਕਰਕੇ ਮੈਨੂੰ ਸੰਤੁਸ਼ਟੀ ਹੁੰਦੀ ਹੈ, ਉਸੇ ਤਰ੍ਹਾਂ ਇਕ ਚੰਗੀ ਫ਼ਿਲਮ ਦਾ ਨਿਰਦੇਸ਼ਨ ਕਰਨ ਨਾਲ ਵੀ ਮੈਨੂੰ ਖੁਸ਼ੀ ਮਿਲਦੀ ਹੁੰਦੀ ਹੈ |

• ਕੀ ਤੁਹਾਡੇ ਜ਼ਿਹਨ ਵਿਚ ਫ਼ਿਲਮ ਬਣਾਉਣ ਵੇਲੇ ਸਫਲਤਾ ਦਾ ਕੋਈ ਪੈਮਾਨਾ ਹੁੰਦਾ ਹੈ?
¸ਇਸ ਤਰ੍ਹਾਂ ਦਾ ਬਣਿਆ-ਬਣਾਇਆ ਕੋਈ ਪੈਮਾਨਾ ਮੇਰੇ ਸਾਹਮਣੇ ਨਹੀਂ ਹੁੰਦਾ | ਹਾਂ, ਪਰ ਇਕ ਗੱਲ ਜ਼ਰੂਰ ਹੁੰਦੀ ਹੈ ਕਿ ਫ਼ਿਲਮ ਲੋਕਾਂ ਨੂੰ ਆਪਣੇ ਨਾਲ ਜੋੜ ਸਕੇ | ਉਨ੍ਹਾਂ ਦੀਆਂ ਖੁਸ਼ੀਆਂ ਤੇ ਗ਼ਮੀਆਂ ਨਾਲ ਸਾਂਝ ਪੈਦਾ ਕਰ ਸਕੇ |

• ਤੁਸੀਂ 'ਤਾਰੇ ਜ਼ਮੀਨ ਪਰ', 'ਥ੍ਰੀ ਈਡੀਅਟਸ', 'ਰੰਗ ਦੇ ਬਸੰਤੀ', 'ਲਗਾਨ', 'ਕਿਆਮਤ ਸੇ ਕਿਆਮਤ ਤੱਕ' ਅਤੇ 'ਮੰਗਲ ਪਾਂਡੇ' ਆਦਿ ਵੱਖਰੇ-ਵੱਖਰੇ ਵਿਸ਼ਿਆਂ ਨਾਲ ਸਬੰਧਿਤ ਫ਼ਿਲਮਾਂ ਦਰਸ਼ਕਾਂ ਨੂੰ ਦਿੱਤੀਆਂ ਹਨ | ਇਨ੍ਹਾਂ ਵਿਚੋਂ ਕਿਹੜੀ ਫ਼ਿਲਮ ਤੁਹਾਡੇ ਦਿਲ ਦੇ ਵਧੇਰੇ ਨਜ਼ਦੀਕ ਹੈ?
¸ਮੈਨੂੰ ਆਪਣੀਆਂ ਸਾਰੀਆਂ ਫ਼ਿਲਮਾਂ ਚੰਗੀਆਂ ਲਗਦੀਆਂ ਹਨ | ਇਨ੍ਹਾਂ ਵਿਚੋਂ ਕਿਹੜੀ ਵੱਧ ਚੰਗੀ ਹੈ, ਇਸ ਬਾਰੇ ਕੁਝ ਕਹਿਣਾ ਬੜਾ ਔਖਾ ਹੈ | ਪਰ ਫਿਰ ਵੀ ਫ਼ਿਲਮ 'ਤਾਰੇ ਜ਼ਮੀਨ ਪਰ' ਜਿਸ ਨੂੰ ਮੈਂ ਪਹਿਲੀ ਵਾਰ ਨਿਰਦੇਸ਼ਿਤ ਕੀਤਾ ਸੀ, ਮੈਨੂੰ ਆਪਣੇ ਦਿਲ ਦੇ ਵਧੇਰੇ ਨਜ਼ਦੀਕ ਲਗਦੀ ਹੈ | ਇਹ ਫ਼ਿਲਮ ਇਕ ਡਾਇਸਲੈਕਸੀਆ ਬਿਮਾਰੀ ਦਾ ਸ਼ਿਕਾਰ ਬੱਚੇ ਦੀ ਕਹਾਣੀ ਹੈ, ਜਿਸ ਨੂੰ ਸਿੱਖਣ ਵਿਚ ਸਮੱਸਿਆ ਆਉਂਦੀ ਹੈ | ਉਂਜ ਉਹ ਬੱਚਾ ਬੜਾ ਜ਼ਹੀਨ ਹੈ | ਇਸ ਸਮੱਸਿਆ ਨੂੰ ਲੈ ਕੇ ਬਣਾਈ ਗਈ ਫ਼ਿਲਮ ਨਾਲ ਬਹੁਤ ਸਾਰੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਮਨੋਵਿਗਿਆਨਕ ਤੌਰ 'ਤੇ ਸਮਝਣ ਵਿਚ ਬੇਹੱਦ ਸਫਲਤਾ ਮਿਲੀ ਹੈ | ਦੇਸ਼ਾਂ-ਵਿਦੇਸ਼ਾਂ ਤੋਂ ਇਸ ਸਬੰਧੀ ਬੜੇ ਉਤਸ਼ਾਹਜਨਕ ਪ੍ਰਤੀਕਰਮ ਮੈਨੂੰ ਉਸ ਸਮੇਂ ਪ੍ਰਾਪਤ ਹੋਏ ਸਨ |

• ਆਮ ਕਰਕੇ ਮੰੁਬਈ ਫ਼ਿਲਮ ਸਨਅਤ ਦੇ ਸਬੰਧ ਵਿਚ ਕਿਹਾ ਜਾਂਦਾ ਹੈ ਕਿ ਅੱਜਕਲ੍ਹ ਉਥੇ ਚੰਗੇ ਕਹਾਣੀ ਲੇਖਕਾਂ ਅਤੇ ਚੰਗੇ ਗੀਤ ਲੇਖਕਾਂ ਦੀ ਕਮੀ ਮਹਿਸੂਸ ਹੁੰਦੀ ਹੈ | ਇਸ ਸਬੰਧੀ ਤੁਹਾਡੀ ਰਾਇ ਕੀ ਹੈ?
¸ਇਹ ਬਿਲਕੁਲ ਸਹੀ ਗੱਲ ਹੈ | ਸਾਨੂੰ ਚੰਗੀ ਕਹਾਣੀ ਲਿਖਣ ਵਾਲੇ ਲੇਖਕਾਂ ਅਤੇ ਚੰਗੇ ਗੀਤ ਲਿਖਣ ਵਾਲੇ ਸ਼ਾਇਰਾਂ ਦੀ ਕਮੀ ਮਹਿਸੂਸ ਹੁੰਦੀ ਹੈ | ਪਰ ਫਿਰ ਵੀ ਹੌਲੀ-ਹੌਲੀ ਸਥਿਤੀ ਬਦਲ ਰਹੀ ਹੈ | ਬਹੁਤ ਸਾਰੇ ਪ੍ਰਤਿਭਾਵਾਨ ਲੇਖਕ ਅਤੇ ਸ਼ਾਇਰ ਇਸ ਖੇਤਰ ਵਿਚ ਆ ਰਹੇ ਹਨ ਅਤੇ ਜੇਕਰ ਉਨ੍ਹਾਂ ਨੂੰ ਉਨ੍ਹਾਂ ਦੇ ਕੰਮ ਦਾ ਚੰਗਾ ਇਵਜ਼ਾਨਾ ਮਿਲੇ ਤਾਂ ਹੋਰ ਵੀ ਗੁਣਵਾਨ ਲੋਕ ਇਸ ਖੇਤਰ ਵਿਚ ਆ ਸਕਦੇ ਹਨ ਅਤੇ ਚੰਗਾ ਕੰਮ ਕਰ ਸਕਦੇ ਹਨ |

• ਤੁਹਾਨੂੰ ਛੋਟੇ ਤੇ ਵੱਡੇ ਪਰਦੇ ਵਿਚੋਂ ਕਿਹੜਾ ਮਾਧਿਅਮ ਵਧੇਰੇ ਸ਼ਕਤੀਸ਼ਾਲੀ ਲਗਦਾ ਹੈ?
¸ਦੋਵਾਂ ਮਾਧਿਅਮਾਂ ਦੀ ਆਪਣੀ-ਆਪਣੀ ਮਹੱਤਤਾ ਹੈ | ਸਾਡੇ 'ਸਤਿਆਮੇਵ ਜਯਤੇ' ਲੜੀਵਾਰ ਨੂੰ ਦੇਸ਼ ਭਰ ਵਿਚ ਲੋਕਾਂ ਦਾ ਜਿੰਨਾ ਭਰਪੂਰ ਹੁੰਗਾਰਾ ਮਿਲਿਆ, ਉਸ ਤੋਂ ਮੈਨੂੰ ਇਹ ਅਹਿਸਾਸ ਹੋਇਆ ਹੈ ਕਿ ਟੈਲੀਵਿਜ਼ਨ ਦਾ ਮਾਧਿਅਮ ਵੀ ਅੱਜ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਹੈ |

• 'ਸਤਿਆਮੇਵ ਜਯਤੇ' ਲੜੀਵਾਰ ਵਿਚ ਜਿਸ ਤਰ੍ਹਾਂ ਤੁਸੀਂ ਲੋਕਾਂ ਦੇ ਭਖਦੇ ਮਸਲਿਆਂ ਨੂੰ ਛੋਹਿਆ ਹੈ | ਭਰੂਣ ਹੱਤਿਆ, ਪ੍ਰਦੂਸ਼ਣ ਦੀ ਸਮੱਸਿਆ, ਸਿਹਤ ਸਹੂਲਤਾਂ ਦੇ ਵਪਾਰੀਕਰਨ, ਪ੍ਰਵਾਸੀ ਲਾੜਿਆਂ ਵੱਲੋਂ ਲੜਕੀਆਂ ਦੇ ਹੁੰਦੇ ਸ਼ੋਸ਼ਣ, ਪਾਣੀ ਦੀ ਸਮੱਸਿਆ, ਪਿਆਰ ਵਿਆਹਾਂ ਦੇ ਸਬੰਧ ਵਿਚ ਖਾਪ ਪੰਚਾਇਤਾਂ ਦੇ ਰੋਲ ਆਦਿ ਸਬੰਧੀ ਵਿਸ਼ੇ ਲਏ ਹਨ ਅਤੇ ਇਨ੍ਹਾਂ ਵਿਸ਼ਿਆਂ ਦੇ ਹਰ ਪੱਖ ਸਬੰਧੀ ਬੜੀ ਖੋਜ ਭਰਪੂਰ ਜਾਣਕਾਰੀ ਲੋਕਾਂ ਨੂੰ ਬੜੇ ਰੌਚਿਕ ਢੰਗ ਨਾਲ ਮੁਹੱਈਆ ਕੀਤੀ ਹੈ | ਕੀ ਤੁਸੀਂ ਇਨ੍ਹਾਂ ਮਸਲਿਆਂ ਨੂੰ ਹੱਲ ਕਰਵਾਉਣ ਲਈ ਕਦੇ ਰਾਜਨੀਤੀ ਵਿਚ ਵੀ ਆ ਸਕਦੇ ਹੋ?
¸ਮੈਂ ਸੁਪਨੇ ਲੈਣ ਵਾਲਾ ਵਿਅਕਤੀ ਹਾਂ | ਮੈਂ ਚਾਹੁੰਦਾ ਹਾਂ ਕਿ ਹਰ ਜਾਗਰੂਕ ਵਿਅਕਤੀ ਨੂੰ ਵੱਡੇ-ਵੱਡੇ ਸੁਪਨੇ ਲੈਣੇ ਚਾਹੀਦੇ ਹਨ | ਆਪਣੇ ਦੇਸ਼ ਬਾਰੇ, ਆਪਣੇ ਸਮਾਜ ਬਾਰੇ ਅਤੇ ਆਪਣੇ-ਆਪ ਬਾਰੇ | ਆਪਣੇ ਦੇਸ਼ ਅਤੇ ਸਮਾਜ ਬਾਰੇ ਮੇਰੇ ਵੀ ਆਪਣੇ ਸੁਪਨੇ ਹਨ | ਮੈਂ ਚਾਹੁੰਦਾ ਹਾਂ ਕਿ ਇਕ ਨਾ ਇਕ ਦਿਨ ਇਹੋ ਜਿਹੇ ਸਮਾਜ ਦੀ ਸਿਰਜਣਾ ਹੋਵੇ, ਜਿਸ ਵਿਚ ਅਮੀਰਾਂ ਅਤੇ ਗਰੀਬਾਂ ਦਰਮਿਆਨ ਬਹੁਤਾ ਪਾੜਾ ਨਾ ਹੋਵੇ | ਗਰੀਬ ਲੋਕਾਂ ਨੂੰ ਜ਼ਿੰਦਗੀ ਜਿਊਣ ਲਈ ਅਤੇ ਅੱਗੇ ਵਧਣ ਲਈ ਲੋੜੀਂਦੀਆਂ ਸਹੂਲਤਾਂ ਮਿਲਣ | ਪਰ ਇਸ ਦੇ ਨਾਲ-ਨਾਲ ਹੀ ਮੈਂ ਇਸ ਬਾਰੇ ਵੀ ਪੂਰੀ ਤਰ੍ਹਾਂ ਸਪੱਸ਼ਟ ਹਾਂ ਕਿ ਮੇਰਾ ਖੇਤਰ ਸਿਰਫ ਫ਼ਿਲਮਾਂ ਹਨ | ਮੈਂ ਇਸੇ ਮਾਧਿਅਮ ਰਾਹੀਂ ਹੀ ਆਪਣੀ ਗੱਲ ਕਹਿਣ ਦੀ ਕੋਸ਼ਿਸ਼ ਕਰਦਾ ਰਹਾਂਗਾ | ਮੈਂ ਰਾਜਨੀਤੀ ਲਈ ਨਹੀਂ ਬਣਿਆ |

• ਕੀ 'ਸਤਿਆਮੇਵ ਜਯਤੇ' ਲੜੀਵਾਰ ਦੀਆਂ ਕੁਝ ਹੋਰ ਕਿਸ਼ਤਾਂ ਵੀ ਤਿਆਰ ਕਰਨ ਬਾਰੇ ਤੁਸੀਂ ਸੋਚਦੇ ਹੋ?
¸ਅਜਿਹਾ ਮੇਰਾ ਵਿਚਾਰ ਜ਼ਰੂਰ ਹੈ | ਅਗਲੇ ਸਾਲ ਲਗਭਗ ਏਨੀਆਂ ਹੀ ਕਿਸ਼ਤਾਂ ਇਸ ਦੀਆਂ ਮੁੜ ਤਿਆਰ ਕਰਨ ਦੀ ਕੋਸ਼ਿਸ਼ ਕਰਾਂਗੇ |

• ਇਸ ਲੜੀਵਾਰ ਦੀ ਸਫਲਤਾ ਦਾ ਸਿਹਰਾ ਤੁਸੀਂ ਕਿਸ ਨੂੰ ਦਿੰਦੇ ਹੋ?
¸ਕੋਈ ਵੀ ਫ਼ਿਲਮ, ਕੋਈ ਵੀ ਲੜੀਵਾਰ ਇਕ ਟੀਮ ਵਰਕ ਹੁੰਦਾ ਹੈ ਤੇ ਉਸ ਦੀ ਸਫਲਤਾ ਜਾਂ ਅਸਫਲਤਾ ਦਾ ਸਿਹਰਾ ਪੂਰੀ ਟੀਮ ਸਿਰ ਹੀ ਬੱਝਦਾ ਹੈ | ਮੈਂ ਆਪਣੀ ਸਾਰੀ ਟੀਮ ਨੂੰ ਇਸ ਲੜੀਵਾਰ ਦੀ ਸਫਲਤਾ ਦਾ ਸਿਹਰਾ ਦਿੰਦਾ ਹੈ ਅਤੇ ਇਸ ਦੇ ਨਾਲ-ਨਾਲ ਜਿਨ੍ਹਾਂ ਸਮਾਜ ਸੇਵਕਾਂ ਦੀ ਖੋਜ ਦਾ ਅਸੀਂ ਲਾਭ ਉਠਾਇਆ ਹੈ, ਉਨ੍ਹਾਂ ਦੇ ਯੋਗਦਾਨ ਨੂੰ ਵੀ ਮੈਂ ਇਸ ਲੜੀਵਾਰ ਦੀ ਸਫਲਤਾ ਦਾ ਇਕ ਜ਼ਰੂਰੀ ਭਾਗ ਸਮਝਦਾ ਹਾਂ |

• ਤੁਹਾਡੀਆਂ ਅਗਲੀਆਂ ਯੋਜਨਾਵਾਂ ਕੀ ਹਨ?
¸'ਤਲਾਸ਼' ਤੋਂ ਬਾਅਦ ਮੇਰੀ ਅਗਲੀ ਫ਼ਿਲਮ 'ਧੂਮ-3' ਅਤੇ ਇਸ ਤੋਂ ਬਾਅਦ 'ਪੀ ਕੇ' ਆ ਰਹੀ ਹੈ |

• ਕੀ ਤੁਸੀਂ ਆਪਣੇ ਦਰਸ਼ਕਾਂ ਨਾਲ ਇਹ ਵਾਅਦਾ ਕਰਨਾ ਚਾਹੋਗੇ ਕਿ ਘੱਟੋ-ਘੱਟ ਸਾਲ ਵਿਚ ਇਕ ਫ਼ਿਲਮ ਤੁਸੀਂ ਉਨ੍ਹਾਂ ਨੂੰ ਜ਼ਰੂਰ ਦਿਓਗੇ?
¸ਹਾਂ, ਹਾਂ, ਅਜਿਹੀ ਮੇਰੀ ਕੋਸ਼ਿਸ਼ ਰਹੇਗੀ |

• ਜਿਵੇਂ ਕਿ ਤੁਹਾਡੀਆਂ ਬਹੁਤੀਆਂ ਫ਼ਿਲਮਾਂ ਵਿਚ ਕੋਈ ਸਮਾਜਿਕ ਸੰਦੇਸ਼ ਹੁੰਦਾ ਹੈ | ਕੀ 'ਤਲਾਸ਼' ਵਿਚ ਵੀ ਕੋਈ ਅਜਿਹਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ?
¸ਇਹ ਫ਼ਿਲਮ ਮੇਰੇ ਵੱਲੋਂ ਕੀਤੀਆਂ ਪਹਿਲੀਆਂ ਫ਼ਿਲਮਾਂ ਤੋਂ ਥੋੜ੍ਹੀ ਵੱਖਰੀ ਹੈ | ਇਸ ਵਿਚ ਮੇਰਾ ਰੋਲ ਇਕ ਪੁਲਿਸ ਇੰਸਪੈਕਟਰ ਸੁਰਜਨ ਸਿੰਘ ਸ਼ੇਖਾਵਤ ਦਾ ਹੈ | ਰਾਣੀ ਮੁਖਰਜੀ ਇਸ ਵਿਚ ਰੌਸ਼ਨੀ ਦਾ ਕਿਰਦਾਰ ਨਿਭਾਅ ਰਹੀ ਹੈ ਅਤੇ ਕਰੀਨਾ ਕਪੂਰ ਇਸ ਵਿਚ ਰੋਜ਼ੀ ਦਾ ਕਿਰਦਾਰ ਅਦਾ ਕਰ ਰਹੀ ਹੈ | ਮੇਰੇ ਸਮੇਤ ਇਹ ਸਾਰੇ ਕਲਾਕਾਰ ਫ਼ਿਲਮ ਵਿਚ ਕਿਸੇ ਨਾ ਕਿਸੇ ਚੀਜ਼ ਦੀ ਤਲਾਸ਼ ਵਿਚ ਲੱਗੇ ਰਹਿੰਦੇ ਹਨ | ਫ਼ਿਲਮ ਮਨੋਰੰਜਕ ਅਤੇ ਰਹੱਸਮਈ ਹੈ | ਇਸ ਵਿਚ ਉੱਭਰਵੇਂ ਰੂਪ ਵਿਚ ਕੋਈ ਸਮਾਜਿਕ ਸੰਦੇਸ਼ ਤਾਂ ਨਹੀਂ ਹੈ ਪਰ ਇਹ ਮਾਨਵੀ ਸੰਵੇਦਨਾਵਾਂ ਨੂੰ ਜ਼ਰੂਰ ਛੂੰਹਦੀ ਹੈ | ਮੈਂ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਫ਼ਿਲਮ ਦੇ ਆਰੰਭ ਤੋਂ ਲੈ ਕੇ ਅਖੀਰ ਤੱਕ ਦਰਸ਼ਕਾਂ ਦੀ ਇਸ ਵਿਚ ਦਿਲਚਸਪੀ ਬਣੀ ਰਹੇਗੀ |

• ਤੁਹਾਨੂੰ ਪੰਜਾਬ ਤੇ ਪੰਜਾਬੀ ਕਿਹੋ ਜਿਹੇ ਲਗਦੇ ਹਨ?
¸ਪੰਜਾਬ ਮੈਨੂੰ ਬਹੁਤ ਹੀ ਖੂਬਸੂਰਤ ਪ੍ਰਦੇਸ਼ ਲਗਦਾ ਹੈ | ਇਥੋਂ ਦੇ ਲੋਕ ਵੀ ਬਹੁਤ ਹੀ ਖੁੱਲ੍ਹਦਿਲੇ ਅਤੇ ਪਿਆਰ ਕਰਨ ਵਾਲੇ ਹਨ | ਮੈਂ ਆਪਣੀ 'ਰੰਗ ਦੇ ਬਸੰਤੀ' ਫ਼ਿਲਮ ਦੌਰਾਨ ਇਥੇ ਕਈ ਥਾਵਾਂ 'ਤੇ ਸ਼ੂਟਿੰਗ ਕੀਤੀ ਸੀ | ਉਸ ਸਮੇਂ ਦੌਰਾਨ ਮੈਨੂੰ ਪੰਜਾਬੀਆਂ ਤੋਂ ਬੇਹੱਦ ਸਹਿਯੋਗ ਮਿਲਿਆ ਸੀ | ਮੈਨੂੰ ਪੰਜਾਬੀ ਬਹੁਤ ਉਤਸ਼ਾਹੀ ਅਤੇ ਮਿਹਨਤੀ ਲਗਦੇ ਹਨ |

• ਤੁਸੀਂ ਆਪਣਾ ਵਿਹਲਾ ਸਮਾਂ ਕਿਵੇਂ ਗੁਜ਼ਰਦੇ ਹੋ?
¸ਮੈਂ ਆਪਣਾ ਵਿਹਲਾ ਸਮਾਂ ਆਪਣੇ ਪਰਿਵਾਰ ਨਾਲ ਗੁਜ਼ਾਰਨਾ ਪਸੰਦ ਕਰਦਾ ਹਾਂ | ਜਿਸ ਤਰ੍ਹਾਂ ਮੈਨੂੰ ਆਪਣੇ ਕੰਮ ਤੋਂ ਅਨੰਦ ਮਿਲਦਾ ਹੈ, ਇਸੇ ਤਰ੍ਹਾਂ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਕੇ ਮੈਨੂੰ ਵੀ ਬਹੁਤ ਅਨੰਦ ਮਿਲਦਾ ਹੈ |

• ਤੁਹਾਨੂੰ ਫ਼ਿਲਮ ਜਗਤ ਤੋਂ ਚੰਗੀ ਅਦਾਕਾਰੀ ਲਈ ਅਤੇ ਚੰਗੀ ਨਿਰਦੇਸ਼ਨਾ ਲਈ ਬਹੁਤ ਸਾਰੇ ਐਵਾਰਡ ਮਿਲੇ ਹਨ | ਭਾਰਤ ਸਰਕਾਰ ਵੱਲੋਂ ਵੀ ਪਦਮਸ੍ਰੀ ਅਤੇ ਪਦਮ ਭੂਸ਼ਨ ਵਰਗੇ ਐਵਾਰਡ ਮਿਲ ਚੁੱਕੇ ਹਨ | ਫਿਰ ਵੀ ਤੁਹਾਡੇ ਬਾਰੇ ਅਕਸਰ ਇਹ ਕਿਹਾ ਜਾਂਦਾ ਹੈ ਕਿ ਤੁਸੀਂ ਐਵਾਰਡਾਂ ਵਿਚ ਦਿਲਚਸਪੀ ਨਹੀਂ ਰੱਖਦੇ?
¸ਜੇਕਰ ਤੁਹਾਡੇ ਚੰਗੇ ਕੰਮ ਲਈ ਤੁਹਾਨੂੰ ਪ੍ਰਸੰਸਾ ਮਿਲਦੀ ਹੈ ਤਾਂ ਇਹ ਚੰਗੀ ਗੱਲ ਹੈ | ਇਸ ਨਾਲ ਸੰਤੁਸ਼ਟੀ ਮਿਲਦੀ ਹੈ | ਪਰ ਮੈਂ ਇਹ ਜ਼ਰੂਰ ਚਾਹੁੰਦਾ ਹਾਂ ਕਿ ਐਵਾਰਡ ਦੀ ਭਰੋਸੇਯੋਗਤਾ ਹੋਵੇ | ਚੋਣ ਸਹੀ ਤਰੀਕੇ ਨਾਲ ਹੋਵੇ | ਮੈਨੂੰ ਚੇਨੱਈ ਤੋਂ ਗੋਲਾਪੁੜੀ ਐਵਾਰਡ ਪ੍ਰਾਪਤ ਕਰਕੇ ਬੇਹੱਦ ਮਾਣ ਮਹਿਸੂਸ ਹੋਇਆ ਸੀ | ਇਹ ਐਵਾਰਡ ਇਕ ਪਰਿਵਾਰ ਵੱਲੋਂ ਆਪਣੇ ਲੜਕੇ ਸ੍ਰੀਨਿਵਾਸ ਗੋਲਾਪੁੜੀ ਦੀ ਯਾਦ ਵਿਚ ਦਿੱਤਾ ਜਾਂਦਾ ਹੈ, ਜਿਹੜਾ ਕਿ ਆਪਣੀ ਪਹਿਲੀ ਫ਼ਿਲਮ ਬਣਾਉਣ ਸਮੇਂ ਹਾਦਸੇ ਦਾ ਸ਼ਿਕਾਰ ਹੋ ਕੇ ਮਾਰਿਆ ਗਿਆ ਸੀ ਅਤੇ ਉਹ ਆਪਣੀ ਫ਼ਿਲਮ ਪੂਰੀ ਨਹੀਂ ਸੀ ਕਰ ਸਕਿਆ | ਇਹ ਐਵਾਰਡ ਹਰ ਸਾਲ ਅਜਿਹੇ ਨਿਰਦੇਸ਼ਕ ਨੂੰ ਦਿੱਤਾ ਜਾਂਦਾ ਹੈ, ਜੋ ਆਪਣੀ ਪਹਿਲੀ ਫ਼ਿਲਮ ਦੀ ਨਿਰਦੇਸ਼ਨਾ ਕਰਦਾ ਹੈ | ਮੈਨੂੰ ਇਹ ਐਵਾਰਡ 'ਤਾਰੇ ਜ਼ਮੀਨ ਪਰ' ਫ਼ਿਲਮ ਲਈ ਮਿਲਿਆ ਸੀ |

• ਅੱਜਕਲ੍ਹ ਬਣ ਰਹੀਆਂ ਬਹੁਤੀਆਂ ਫ਼ਿਲਮਾਂ ਸ਼ਹਿਰੀ ਜੀਵਨ 'ਤੇ ਆਧਾਰਿਤ ਹਨ, ਜਦੋਂ ਕਿ ਪਹਿਲੇ ਸਮਿਆਂ ਵਿਚ ਦਿਹਾਤੀ ਭਾਰਤੀ ਜੀਵਨ ਬਾਰੇ ਵੀ ਬਹੁਤ ਚੰਗੀਆਂ ਫ਼ਿਲਮਾਂ ਬਣਦੀਆਂ ਸਨ, ਇਸ ਦਾ ਕੀ ਕਾਰਨ ਹੈ?
¸ਬਿਨਾਂ ਸ਼ੱਕ ਅੱਜ ਜ਼ਿਆਦਾ ਮਲਟੀਪਲੈਕਸ ਅਤੇ ਪੀ.ਵੀ.ਆਰ. ਸਿਨੇਮੇ ਸ਼ਹਿਰਾਂ ਵਿਚ ਹਨ | ਇਨ੍ਹਾਂ ਵਿਚ ਫ਼ਿਲਮਾਂ ਦੇਖਣ ਵਾਲੇ ਦਰਸ਼ਕ ਵੀ ਵਧੇਰੇ ਸ਼ਹਿਰੀ ਹੁੰਦੇ ਹਨ | ਇਸ ਕਰਕੇ ਬਹੁਤੇ ਫ਼ਿਲਮ ਬਣਾਉਣ ਵਾਲੇ ਸ਼ਹਿਰੀ ਲੋਕਾਂ ਦੇ ਸਰੋਕਾਰਾਂ ਨੂੰ ਮੁੱਖ ਰੱਖ ਕੇ ਫ਼ਿਲਮ ਬਣਾ ਰਹੇ ਹਨ | ਪਰ ਮੈਂ ਮਹਿਸੂਸ ਕਰਦਾ ਹਾਂ ਕਿ ਦਿਹਾਤੀ ਲੋਕਾਂ ਦੀਆਂ ਸਮੱਸਿਆਵਾਂ ਅਤੇ ਦਿਹਾਤੀ ਲੋਕਾਂ ਦੀ ਜ਼ਿੰਦਗੀ ਦੀਆਂ ਹਕੀਕਤਾਂ ਨੂੰ ਪੇਸ਼ ਕਰਨ ਵਾਲੀਆਂ ਫ਼ਿਲਮਾਂ ਵੀ ਬਣਨੀਆਂ ਚਾਹੀਦੀਆਂ ਹਨ | ਜਿਉਂ-ਜਿਉਂ ਸਿਨੇਮਿਆਂ ਅਤੇ ਫ਼ਿਲਮੀ ਤਕਨੀਕ ਦਾ ਪਿੰਡਾਂ ਤੱਕ ਵਿਸਾਥਾਰ ਹੋਵੇਗਾ, ਲਾਜ਼ਮੀ ਤੌਰ 'ਤੇ ਫ਼ਿਲਮਾਂ ਬਣਾਉਣ ਵਾਲੇ ਦਿਹਾਤੀ ਭਾਰਤ ਦੇ ਲੋਕਾਂ ਦੀ ਜ਼ਿੰਦਗੀ ਨੂੰ ਵੀ ਆਪਣੀਆਂ ਫ਼ਿਲਮਾਂ ਵਿਚ ਪੇਸ਼ ਕਰਨਾ ਜ਼ਰੂਰੀ ਸਮਝਣਗੇ |

 

 

Leave a Comment

Message :

CAPTCHA ImageReload Image
ENTER THE CAPTCHA CODE WRITTEN ABOVE