ਕਿਛੁ ਸੁਣੀਐ ਕਿਛੁ ਕਹੀਐ - ਸਤਨਾਮ ਸਿੰਘ ਮਾਣਕ

'ਭਾਰਤ-ਪਾਕਿਸਤਾਨ ਸਹਿਯੋਗ ਦਾ ਸਭ ਤੋਂ ਵੱਧ ਲਾਭ ਹੋਵੇਗਾ ਦੋਵਾਂ ਪੰਜਾਬਾਂ ਨੂੰ'

ਪੰਜਾਬ ਦੇ ਉਪ-ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨਾਲ \'ਅਜੀਤ\' ਦੀ ਵਿਸ਼ੇਸ਼ ਮੁਲਾਕਾਤ

ਜਿਸ ਤਰ੍ਹਾਂ ਮੌਸਮ ਦੇ ਮਿਜ਼ਾਜ ਬਾਰੇ ਯਕੀਨੀ ਤੌਰ 'ਤੇ ਕੁਝ ਨਹੀਂ ਕਿਹਾ ਜਾ ਸਕਦਾ ਕਿ ਕਿਹੜੇ ਸਮੇਂ ਇਹ ਕੀ ਰੁਖ਼ ਅਖਤਿਆਰ ਕਰੇ, ਇਸੇ ਤਰ੍ਹਾਂ ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ਬਾਰੇ ਵੀ ਕੁਝ ਨਹੀਂ ਕਿਹਾ ਜਾ ਸਕਦਾ | ਫਿਰ ਵੀ 2012 ਦੇ ਸਾਲ ਵਿਚ ਜਿਉਾ-ਜਿਉਾ ਅਸੀਂ ਸਰਦੀ ਦੇ ਮੌਸਮ ਵੱਲ ਵਧ ਰਹੇ ਹਾਂ ਤਿਉਾ-ਤਿਉਾ ਦੋਵਾਂ ਦੇਸ਼ਾਂ ਦੇ ਸਬੰਧਾਂ ਵਿਚ ਗਰਮਾਹਟ ਵਧਦੀ ਜਾ ਰਹੀ ਹੈ | ਪਿਛਲੇ ਕੁੁਝ ਮਹੀਨਿਆਂ ਵਿਚ ਦੋਵਾਂ ਦੇਸ਼ਾਂ ਨੇ ਆਪਸੀ ਵਪਾਰ ਅਤੇ ਸਨਅਤੀ ਸਹਿਯੋਗ ਵਧਾਉਣ ਲਈ ਮਹੱਤਵਪੂਰਨ ਫ਼ੈਸਲੇ ਲਏ ਹਨ | ਇਸ ਸੰਦਰਭ ਵਿਚ ਸਭ ਤੋਂ ਵੱਡਾ ਫ਼ੈਸਲਾ ਭਾਰਤ ਵੱਲੋਂ ਪਾਕਿਸਤਾਨ ਤੋਂ ਸਿੱਧੇ ਪੂੰਜੀ ਨਿਵੇਸ਼ ਨੂੰ ਇਜਾਜ਼ਤ ਦੇਣ ਦਾ ਲਿਆ ਗਿਆ ਹੈ | ਇਸ ਤੋਂ ਇਲਾਵਾ ਦੋਵਾਂ ਦੇਸ਼ਾਂ ਨੇ ਵਪਾਰੀਆਂ, ਸਨਅਤਕਾਰਾਂ ਅਤੇ ਹੋਰ ਵਰਗਾਂ ਦੇ ਯਾਤਰੀਆਂ ਲਈ ਵੀਜ਼ਾ ਨਿਯਮ ਉਦਾਰ ਬਣਾਉਣ ਦਾ ਦੂਜਾ ਅਹਿਮ ਨਿਰਣਾ ਲਿਆ ਹੈ |

ਇਸ ਪ੍ਰਸੰਗ ਵਿਚ ਹੀ ਦੋਵਾਂ ਦੇਸ਼ਾਂ ਦੇ ਵਣਜ ਮੰਤਰੀਆਂ ਵੱਲੋਂ ਇਸਲਾਮਾਬਾਦ ਵਿਚ ਆਪਸੀ ਵਪਾਰ ਅਤੇ ਹੋਰ ਖੇਤਰਾਂ ਵਿਚ ਆਦਾਨ-ਪ੍ਰਦਾਨ ਵਧਾਉਣ ਲਈ ਤਿੰਨ ਸਮਝੌਤਿਆਂ 'ਤੇ ਦਸਤਖ਼ਤ ਕੀਤੇ ਗਏ ਹਨ | ਪਾਕਿਸਤਾਨ ਨੇ ਮੰੁਬਈ 'ਤੇ ਅੱਤਵਾਦੀ ਹਮਲਾ ਕਰਨ ਵਾਲੇ ਲਸ਼ਕਰ-ਏ-ਤਾਇਬਾ ਦੇ ਅੱਤਵਾਦੀ ਜਿਨ੍ਹਾਂ 'ਤੇ ਪਾਕਿਸਤਾਨ ਵਿਚ ਮੁਕੱਦਮਾ ਚੱਲ ਰਿਹਾ ਹੈ, ਨੂੰ ਢੁਕਵੀਆਂ ਸਜ਼ਾਵਾਂ ਦਿਵਾਉਣ ਲਈ ਲੋੜੀਂਦੇ ਕਦਮ ਚੁੱਕਣ ਦਾ ਵੀ ਭਰੋਸਾ ਦਿਵਾਇਆ ਹੈ | ਦੋਵਾਂ ਦੇਸ਼ਾਂ ਵਿਚ ਇਹ ਵੀ ਆਸ ਕੀਤੀ ਜਾ ਰਹੀ ਹੈ ਕਿ ਇਸ ਸਾਲ ਦੇ ਅਖੀਰ ਤੱਕ ਪਾਕਿਸਤਾਨ ਭਾਰਤ ਨੂੰ ਵਪਾਰ ਲਈ ਸਭ ਤੋਂ ਤਰਜੀਹੀ ਦੇਸ਼ ਦਾ ਦਰਜਾ ਦੇ ਦੇਵੇਗਾ ਅਤੇ ਇਸ ਤਰ੍ਹਾਂ ਦੋਵਾਂ ਦੇਸ਼ਾਂ ਦਰਮਿਆਨ ਲਗਭਗ 6 ਹਜ਼ਾਰ ਵਸਤਾਂ ਦਾ ਵਪਾਰ ਹੋ ਸਕੇਗਾ | ਇਸ ਸਮੇਂ ਵਾਹਗਾ-ਅਟਾਰੀ ਸਰਹੱਦ ਰਾਹੀਂ ਸਿਰਫ਼ 137 ਵਸਤਾਂ ਦੇ ਵਪਾਰ ਦੀ ਹੀ ਆਗਿਆ ਹੈ, ਜਦੋਂਕਿ ਮੰੁਬਈ-ਕਰਾਚੀ ਅਤੇ ਹੋਰ ਮਾਰਗਾਂ ਰਾਹੀਂ ਲਗਭਗ 1200 ਵਸਤਾਂ ਦੇ ਵਪਾਰ ਦੀ ਇਸ ਸਮੇਂ ਵਿਵਸਥਾ ਹੈ | ਪਾਕਿਸਤਾਨ ਵੱਲੋਂ ਭਾਰਤ ਨੂੰ ਵਪਾਰ ਲਈ ਤਰਜੀਹੀ ਦਰਜਾ ਦੇਣ ਤੋਂ ਬਾਅਦ ਦੋਵਾਂ ਦੇਸ਼ਾਂ ਦਾ ਵਪਾਰ ਵਧ ਕੇ 2016 ਤੱਕ 10 ਬਿਲੀਅਨ ਡਾਲਰ ਤੱਕ ਪੁੱਜਣ ਦੀ ਆਸ ਕੀਤੀ ਜਾ ਰਹੀ ਹੈ, ਜਦੋਂਕਿ 2011 ਵਿਚ ਇਹ ਵਪਾਰ 2 ਬਿਲੀਅਨ ਡਾਲਰ ਤੱਕ ਹੀ ਪੁੱਜਾ ਸੀ |

 ਦੋਵਾਂ ਦੇਸ਼ਾਂ ਦੇ ਸਬੰਧਾਂ ਵਿਚ ਚੱਲ ਰਹੇ ਇਸ ਹਾਂ-ਪੱਖੀ ਰੁਝਾਨ ਨੂੰ ਹੋਰ ਅੱਗੇ ਵਧਾਉਣ ਲਈ 5 ਨਵੰਬਰ ਨੂੰ ਚੜ੍ਹਦੇ ਪੰਜਾਬ ਦੇ ਉਪ-ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਲਗਭਗ 50 ਮੈਂਬਰੀ ਵਫ਼ਦ ਨੇ ਲਹਿੰਦੇ ਪੰਜਾਬ (ਪਾਕਿਸਤਾਨ) ਦਾ ਦੌਰਾ ਕੀਤਾ | ਇਸ ਵਫ਼ਦ ਵਿਚ ਪੰਜਾਬ ਦੇ 5 ਕੈਬਨਿਟ ਮੰਤਰੀ, 5 ਮੁੱਖ ਸੰਸਦੀ ਸਕੱਤਰ, 2 ਪਾਰਲੀਮੈਂਟ ਮੈਂਬਰ ਅਤੇ 2 ਹੋਰ ਵਿਧਾਇਕ ਸ਼ਾਮਿਲ ਸਨ | ਇਸ ਤੋਂ ਇਲਾਵਾ ਵਫ਼ਦ ਵਿਚ ਚੜ੍ਹਦੇ ਪੰਜਾਬ ਦੇ ਉੱਘੇ ਸਨਅਤਕਾਰ, ਵਪਾਰੀ ਅਤੇ ਸਰਕਾਰੀ ਅਧਿਕਾਰੀ ਵੀ ਸ਼ਾਮਿਲ ਸਨ | ਲਹਿੰਦੇ ਪੰਜਾਬ ਵਿਚ ਉੱਪ-ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਗਏ ਇਸ ਪ੍ਰਭਾਵਸ਼ਾਲੀ ਵਫ਼ਦ ਦੀਆਂ ਕੀ ਪ੍ਰਾਪਤੀਆਂ ਅਤੇ ਸਰਗਰਮੀਆਂ ਰਹੀਆਂ ਇਹ ਜਾਨਣ ਲਈ 'ਅਜੀਤ' ਨੇ ਉਪ-ਮੁੱਖ ਮੰਤਰੀ ਨਾਲ ਅਜੀਤ ਭਵਨ ਵਿਚ ਪਿਛਲੇ ਦਿਨੀਂ ਇਕ ਵਿਸ਼ੇਸ਼ ਮੁਲਾਕਾਤ ਕੀਤੀ ਹੈ, ਜਿਸ ਦੇ ਅਹਿਮ ਅੰਸ਼ ਇਥੇ ਦਿੱਤੇ ਜਾ ਰਹੇ ਹਨ :

• ਲਹਿੰਦੇ ਪੰਜਾਬ ਦੇ ਤੁਹਾਡੇ ਪੰਜ ਦਿਨਾ ਦੌਰੇ ਦੀ ਵਿਸ਼ੇਸ਼ ਪ੍ਰਾਪਤੀ ਕੀ ਰਹੀ ਹੈ, ਕੀ ਇਹ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਹੋਰ ਬਿਹਤਰ ਬਣਾਉਣ ਅਤੇ ਖਾਸ ਕਰਕੇ ਦੋਵਾਂ ਪੰਜਾਬਾਂ ਦੇ ਲੋਕਾਂ ਨੂੰ ਨੇੜੇ-ਨੇੜੇ ਲਿਆਉਣ ਲਈ ਕੋਈ ਆਧਾਰ ਤਿਆਰ ਕਰ ਸਕਿਆ ਹੈ?
-ਮੈਂ ਸਮਝਦਾ ਹਾਂ ਕਿ ਸਾਡੇ ਇਸ ਦੌਰੇ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਰਹੀ ਹੈ ਕਿ ਲਾਹੌਰ ਤੋਂ ਨਨਕਾਣਾ ਸਾਹਿਬ ਤੱਕ ਪਾਕਿਸਤਾਨ ਵਿਚ ਵਿਚਰਦਿਆਂ ਮੈਨੂੰ ਇਹ ਅਹਿਸਾਸ ਹੋਇਆ ਹੈ ਕਿ ਪਾਕਿਸਤਾਨ ਦੇ ਲੋਕ ਅੱਤਵਾਦ ਤੋਂ ਬਦਜਨ ਹੋ ਚੁੱਕੇ ਹਨ ਅਤੇ ਉਹ ਭਾਰਤ ਨਾਲ ਬਿਹਤਰ ਸਬੰਧ ਬਣਾਉਣ ਲਈ ਉਸੇ ਤਰ੍ਹਾਂ ਤਤਪਰ ਹਨ, ਜਿਸ ਤਰ੍ਹਾਂ ਸਾਡੇ ਦੇਸ਼ ਦੇ ਲੋਕ | ਸਾਡੀ ਇਸ ਫੇਰੀ ਨੇ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਹੋਰ ਬਿਹਤਰ ਬਣਾਉਣ ਅਤੇ ਖਾਸ ਕਰਕੇ ਦੋਵਾਂ ਪੰਜਾਬਾਂ ਵਿਚ ਵਪਾਰਕ, ਸਨਅਤੀ, ਸੱਭਿਆਚਾਰਕ ਅਤੇ ਖੇਡਾਂ ਦੇ ਖੇਤਰ ਵਿਚ ਸਹਿਯੋਗ ਵਧਾਉਣ ਲਈ ਇਕ ਆਧਾਰ ਤਿਆਰ ਕੀਤਾ ਹੈ, ਭਾਵੇਂ ਕਿ ਇਸ ਸਬੰਧੀ ਸਾਡੇ ਵੱਲੋਂ ਇਕ-ਦੂਜੇ ਸਾਹਮਣੇ ਰੱਖੀਆਂ ਗਈਆਂ ਤਜਵੀਜ਼ਾਂ ਬਾਰੇ ਕੋਈ ਵੀ ਅੰਤਿਮ ਫ਼ੈਸਲਾ ਦੋਵਾਂ ਦੇਸ਼ਾਂ ਦੀਆਂ ਕੇਂਦਰੀ ਸਰਕਾਰਾਂ ਵੱਲੋਂ ਹੀ ਲਿਆ ਜਾਵੇਗਾ |

• ਦੋਵਾਂ ਪੰਜਾਬਾਂ ਦਰਮਿਆਨ ਆਪਸੀ ਸਹਿਯੋਗ ਲਈ ਲਹਿੰਦੇ ਪੰਜਾਬ ਦੇ ਸੱਤਾਧਾਰੀ ਆਗੂਆਂ ਅਤੇ ਉਥੋਂ ਦੇ ਵਪਾਰੀਆਂ ਤੇ ਸਨਅਤਕਾਰਾਂ ਨਾਲ ਤੁਹਾਡੇ ਕਿਹੋ ਜਿਹੇ ਵਿਚਾਰ-ਵਟਾਂਦਰੇ ਹੋਏ ਹਨ?
¸ਇਸ ਦੌਰੇ ਦੌਰਾਨ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਅਗਵਾਈ ਵਿਚ ਉਥੋਂ ਦੇ ਅਹਿਮ ਮੰਤਰੀਆਂ ਅਤੇ ਅਧਿਕਾਰੀਆਂ ਨਾਲ ਗੱਲਬਾਤ ਹੋਈ ਹੈ | ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੇ ਪ੍ਰਧਾਨ ਅਤੇ ਸਾਬਕ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨਾਲ ਅਤੇ ਲਹਿੰਦੇ ਪੰਜਾਬ ਦੇ ਪੀਪਲਜ਼ ਪਾਰਟੀ ਦੇ ਅਤੇ ਮੁਸਲਿਮ ਲੀਗ (ਕਾਇਦੇ-ਆਜ਼ਮ) ਦੇ ਆਗੂਆਂ ਨਾਲ ਵੀ ਵਿਚਾਰਾਂ ਹੋਈਆਂ ਹਨ | ਦੋਵਾਂ ਪੰਜਾਬਾਂ ਵਿਚ ਵਪਾਰਕ ਆਦਾਨ-ਪ੍ਰਦਾਨ ਵਧਾਉਣ ਲਈ ਪੰਜਾਬ ਦੇ 'ਚੈਂਬਰ ਆਫ ਕਾਮਰਸ ਐਾਡ ਇੰਡਸਟਰੀ' (ਪੀ. ਐਚ. ਡੀ.) ਚੈਪਟਰ ਅਤੇ ਲਾਹੌਰ ਦੇ 'ਚੈਂਬਰ ਆਫ ਕਾਮਰਸ ਐਾਡ ਇੰਡਸਟਰੀ' ਦਰਮਿਆਨ ਇਕ ਸਮਝੌਤੇ 'ਤੇ ਦਸਤਖ਼ਤ ਹੋਏ ਹਨ | ਦੋਵਾਂ ਪੰਜਾਬਾਂ ਦੇ ਵਪਾਰੀਆਂ ਅਤੇ ਸਨਅਤਕਾਰਾਂ ਦੀਆਂ ਇਹ ਸੰਸਥਾਵਾਂ ਮਿਲ ਕੇ ਆਪਸੀ ਵਪਾਰਕ ਅਤੇ ਸਨਅਤੀ ਆਦਾਨ-ਪ੍ਰਦਾਨ ਵਧਾਉਣ ਲਈ ਕੰਮ ਕਰਨਗੀਆਂ | ਇਸ ਤੋਂ ਇਲਾਵਾ ਲਹਿੰਦੇ ਪੰਜਾਬ ਦੀ ਟੈਕਸਟਾਈਲ ਸਨਅਤ ਨਾਲ ਸੰਬੰਧਿਤ ਸੰਸਥਾ 'ਆਲ ਪਾਕਿਸਤਾਨ ਟੈਕਸਟਾਈਲ ਮੈਨੂਫੈਕਚਰਰਜ਼ ਐਸੋਸੀਏਸ਼ਨ' (ਏ. ਪੀ. ਟੀ. ਐਮ. ਏ.) ਵੱਲੋਂ ਆਯੋਜਿਤ ਕੀਤੇ ਗਏ ਸਮਾਗਮ ਵਿਚ ਵੀ ਸਾਡਾ ਵਫ਼ਦ ਸ਼ਾਮਿਲ ਹੋਇਆ ਹੈ ਅਤੇ ਉਨ੍ਹਾਂ ਨਾਲ ਖੁੱਲ੍ਹੀਆਂ ਵਿਚਾਰਾਂ ਕੀਤੀਆਂ ਗਈਆਂ ਹਨ ਕਿ ਦੋਵੇਂ ਪੰਜਾਬ ਟੈਕਸਟਾਈਲ ਦੇ ਖੇਤਰ ਵਿਚ ਮਿਲ ਕੇ ਕਿਸ ਤਰ੍ਹਾਂ ਕੰਮ ਕਰ ਸਕਦੇ ਹਨ, ਕਿਉਂਕਿ ਅਸੀਂ ਵੀ ਮਾਲਵੇ ਵਿਚ ਟੈਕਸਟਾਈਲ ਪਾਰਕ ਬਣਾਉਣ ਦੀ ਯੋਜਨਾ ਬਣਾ ਰਹੇ ਹਾਂ | ਇਥੇ ਇਹ ਵੀ ਵਰਨਣਯੋਗ ਹੈ ਕਿ ਪਾਕਿਸਤਾਨ ਦੀ ਕੁੱਲ ਬਰਾਮਦ ਵਿਚ 70 ਫ਼ੀਸਦੀ ਯੋਗਦਾਨ ਉਥੋਂ ਦੀ ਟੈਕਸਟਾਈਲ ਸਨਅਤ ਦਾ ਹੈ |

• ਦੋਵਾਂ ਪੰਜਾਬਾਂ ਵਿਚਕਾਰ ਵੱਖ-ਵੱਖ ਖੇਤਰਾਂ ਵਿਚ ਆਪਸੀ ਲੈਣ-ਦੇਣ ਵਧਾਉਣ ਲਈ ਹੋਰ ਕੀ ਤਜਵੀਜ਼ਾਂ ਸਾਹਮਣੇ ਆਈਆਂ?
¸ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ਼ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ ਹੋਰ ਸੀਨੀਅਰ ਸਾਥੀਆਂ ਅਤੇ ਅਧਿਕਾਰੀਆਂ ਨਾਲ ਹੋਈ ਗੱਲਬਾਤ ਵਿਚ ਇਹ ਸਹਿਮਤੀ ਬਣੀ ਹੈ ਕਿ ਦੋਵਾਂ ਪੰਜਾਬਾਂ ਵਿਚਕਾਰ ਵੱਖ-ਵੱਖ ਖੇਤਰਾਂ ਵਿਚ ਸਹਿਯੋਗ ਵਧਾਉਣ ਲਈ ਅਤੇ ਅਜਿਹੇ ਸਹਿਯੋਗ ਲਈ ਨਵੇਂ-ਨਵੇਂ ਖੇਤਰਾਂ ਦੀ ਨਿਸ਼ਾਨਦੇਹੀ ਕਰਨ ਲਈ ਇਕ 20-ਮੈਂਬਰੀ ਤਾਲਮੇਲ ਕਮੇਟੀ ਬਣਾਈ ਜਾਵੇ ਅਤੇ ਜਿਸ ਦੀਆਂ ਹਰ ਦੋ ਮਹੀਨੇ ਬਾਅਦ ਇਕ ਜਾਂ ਦੂਜੇ ਦੇਸ਼ ਵਿਚ ਮੀਟਿੰਗਾਂ ਹੋਇਆ ਕਰਨ | ਲਹਿੰਦੇ ਪੰਜਾਬ ਦੀ ਸਰਕਾਰ ਨੇ ਆਪਣੇ ਵੱਲੋਂ 10 ਮੈਂਬਰਾਂ ਦੇ ਨਾਂਅ ਦੇ ਦਿੱਤੇ ਹਨ | ਸਾਡੇ ਵੱਲੋਂ ਵੀ 10 ਮੈਂਬਰਾਂ ਦੇ ਨਾਂਅ ਦੇ ਦਿੱਤੇ ਗਏ ਹਨ ਪਰ ਇਸ ਸਬੰਧੀ ਰਸਮੀ ਤੌਰ 'ਤੇ ਅੰਤਿਮ ਸਹਿਮਤੀ ਦੋਵਾਂ ਦੇਸ਼ਾਂ ਦੀਆਂ ਕੇਂਦਰੀ ਸਰਕਾਰਾਂ ਵੱਲੋਂ ਦਿੱਤੀ ਜਾਏਗੀ | ਸਾਡੀ ਗੱਲਬਾਤ ਦਰਮਿਆਨ ਇਹ ਵੀ ਸਹਿਮਤੀ ਹੋਈ ਹੈ ਕਿ ਹਰ ਦੋ ਸਾਲਾਂ ਬਾਅਦ ਦੋਵਾਂ ਪੰਜਾਬਾਂ ਦਰਮਿਆਨ 'ਚੈਂਪੀਅਨ ਕੱਪ' ਦੇ ਸਿਰਲੇਖ ਹੇਠ ਖੇਡ ਮੁਕਾਬਲੇ ਕਰਵਾਏ ਜਾਣ, ਜਿਸ ਵਿਚ ਕਬੱਡੀ, ਹਾਕੀ, ਕ੍ਰਿਕਟ ਅਤੇ ਹੋਰ ਖੇਡਾਂ ਨੂੰ ਸ਼ਾਮਿਲ ਕੀਤਾ ਜਾ ਸਕਦਾ ਹੈ |

• ਜਿਸ ਤਰ੍ਹਾਂ ਤੁਹਾਡੀ ਅਗਵਾਈ ਵਿਚ ਚੜ੍ਹਦੇ ਪੰਜਾਬ ਤੋਂ ਇਕ ਵੱਡਾ ਵਫ਼ਦ ਲਹਿੰਦੇ ਪੰਜਾਬ ਗਿਆ ਸੀ, ਇਸੇ ਤਰ੍ਹਾਂ ਲਹਿੰਦੇ ਪੰਜਾਬ ਵੱਲੋਂ ਵੀ ਨੇੜ-ਭਵਿੱਖ ਵਿਚ ਕਿਸੇ ਵਫ਼ਦ ਦੇ ਇਧਰ ਆਉਣ ਦੀ ਸੰਭਾਵਨਾ ਹੈ?
¸ਹਾਂ, ਬਿਲਕੁਲ | ਲਹਿੰਦੇ ਪੰਜਾਬ ਦੇ ਮੰਤਰੀਆਂ, ਅਧਿਕਾਰੀਆਂ, ਵਪਾਰੀਆਂ ਅਤੇ ਸਨਅਤਕਾਰਾਂ ਦਾ ਇਕ ਵਫ਼ਦ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਅਗਵਾਈ ਵਿਚ 15 ਦਸੰਬਰ ਨੂੰ ਚੜ੍ਹਦੇ ਪੰਜਾਬ ਆ ਰਿਹਾ ਹੈ | ਇਸ ਵਫ਼ਦ ਨਾਲ ਵਪਾਰਕ, ਸਨਅਤੀ, ਸੱਭਿਆਚਾਰਕ ਅਤੇ ਹੋਰ ਖੇਤਰਾਂ ਵਿਚ ਆਪਸੀ ਸਹਿਯੋਗ ਲਈ ਹੋਰ ਦੀਰਘ ਵਿਚਾਰਾਂ ਹੋਣਗੀਆਂ | ਇਸ ਤੋਂ ਇਲਾਵਾ ਇਹ ਵਫ਼ਦ ਸਾਡੇ ਵੱਲੋਂ ਕਰਵਾਏ ਜਾ ਰਹੇ ਵਰਲਡ ਕਬੱਡੀ ਕੱਪ ਟੂਰਨਾਮੈਂਟ ਵਿਚ ਵੀ ਸ਼ਿਰਕਤ ਕਰੇਗਾ | ਇਸ ਵਫ਼ਦ ਨਾਲ ਅਰਥ ਭਰਪੂਰ ਗੱਲਬਾਤ ਕਰਨ ਲਈ ਚੜ੍ਹਦੇ ਪੰਜਾਬ ਦੇ ਵਪਾਰੀਆਂ ਤੇ ਸਨਅਤਕਾਰਾਂ ਨਾਲ ਵਿਚਾਰ-ਚਰਚਾ ਕਰਕੇ ਇਕ ਏਜੰਡਾ ਤਿਆਰ ਕੀਤਾ ਜਾਏਗਾ |

• ਪਾਕਿਸਤਾਨ ਵਿਚ ਇਸ ਸਮੇਂ ਹਿੰਦੂ ਤੇ ਸਿੱਖ ਘੱਟ-ਗਿਣਤੀ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਪੇਸ਼ ਹਨ | ਇਸ ਸਬੰਧੀ ਵੀ ਲਹਿੰਦੇ ਪੰਜਾਬ ਦੀ ਸਰਕਾਰ ਨਾਲ ਕੋਈ ਗੱਲ ਹੋਈ ਹੈ?
¸ਸਰਬਜੀਤ ਸਿੰਘ ਦੀ ਰਿਹਾਈ ਸਮੇਤ ਇਹ ਮਸਲੇ ਵੀ ਸਾਡੇ ਵੱਲੋਂ ਉਠਾਏ ਗਏ ਹਨ |

• ਸੁਖਬੀਰ ਜੀ, ਇਕ ਗੱਲ ਸਾਨੂੰ ਸਮਝਣੀ ਚਾਹੀਦੀ ਹੈ ਕਿ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੀਆਂ ਦੋਵਾਂ ਸੂਬਾਈ ਸਰਕਾਰਾਂ ਦੀਆਂ ਆਪਸੀ ਸਹਿਯੋਗ ਦੀਆਂ ਯੋਜਨਾਵਾਂ ਭਾਵੇਂ ਕਿੰਨੀਆਂ ਵੀ ਚੰਗੀਆਂ ਕਿਉਂ ਨਾ ਹੋਣ ਪਰ ਇਹ ਸਿਰੇ ਤਾਂ ਹੀ ਲੱਗਣਗੀਆਂ ਜੇਕਰ ਦੋਵਾਂ ਦੇਸ਼ਾਂ ਦੀਆਂ ਕੇਂਦਰੀ ਸਰਕਾਰਾਂ ਇਨ੍ਹਾਂ ਦਾ ਸਮਰਥਨ ਕਰਨਗੀਆਂ ਅਤੇ ਇਸ ਸਬੰਧੀ ਲੋੜੀਂਦੇ ਫ਼ੈਸਲੇ ਲੈਣਗੀਆਂ?
¸ਹਾਂ, ਬਿਲਕੁਲ ਸਹੀ ਗੱਲ ਹੈ | ਸਾਨੂੰ ਆਪਣੀਆਂ ਸੀਮਾਵਾਂ ਦਾ ਪਤਾ ਹੈ | ਇਸੇ ਕਰਕੇ ਲਹਿੰਦੇ ਪੰਜਾਬ ਦੀ ਸਰਕਾਰ ਵਿਚਾਰ-ਵਟਾਂਦਰੇ ਦਰਮਿਆਨ ਸਾਹਮਣੇ ਆਈਆਂ ਤਜਵੀਜ਼ਾਂ ਆਪਣੀ ਸਰਕਾਰ ਸਾਹਮਣੇ ਰੱਖੇਗੀ | ਅਸੀਂ ਇਹ ਸਾਰੀਆਂ ਤਜਵੀਜ਼ਾਂ ਆਪਣੀ ਕੇਂਦਰੀ ਸਰਕਾਰ ਸਾਹਮਣੇ ਰੱਖਾਂਗੇ | ਆਪਣੇ ਦੌਰੇ ਸਬੰਧੀ ਮੈਂ ਸਾਰੀ ਰਿਪੋਰਟ ਪ੍ਰਧਾਨ ਮੰਤਰੀ ਅਤੇ ਦੇਸ਼ ਦੇ ਵਣਜ ਮੰਤਰੀ ਕੋਲ ਸਮਾਂ ਲੈ ਕੇ ਪੇਸ਼ ਕਰਾਂਗਾ | ਜਿਸ ਤਰ੍ਹਾਂ ਪਿਛਲੇ ਕੁਝ ਸਮੇਂ ਤੋਂ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਆਪਸੀ ਸਹਿਯੋਗ ਵਧਾਉਣ ਲਈ ਨਿਰਣੇ ਲੈ ਰਹੀਆਂ ਹਨ, ਉਸ ਨੂੰ ਮੁੱਖ ਰੱਖਦਿਆਂ ਮੈਨੂੰ ਕਾਫੀ ਆਸ ਹੈ ਕਿ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਪੰਜਾਬ-ਪੰਜਾਬ ਸਹਿਯੋਗ ਵਿਚ ਕੋਈ ਬਹੁਤੀ ਵੱਡੀ ਰੁਕਾਵਟ ਨਹੀਂ ਆਏਗੀ |

• ਆਪਣੇ ਦੌਰੇ ਦੌਰਾਨ ਤੁਹਾਨੂੰ ਲਾਹੌਰ ਤੇ ਲਾਹੌਰ ਤੋਂ ਬਾਹਰ ਹੋਰ ਕਿੱਥੇ-ਕਿੱਥੇ ਜਾਣ ਦਾ ਮੌਕਾ ਮਿਲਿਆ ਅਤੇ ਲੋਕਾਂ ਦਾ ਤੁਹਾਡੇ ਵਫ਼ਦ ਪ੍ਰਤੀ ਕਿਸ ਤਰ੍ਹਾਂ ਦਾ ਹੁੰਗਾਰਾ ਰਿਹਾ?
¸ਇਸ ਦੌਰੇ ਦੌਰਾਨ ਸਾਡੇ ਵਫ਼ਦ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਅਸਥਾਨ ਡੇਰਾ ਸਾਹਿਬ ਲਾਹੌਰ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਜਾਣ ਦਾ ਮੌਕਾ ਮਿਲਿਆ | ਇਨ੍ਹਾਂ ਦੋਵਾਂ ਅਸਥਾਨਾਂ 'ਤੇ ਅਸੀਂ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ | ਲਾਹੌਰ ਦਾ ਸ਼ਾਹੀ ਕਿਲ੍ਹਾ ਵੀ ਅਸੀਂ ਦੇਖਣ ਗਏ | ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨਾਲ ਸੰਬੰਧਿਤ ਇਤਿਹਾਸਕ ਵਸਤਾਂ ਦੇ ਦਰਸ਼ਨ ਕੀਤੇ ਅਤੇ ਕਿਲ੍ਹੇ ਵਿਚ ਸਥਿਤ ਗੁਰਦੁਆਰਾ ਸਾਹਿਬ ਵੀ ਗਏ ਜਿਥੇ ਮਹਾਰਾਜਾ ਰਣਜੀਤ ਸਿੰਘ ਆਪਣੀ ਅਕੀਦਤ ਦੇ ਫੁੱਲ ਭੇਟ ਕਰਿਆ ਕਰਦੇ ਸਨ | ਜਿਥੋਂ ਤੱਕ ਪਾਕਿਸਤਾਨ ਦੇ ਆਮ ਲੋਕਾਂ ਦਾ ਸਬੰਧ ਹੈ, ਉਨ੍ਹਾਂ ਵੱਲੋਂ ਸਾਡੇ ਵਫ਼ਦ ਨੂੰ ਬਹੁਤ ਜ਼ਿਆਦਾ ਪਿਆਰ ਅਤੇ ਸਤਿਕਾਰ ਦਿੱਤਾ ਗਿਆ | 5 ਨਵੰਬਰ ਨੂੰ ਪਾਕਿਸਤਾਨ ਅੰਦਰ ਦਾਖ਼ਲ ਹੁੰਦਿਆਂ ਸਾਰ ਹੀ ਸਾਡੇ ਵਫ਼ਦ 'ਤੇ ਗੁਲਾਬ ਦੇ ਫੁੱਲਾਂ ਦੀ ਬਾਰਿਸ਼ ਕੀਤੀ ਗਈ | ਲਾਹੌਰ ਵਿਚ ਉਨ੍ਹਾਂ ਦਿਨਾਂ ਵਿਚ 26 ਦੇਸ਼ਾਂ ਦਾ ਗੱਦਾਫੀ ਸਟੇਡੀਅਮ ਵਿਚ ਇਕ ਯੂਥ ਫੈਸਟੀਵਲ ਚੱਲ ਰਿਹਾ ਸੀ | ਇਸ ਦੇ ਇਕ ਸਮਾਰੋਹ ਵਿਚ ਸਾਡੇ ਵਫ਼ਦ ਨੇ ਸ਼ਿਰਕਤ ਕੀਤੀ | ਉਸ ਸਮੇਂ ਸਟੇਡੀਅਮ ਵਿਚ ਹਜ਼ਾਰਾਂ ਪਾਕਿਸਤਾਨੀ ਲੋਕ ਅਤੇ ਖਾਸ ਕਰਕੇ ਨੌਜਵਾਨ ਬੈਠੇ ਸਨ | ਉਥੇ ਮੈਨੂੰ ਪਾਕਿਸਤਾਨ ਦੇ ਲੋਕਾਂ ਨੂੰ ਸੰਬੋਧਨ ਕਰਨ ਦਾ ਮੌਕਾ ਦਿੱਤਾ ਗਿਆ | ਮੇਰੀ ਇਕ-ਇਕ ਗੱਲ 'ਤੇ ਪਾਕਿਸਤਾਨ ਦੇ ਲੋਕਾਂ ਨੇ ਜ਼ੋਰਦਾਰ ਤਾੜੀਆਂ ਵਜਾ ਕੇ ਆਪਣੇ ਜਜ਼ਬਾਤ ਦਾ ਪ੍ਰਗਟਾਵਾ ਕੀਤਾ | ਸਾਨੂੰ ਇਹ ਜਾਣ ਕੇ ਬੇਹੱਦ ਖੁਸ਼ੀ ਹੋਈ ਕਿ ਪਾਕਿਸਤਾਨ ਦੇ ਆਮ ਲੋਕ ਤੇ ਖਾਸ ਕਰਕੇ ਨੌਜਵਾਨ ਵੀ ਭਾਰਤ ਨਾਲ ਬਿਹਤਰ ਰਿਸ਼ਤੇ ਚਾਹੁੰਦੇ ਹਨ | ਅਸੀਂ ਜਿਥੇ ਵੀ ਜਾਂਦੇ ਸਾਂ, ਸੜਕ ਦੇ ਦੋਵੀਂ ਪਾਸੇ ਲੋਕ ਇਕੱਠੇ ਹੋ ਜਾਂਦੇ ਸਨ ਅਤੇ ਸਾਡੇ ਵਫ਼ਦ ਵੱਲ ਬੜੇ ਪਿਆਰ ਨਾਲ ਹੱਥ ਹਿਲਾਉਂਦੇ ਸਨ | ਫੂਡ ਸਟਰੀਟ ਵਿਚ ਵੀ ਲੋਕਾਂ ਦਾ ਅਜਿਹਾ ਹੀ ਪਿਆਰ ਦੇਖਣ ਨੂੰ ਮਿਲਿਆ |

• ਸੁਖਬੀਰ ਜੀ, ਦੋਵਾਂ ਪੰਜਾਬਾਂ ਦਰਮਿਆਨ ਆਪਸੀ ਸਹਿਯੋਗ ਵਧਾਉਣ ਲਈ ਸਭ ਤੋਂ ਵੱਡੀ ਸਮੱਸਿਆ ਵੀਜ਼ਿਆਂ ਦੀ ਆਉਂਦੀ ਹੈ | ਚੜ੍ਹਦੇ ਪੰਜਾਬ ਦੇ ਲੋਕਾਂ ਨੂੰ ਵੀਜ਼ੇ ਲੁਆਉਣ ਲਈ ਤਿੰਨ-ਚਾਰ ਸੌ ਕਿਲੋਮੀਟਰ ਦਾ ਸਫਰ ਤੈਅ ਕਰਕੇ ਦਿੱਲੀ ਜਾਣਾ ਪੈਂਦਾ ਹੈ ਅਤੇ ਲਹਿੰਦੇ ਪੰਜਾਬ ਦੇ ਲੋਕਾਂ ਨੂੰ ਏਨਾ ਹੀ ਸਫ਼ਰ ਤੈਅ ਕਰਕੇ ਇਸਲਾਮਾਬਾਦ ਜਾਣਾ ਪੈਂਦਾ ਹੈ | ਇਸ ਸਮੱਸਿਆ ਨੂੰ ਹੱਲ ਕਰਨ ਲਈ ਤੁਹਾਡੀ ਲਹਿੰਦੇ ਪੰਜਾਬ ਦੇ ਸੱਤਾਧਾਰੀ ਆਗੂਆਂ ਨਾਲ ਕੋਈ ਗੱਲਬਾਤ ਹੋਈ ਹੈ?
¸ਬਿਲਕੁਲ, ਮੈਂ ਤਾਂ ਪਾਕਿਸਤਾਨ ਜਾਣ ਤੋਂ ਪਹਿਲਾਂ ਹੀ ਭਾਰਤ ਦੇ ਗ੍ਰਹਿ ਮੰਤਰੀ ਨੂੰ ਇਕ ਪੱਤਰ ਲਿਖਿਆ ਸੀ ਕਿ ਪਾਕਿਸਤਾਨ ਦਾ ਇਕ ਵੀਜ਼ਾ ਦਫ਼ਤਰ ਅੰਮਿ੍ਤਸਰ ਖੋਲਿ੍ਹਆ ਜਾਵੇ ਅਤੇ ਇਸੇ ਤਰ੍ਹਾਂ ਭਾਰਤ ਦਾ ਇਕ ਵੀਜ਼ਾ ਦਫ਼ਤਰ ਲਾਹੌਰ ਖੋਲ੍ਹਣਾ ਚਾਹੀਦਾ ਹੈ, ਤਾਂ ਜੋ ਦੋਵਾਂ ਪੰਜਾਬਾਂ ਦੇ ਲੋਕ ਆਸਾਨੀ ਨਾਲ ਆਪਣੇ ਰਾਜਾਂ ਦੇ ਅੰਦਰ ਹੀ ਵੀਜ਼ੇ ਹਾਸਲ ਕਰਨ ਲਈ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾ ਸਕਣ ਅਤੇ ਵੀਜ਼ੇ ਹਾਸਲ ਕਰ ਸਕਣ | ਇਸ ਸਬੰਧੀ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਜਨਾਬ ਸ਼ਾਹਬਾਜ਼ ਸ਼ਰੀਫ਼ ਨਾਲ ਵੀ ਗੱਲਬਾਤ ਹੋਈ ਹੈ | ਉਹ ਖ਼ੁਦ ਵੀ ਇਸ ਸਮੱਸਿਆ ਨੂੰ ਸਮਝਦੇ ਹਨ ਅਤੇ ਉਨ੍ਹਾਂ ਨੇ ਸਾਨੂੰ ਭਰੋਸਾ ਦਿਵਾਇਆ ਹੈ ਕਿ ਆਪਣੀ ਕੇਂਦਰੀ ਸਰਕਾਰ ਨਾਲ ਇਹ ਮਸਲਾ ਉਹ ਪਹਿਲ ਦੇ ਆਧਾਰ 'ਤੇ ਉਠਾਉਣਗੇ |

• ਜਿਸ ਤਰ੍ਹਾਂ ਤੁਸੀਂ ਸੋਚਦੇ ਹੋ, ਜੇ ਦੋਵਾਂ ਦੇਸ਼ਾਂ ਦਰਮਿਆਨ ਵਪਾਰਕ ਅਤੇ ਸਨਅਤੀ ਸਹਿਯੋਗ ਵਧਦਾ ਹੈ ਤਾਂ ਦੋਵਾਂ ਪੰਜਾਬਾਂ ਨੂੰ ਇਸ ਵਿਚ ਕਿੰਨਾ ਕੁ ਫਾਇਦਾ ਹੋ ਸਕਦਾ ਹੈ?
¸ਮੇਰਾ ਖਿਆਲ ਹੈ ਕਿ ਜੇਕਰ ਦੋਵਾਂ ਦੇਸ਼ਾਂ ਦਰਮਿਆਨ ਆਪਸੀ ਲੈਣ-ਦੇਣ ਵਧਦਾ ਹੈ ਤਾਂ ਸਭ ਤੋਂ ਵੱਧ ਫਾਇਦਾ ਦੋਵਾਂ ਪੰਜਾਬਾਂ ਨੂੰ ਹੋਵੇਗਾ | ਇਸ ਤੋਂ ਇਲਾਵਾ ਚੜ੍ਹਦੇ ਪੰਜਾਬ ਦੇ ਨਾਲ ਲਗਦੇ ਹੋਰ ਰਾਜ ਹਰਿਆਣਾ, ਹਿਮਾਚਲ ਅਤੇ ਦਿੱਲੀ, ਇਕ ਤਰ੍ਹਾਂ ਉਤਰੀ ਭਾਰਤ ਦੇ ਸਾਰੇ ਖਿੱਤੇ ਨੂੰ ਵਪਾਰਕ ਅਤੇ ਸਨਅਤੀ ਤੌਰ 'ਤੇ ਬਹੁਤ ਜ਼ਿਆਦਾ ਫਾਇਦਾ ਹੋਣ ਦੀ ਸੰਭਾਵਨਾ ਹੈ | ਇਨ੍ਹਾਂ ਰਾਜਾਂ ਦੀ ਖੇਤੀਬਾੜੀ ਨੂੰ ਵੀ ਬਹੁਤ ਜ਼ਿਆਦਾ ਲਾਭ ਹੋਵੇਗਾ | ਲੋੜ ਮੁਤਾਬਿਕ ਖੇਤੀ ਵਸਤਾਂ ਪਾਕਿਸਤਾਨ ਭੇਜੀਆਂ ਜਾ ਸਕਦੀਆਂ ਹਨ ਅਤੇ ਜੇਕਰ ਪਾਕਿਸਤਾਨ ਨਾਲ ਰਿਸ਼ਤੇ ਹੋਰ ਬਿਹਤਰ ਹੋ ਜਾਣ ਤਾਂ ਭਵਿੱਖ ਵਿਚ ਕੇਂਦਰੀ ਏਸ਼ੀਆ ਅਤੇ ਖਾੜੀ ਦੇ ਦੇਸ਼ਾਂ ਤੱਕ ਵੀ ਭਾਰਤੀ ਵਸਤਾਂ ਜਾ ਸਕਦੀਆਂ ਹਨ | ਪਾਕਿਸਤਾਨ ਨੂੰ ਸਮੁੱਚੇ ਤੌਰ 'ਤੇ ਬਹੁਤ ਜ਼ਿਆਦਾ ਲਾਭ ਇਸ ਲਈ ਹੋਵੇਗਾ ਕਿ ਜਿਹੜੀਆਂ ਵੀ ਚੀਜ਼ਾਂ ਪਾਕਿਸਤਾਨ ਰਾਹੀਂ ਕੇਂਦਰੀ ਏਸ਼ੀਆ ਜਾਂ ਖਾੜੀ ਦੇ ਦੇਸ਼ਾਂ ਨੂੰ ਜਾਣਗੀਆਂ ਉਨ੍ਹਾਂ ਸਾਰਿਆਂ 'ਤੇ ਪਾਕਿਸਤਾਨ ਨੂੰ ਰਾਹਦਾਰੀ ਫੀਸ ਮਿਲੇਗੀ, ਜਿਸ ਨਾਲ ਪਾਕਿਸਤਾਨ ਦੀ ਆਰਥਿਕਤਾ ਵਿਚ ਕਾਫੀ ਮਜ਼ਬੂਤੀ ਆ ਸਕਦੀ ਹੈ |

• ਪਾਕਿਸਤਾਨ ਤੇ ਭਾਰਤ ਦੇ ਸਬੰਧਾਂ ਵਿਚ ਇਕ ਦੁਖਦੀ ਰਗ ਹੈ ਅੱਤਵਾਦ ਅਤੇ ਕਸ਼ਮੀਰ ਸਮੇਤ ਹੋਰ ਸਰਹੱਦੀ ਵਿਵਾਦ | ਕੀ ਇਨ੍ਹਾਂ ਦੇ ਚਲਦਿਆਂ ਦੋਵਾਂ ਦੇਸ਼ਾਂ ਦੇ ਰਿਸ਼ਤੇ ਬਿਹਤਰ ਹੋ ਸਕਦੇ ਹਨ?
¸ਮੈਨੂੰ ਜਾਪਦਾ ਹੈ ਕਿ ਪਾਕਿਸਤਾਨ ਦੇ ਆਮ ਲੋਕਾਂ ਅਤੇ ਉਥੋਂ ਦੀ ਸਰਕਾਰ ਦੇ ਵਤੀਰੇ ਵਿਚ ਹੌਲੀ-ਹੌਲੀ ਤਬਦੀਲੀ ਆਉਂਦੀ ਜਾ ਰਹੀ ਹੈ | ਉਨ੍ਹਾਂ ਵਿਚ ਇਹ ਅਹਿਸਾਸ ਵਧ ਰਿਹਾ ਹੈ ਕਿ ਭਾਰਤ ਨਾਲ ਸਬੰਧ ਬਿਹਤਰ ਬਣਾਉਣ ਅਤੇ ਵੱਖ-ਵੱਖ ਖੇਤਰਾਂ ਵਿਚ ਸਹਿਯੋਗ ਕਰਨ ਨਾਲ ਪਾਕਿਸਤਾਨ ਨੂੰ ਚੋਖਾ ਫਾਇਦਾ ਹੋ ਸਕਦਾ ਹੈ | ਉਹ ਹੁਣ ਭਾਰਤ ਤੋਂ ਆਪਣੇ ਦੇਸ਼ ਨੂੰ ਅਲੱਗ-ਥਲੱਗ ਰੱਖਣ ਦੀ ਨੀਤੀ ਵਿਚ ਤਬਦੀਲੀ ਕਰਦੇ ਜਾਪਦੇ ਹਨ | ਇਸ ਦੇ ਸੰਕੇਤ ਆਉਣ ਵਾਲੇ ਸਮੇਂ ਵਿਚ ਹੋਰ ਹੋਰ ਵੀ ਸਪੱਸ਼ਟ ਹੋਣਗੇ | ਭਾਵੇਂ ਕਿ ਇਸ ਗੱਲ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ ਕਿ ਪਾਕਿਸਤਾਨ ਵਿਚ ਅਜਿਹੀਆਂ ਤਾਕਤਾਂ ਵੀ ਕਾਫੀ ਸਰਗਰਮ ਹਨ, ਜਿਹੜੀਆਂ ਦੋਵਾਂ ਦੇਸ਼ਾਂ ਦੇ ਸਹਿਯੋਗ ਵਿਚ ਕਿਸੇ ਨਾ ਕਿਸੇ ਢੰਗ ਨਾਲ ਕੋਈ ਨਾ ਕੋਈ ਰੁਕਾਵਟ ਖੜ੍ਹੀਆਂ ਕਰਦੀਆਂ ਰਹਿੰਦੀਆਂ ਹਨ | ਪਰ ਆਖਰ ਹੋਵੇਗਾ ਉਹੀ ਜੋ ਪਾਕਿਸਤਾਨ ਦੇ ਆਮ ਲੋਕ ਚਾਹੁੰਣਗੇ |


 

Leave a Comment

Message :

CAPTCHA ImageReload Image
ENTER THE CAPTCHA CODE WRITTEN ABOVE