ਕਿਛੁ ਸੁਣੀਐ ਕਿਛੁ ਕਹੀਐ - ਸਤਨਾਮ ਸਿੰਘ ਮਾਣਕ

ਕਲਾਕਾਰਾਂ ਵੱਲੋਂ ਪੰਜਾਬ ਦੀ ਧਰਤੀ ਨੂੰ ਸਜਦਾ


ਕਦੇ ਦੋ ਪਲ ਵਿਹਲ ਦੇ ਕੱਢ ਕੇ ਜਦੋਂ ਅਸੀਂ ਸਦੀਆਂ ਵਿਚ ਫੈਲੇ ਪੰਜਾਬ ਦੇ ਇਤਿਹਾਸ 'ਤੇ ਨਜ਼ਰ ਮਾਰਦੇ ਹਾਂ ਤਾਂ ਬੜੀਆਂ ਹੈਰਾਨੀਜਨਕ ਹਕੀਕਤਾਂ ਪ੍ਰਗਟ ਹੁੰਦੀਆਂ ਹਨ | ਕੇਂਦਰੀ ਏਸ਼ੀਆ ਤੋਂ ਨਿਰੰਤਰ ਹਮਲਾਵਰ ਆਉਂਦੇ ਰਹੇ | ਉਨ੍ਹਾਂ ਦੇ ਲਸ਼ਕਰ ਲਗਾਤਾਰ ਪੰਜਾਬ ਦੀ ਧਰਤੀ ਨੂੰ ਦਰੜਦੇ ਹੋਏ ਅੱਗੇ ਵੀ ਵਧਦੇ ਰਹੇ | ਪਰ ਇਸ ਸਭ ਕੁਝ ਦੇ ਬਾਵਜੂਦ ਹਰ ਲਸ਼ਕਰ ਦਾ ਸਭ ਤੋਂ ਪਹਿਲਾਂ ਮੁਕਾਬਲਾ ਪੰਜਾਬੀਆਂ ਨੇ ਹਿੱਕਾਂ ਢਾਹ ਕੇ ਕੀਤਾ |

ਇਹ ਸਹੀ ਹੈ ਕਿ ਅਨੇਕਾਂ ਵਾਰ ਪੰਜਾਬੀ ਹਾਰੇ ਵੀ ਪਰ ਲੜੇ ਬਿਨਾਂ ਨਹੀਂ ਹਾਰੇ | ਬਹਾਦਰੀ ਨਾਲ ਲੜ ਕੇ ਜ਼ਰੂਰ ਹਾਰੇ | ਇਸ ਨੇ ਪੰਜਾਬੀਆਂ ਨੂੰ ਸਖ਼ਤ ਜਾਨ ਬਣਾ ਦਿੱਤਾ | ਹਰ ਔਕੜ ਦਾ ਡਟ ਕੇ ਸਾਹਮਣਾ ਕਰਨ ਦੀ ਉਨ੍ਹਾਂ ਵਿਚ ਫ਼ਿਤਰਤ ਪੈਦਾ ਕਰ ਦਿੱਤੀ | ਪੰਜਾਬ ਦੇ ਕੁਦਰਤੀ ਵਾਤਾਵਰਨ ਨੇ ਵੀ ਪੰਜਾਬੀਆਂ ਦੀ ਦਿ੍ੜ੍ਹਤਾ ਤੇ ਦਲੇਰੀ ਵਿਚ ਹੋਰ ਵਾਧਾ ਕੀਤਾ | ਸਰਦੀਆਂ ਵਿਚ ਓੜਕ ਦੀ ਸਰਦੀ ਤੇ ਗਰਮੀਆਂ ਵਿਚ ਪਸੀਨਾ ਛੁਡਾ ਦੇਣ ਵਾਲੀ ਗਰਮੀ | ਬਰਸਾਤਾਂ ਵਿਚ ਮੋਹਲੇਧਾਰ ਬਾਰਸ਼ ਤੇ ਦਰਿਆਵਾਂ ਦੇ ਅਮੋੜ ਵਹਿਣ | ਇਥੇ ਸਭ ਕੁਝ ਪੰਜਾਬੀ ਜਿਊੜੇ ਨੂੰ ਸਾਣ 'ਤੇ ਲਾਉਣ ਵਾਲਾ ਸੀ | ਇਸੇ ਕਰਕੇ ਪੋਰਸ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਤੱਕ ਇਥੇ ਵੱਡੇ-ਵੱਡੇ ਸੂਰਮੇ ਪੈਦਾ ਹੋਏ | ਪਰ ਇਥੇ ਸਿਰਫ ਤਲਵਾਰ ਦੇ ਧਨੀ ਹੀ ਪੈਦਾ ਨਹੀਂ ਹੋਏ, ਸਗੋਂ ਕਲਮ ਤੇ ਕਲਾ ਦੇ ਧਨੀ ਵੀ ਪੈਦਾ ਹੋਏ | ਅਜਿਹੀਆਂ ਸ਼ਖ਼ਸੀਅਤਾਂ ਵੀ ਪੈਦਾ ਹੋਈਆਂ ਜਿਹੜੀਆਂ ਕਲਮ ਤੇ ਤਲਵਾਰ ਦੀਆਂ ਇਕੋ ਜਿਹੀਆਂ ਧਨੀ ਹੋਣ ਦੇ ਨਾਲ-ਨਾਲ ਅਧਿਆਤਮਿਕ ਦਰਸ਼ਨ ਵਿਚ ਵੀ ਸਿਖ਼ਰਾਂ ਤਕ ਪੁੱਜੀਆਂ | ਹਿਮਾਲਾ ਦੀ ਚੌੜੀ ਛਾਤੀ 'ਤੇ ਸੰਗੀਤ ਛੇੜਦੇ ਝਰਨੇ, ਕਲ-ਕਲ ਵਗਦੇ ਦਰਿਆ, ਹਰੇ ਕਚੂਰ ਜੰਗਲ, ਖੁੱਲ੍ਹੇ ਅਸਮਾਨ ਵਿਚ ਉਡਾਰੀਆਂ ਭਰਦੇ ਤੇ ਗਾਉਂਦੇ ਪੰਛੀ | ਮਨੁੱਖੀ ਰੂਹ ਨੂੰ ਨਸ਼ਿਆਉਣ ਲਈ, ਉਸ ਦੇ ਅੰਗ-ਅੰਗ ਵਿਚ ਇਸ਼ਕ ਤੇ ਮੁਹੱਬਤ ਦੀਆਂ ਝਰਨਾਹਟਾਂ ਛੇੜਨ ਲਈ ਉਸ ਨੂੰ ਖੇੜਾ ਬਖਸ਼ਣ ਲਈ, ਇਥੇ ਬਹੁਤ ਕੁਝ ਸੀ | ਇਹ ਵੱਖਰੀ ਖੋਜ ਦਾ ਵਿਸ਼ਾ ਹੈ ਕਿ ਇਨ੍ਹਾਂ ਸਦੀਆਂ ਵਿਚ ਹੋ ਗੁਜ਼ਰੇ ਪੰਜਾਬੀ ਮਾਨਵ ਨੇ ਇਸ ਟੂਣੇਹਾਰੀ ਤੇ ਰੋਮਾਂਚਿਕ ਧਰਤੀ ਤੋਂ ਕੀ-ਕੀ ਲਿਆ ਅਤੇ ਮਨੁੱਖੀ ਤਹਿਜ਼ੀਬ ਨੂੰ ਕੀ-ਕੀ ਦਿੱਤਾ?

ਇਕ ਜਗਿਆਸੂ ਵਜੋਂ ਮੈਨੂੰ ਲਗਦਾ ਹੈ ਕਿ ਇਨ੍ਹਾਂ ਸਦੀਆਂ ਵਿਚ ਹੋ ਗੁਜ਼ਰੇ ਪੰਜਾਬੀ, ਜਿਨ੍ਹਾਂ ਨੇ ਤਲਵਾਰ ਚੁੱਕ ਕੇ ਵਿਦੇਸ਼ੀ ਹਮਲਾਵਰਾਂ ਦਾ ਸਾਹਮਣਾ ਕਰਨ ਦੀ ਠਾਣੀ, ਉਹ ਯੋਧੇ ਹੋ ਗੁਜ਼ਰੇ | ਇਥੋਂ ਦੇ ਭੂਗੋਲਿਕ ਤੇ ਸਮਾਜਿਕ ਵਾਤਾਵਰਨ ਨੇ ਉਨ੍ਹਾਂ ਨੂੰ ਅਜਿਹਾ ਕਰਨ ਦੀ ਤੌਫ਼ੀਕ ਬਖਸ਼ੀ ਤੇ ਪ੍ਰੇਰਨਾ ਦਿੱਤੀ | ਜਿਨ੍ਹਾਂ ਨੇ ਇਥੇ ਪਸਰੀ ਕੁਦਰਤ ਦੀ ਖੂਬਸੂਰਤੀ ਨੂੰ ਮੰਤਰ-ਮੁਗਧ ਹੋ ਕੇ ਨਿਹਾਰਿਆ, ਉਹ ਇਸ਼ਕ ਹਕੀਕੀ ਦੇ ਪਾਂਧੀ ਹੋ ਕੇ ਕਾਦਰ ਤੱਕ ਪਹੁੰਚ ਗਏ ਅਤੇ ਆਪਮੁਹਾਰੇ ਉਨ੍ਹਾਂ ਦੇ ਬੋਲਾਂ ਵਿਚੋਂ ਵੀ ਰੂਹਾਨੀਅਤ ਦੇ ਚਸ਼ਮੇ ਵਹਿ ਪਏ | ਗ੍ਰੰਥਾਂ ਤੇ ਮਹਾਂਗ੍ਰੰਥਾਂ ਦੀ ਸਿਰਜਣਾ ਹੋ ਗਈ | ਉਡਾਰੀ ਆਪੋ-ਆਪਣੀ ਸੀ, ਦਮ ਆਪੋ-ਆਪਣਾ ਸੀ | ਜਿਹੜੇ ਇਸ਼ਕ ਮਿਜ਼ਾਜੀ ਤੱਕ ਹੀ ਰਹਿ ਗਏ, ਉਨ੍ਹਾਂ ਨੇ ਮੁਹੱਬਤ ਨਾਲ ਲਵਰੇਜ਼ ਕਿੱਸੇ ਲਿਖੇ | ਜੋ ਨਦੀਆਂ ਤੇ ਝਰਨਿਆਂ ਦੇ ਕਿਨਾਰੇ ਬੈਠ ਕੇ ਉਨ੍ਹਾਂ ਦੇ ਸੰਗੀਤ ਵਿਚ ਰਮ ਗਏ, ਉਹ ਸੰਗੀਤਕਾਰ ਤੇ ਮਹਾਂ ਸੰਗੀਤਕਾਰ ਹੋ ਨਿੱਬੜੇ |

ਇਸ ਤਰ੍ਹਾਂ ਪੰਜਾਬ ਦੀਆਂ ਭੂਗੋਲਿਕ ਹਕੀਕਤਾਂ, ਇਸ ਦੇ ਵਾਤਾਵਰਨ ਦੀ ਵਿਲੱਖਣਤਾ ਅਤੇ ਇਸ ਦੇ ਇਤਿਹਾਸ ਨੇ ਬਹੁਪੱਖੀ ਸ਼ਖ਼ਸੀਅਤਾਂ ਨੂੰ ਪਲਰਨ ਦੇ ਮੌਕੇ ਦਿੱਤੇ |
ਇਸ ਕਰਕੇ ਜਦੋਂ ਕੋਈ ਸਦੀਆਂ ਵਿਚ ਫੈਲੇ ਪੰਜਾਬ ਦੇ ਇਤਿਹਾਸ ਦੀ ਪਰਕਰਮਾ ਕਰਦਾ ਹੈ ਤਾਂ ਇਹ ਹੈਰਾਨੀਜਨਕ ਸਿਫ਼ਤਾਂ ਲੱਭਦੀਆਂ ਹਨ ਕਿ ਪੰਜਾਬੀ ਸਦੀਆਂ ਤੱਕ ਲੜਦੇ ਰਹੇ ਤੇ ਬਹਾਦਰਾਂ ਵਾਂਗ ਲੜ-ਲੜ ਕੇ ਸ਼ਹੀਦੀਆਂ ਪਾਉਂਦੇ ਰਹੇ | ਪੰਜਾਬੀ ਵਿਛੋੜਿਆਂ 'ਤੇ ਵੈਣ ਵੀ ਪਾਉਂਦੇ ਰਹੇ ਤੇ ਵਸਲ ਦੀਆਂ ਖੁਸ਼ੀਆਂ ਵੀ ਮਨਾਉਂਦੇ ਰਹੇ | ਪੰਜਾਬੀ ਲਿਖਦੇ ਵੀ ਰਹੇ ਤੇ ਗਾਉਂਦੇ ਵੀ ਰਹੇ | ਅੰਤਰ-ਧਿਆਨ ਹੋ ਕੇ ਰੂਹਾਨੀਅਤ ਦੀਆਂ ਉਚਾਈਆਂ ਵੀ ਮਾਪਦੇ ਰਹੇ ਤੇ ਬੁੱਲੇ੍ਹ ਸ਼ਾਹ ਵਾਂਗ ਮੁਰਸ਼ਦ ਨੂੰ ਪਾਉਣ ਲਈ ਘੰੁਗਰੂ ਬੰਨ੍ਹ ਕੇ ਨੱਚਦੇ ਵੀ ਰਹੇ | ਪੰਜਾਬੀ ਸੱਭਿਅਤਾ ਦੇ ਇਤਿਹਾਸ ਵਿਚ ਅਨੇਕਾਂ ਵਾਰ ਝੱਖੜ-ਤੂਫ਼ਾਨ ਆਏ ਤੇ ਸਭ ਕੁਝ ਆਪਣੇ ਨਾਲ ਵਹਾ ਕੇ ਲੈ ਜਾਂਦੇ ਰਹੇ ਪਰ ਅਗਲੇ ਹੀ ਪਲ ਪੰਛੀਆਂ ਦੀ ਤਰ੍ਹਾਂ ਪੰਜਾਬੀ ਆਪਣੇ ਆਲ੍ਹਣੇ ਮੁੜ ਤੋਂ ਬਣਾਉਣ ਲਈ ਗਤੀਸ਼ੀਲ ਨਜ਼ਰ ਆਏ | ਕੁਝ ਕਰ ਗੁਜ਼ਰਨ ਦਾ ਵੇਗ 18ਵੀਂ, 19ਵੀਂ ਅਤੇ ਕੁਝ ਹੱਦ ਤੱਕ 20ਵੀਂ ਸਦੀ ਤੱਕ ਵੀ ਬਰਕਰਾਰ ਰਿਹਾ | ਇਸੇ ਕਰਕੇ ਪੰਜਾਬੀਆਂ ਨੇ ਮੁਗਲ ਸਾਮਰਾਜ ਤੇ ਅੰਗਰੇਜ਼ ਸਾਮਰਾਜ ਦਾ ਡਟ ਕੇ ਮੁਕਾਬਲਾ ਵੀ ਕੀਤਾ ਅਤੇ ਗੀਤ-ਸੰਗੀਤ ਤੇ ਕਲਾ ਦੇ ਖੇਤਰਾਂ ਵਿਚ ਵੀ ਚੋਖਾ ਹਿੱਸਾ ਪਾਇਆ | ਖੇਤੀ ਵਿਚ ਰਮ ਕੇ ਦੇਸ਼ ਦੇ ਅਨਾਜ ਨਾਲ ਭੰਡਾਰ ਵੀ ਭਰੇ |

ਸਾਰੇ ਖੇਤਰਾਂ ਵਿਚ ਪੰਜਾਬੀਆਂ ਵੱਲੋਂ ਮਾਰੀਆਂ ਗਈਆਂ ਮੱਲਾਂ ਨੂੰ ਇਹ ਲੇਖ ਆਪਣੇ ਕਲਾਵੇ ਵਿਚ ਨਹੀਂ ਲੈ ਸਕਦਾ | ਇਹ ਇਸ ਲੇਖ ਦੀ ਸੀਮਾ ਹੈ, ਪਰ ਜੇਕਰ ਗੀਤ-ਸੰਗੀਤ ਤੇ ਕਲਾ ਦੇ ਖੇਤਰ ਨੂੰ ਹੀ ਲੈ ਲਈਏ ਤੇ ਗੱਲ 19ਵੀਂ ਤੋਂ 20ਵੀਂ ਸਦੀ ਤੱਕ ਹੀ ਸੀਮਤ ਰੱਖੀਏ ਤਾਂ ਵੀ ਇਹ ਗੱਲ ਬੜੀ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਪੰਜਾਬ ਨੇ ਬੜੇ ਗੁਲਾਮ ਅਲੀ ਖ਼ਾਨ, ਮਹਿੰਦੀ ਹਸਨ, ਸਲਾਮਤ ਅਲੀ ਖ਼ਾਨ, ਨਜ਼ਾਕਤ ਅਲੀ ਖ਼ਾਨ, ਗੁਲਾਮ ਅਲੀ, ਮਲਕਾ-ਏ-ਤਰੰਨਮ, ਨੂਰ ਜਹਾਂ, ਮੁਹੰਮਦ ਰਫ਼ੀ, ਸੁਰਿੰਦਰ ਕੌਰ ਤੇ ਜਗਜੀਤ ਸਿੰਘ ਵਰਗੇ ਸੰਗੀਤਕਾਰ ਪੈਦਾ ਕੀਤੇ | ਦੇਵ ਅਨੰਦ, ਪ੍ਰਾਣ, ਦਾਰਾ ਸਿੰਘ, ਰਾਜੇਸ਼ ਖੰਨਾ ਤੇ ਧਰਮਿੰਦਰ ਵਰਗੇ ਅਦਾਕਾਰ ਅਤੇ ਯਸ਼ ਚੋਪੜਾ ਵਰਗੇ ਫ਼ਿਲਮਕਾਰ ਪੈਦਾ ਕੀਤੇ | ਜਿਵੇਂ ਪਿਛਲੇ ਕੁਝ ਸਮੇਂ ਵਿਚ ਦੇਵ ਅਨੰਦ, ਰਾਜੇਸ਼ ਖੰਨਾ ਤੇ ਦਾਰਾ ਸਿੰਘ ਵਰਗੇ ਅਦਾਕਾਰ ਸਾਡੇ ਹੱਥਾਂ ਵਿਚੋਂ ਰੇਤ ਦੇ ਕਿਣਕਿਆਂ ਦੀ ਤਰ੍ਹਾਂ ਕਿਰੇ ਹਨ ਅਤੇ ਹੁਣ ਉਸੇ ਰਾਹ 'ਤੇ ਜਿਵੇਂ ਆਪਣੀਆਂ ਦਰਜਨਾਂ ਹਿਟ ਫ਼ਿਲਮਾਂ ਰਾਹੀਂ ਪੰਜਾਬੀ ਸੱਭਿਆਚਾਰ ਦੀ ਖੁਸ਼ਬੂ ਦੇਸ਼ਾਂ-ਵਿਦੇਸ਼ਾਂ ਵਿਚ ਫੈਲਾਉਣ ਵਾਲੇ ਯਸ਼ ਚੋਪੜਾ ਰੁਖ਼ਸਤ ਹੋ ਗਏ ਹਨ, ਤਾਂ ਗ਼ਮਜ਼ਦਾ ਹੋਏ ਜਦੋਂ ਪਿੱਛੇ ਪਰਤ ਕੇ ਇਨ੍ਹਾਂ ਮਹਾਨ ਪੰਜਾਬੀਆਂ ਦੀਆਂ ਪੈੜਾਂ ਨੂੰ ਦੇਖਦੇ ਹਾਂ ਤਾਂ ਮਨ ਵਿਚ ਇਹ ਸਵਾਲ ਪੈਦਾ ਹੁੰਦਾ ਹੈ ਕਿ, ਕੀ 21ਵੀਂ ਤੇ 22ਵੀਂ ਸਦੀ ਵਿਚ ਵੀ ਪੰਜਾਬ ਦੀ ਇਹ ਧਰਤੀ ਇਹੋ ਜਿਹੀਆਂ ਕੱਦਆਵਰ ਸ਼ਖ਼ਸੀਅਤਾਂ ਨੂੰ ਜਨਮ ਦੇ ਸਕੇਗੀ? ਇਹੋ ਜਿਹੀਆਂ ਸ਼ਖ਼ਸੀਅਤਾਂ, ਜਿਨ੍ਹਾਂ ਨੂੰ ਦੇਸ਼ ਭਰ ਦੇ ਨੌਜਵਾਨਾਂ ਦੇ ਦਿਲਾਂ ਦੀ ਧੜਕਨ ਸ਼ਾਹਰੁਖ ਅਤੇ ਕੈਟਰੀਨਾ ਕੈਫ਼ ਵਰਗੇ ਵੱਡੇ ਕਲਾਕਾਰ ਸਜਦਾ ਭੇਟ ਕਰਨ ਲਈ ਜਲੰਧਰ ਆਉਣਾ ਆਪਣਾ ਫ਼ਰਜ਼ ਸਮਝਣ, ਦੁਆਬਾ ਕਾਲਜ ਦੀ ਇਮਾਰਤ ਨੂੰ ਇਸ ਲਈ ਨਿਹਾਰਨ ਕਿ ਇਸ ਵਿਚ ਕਦੇ ਯਸ਼ ਜੀ ਪੜ੍ਹਦੇ ਰਹੇ ਸਨ ਅਤੇ ਪੰਜਾਬੀਆਂ ਦੀ ਸਿਰਮੌਰ ਅਖ਼ਬਾਰ 'ਅਜੀਤ' ਦੇ ਦਫ਼ਤਰ ਵਿਚ ਆ ਕੇ ਯਸ਼ ਜੀ ਦੇ ਸਨੇਹੀਆਂ ਅਤੇ ਪ੍ਰਸੰਸਕਾਂ ਨਾਲ ਆਪਣਾ ਦੁੱਖ ਸਾਂਝਾ ਕਰਨਾ ਜ਼ਰੂਰੀ ਸਮਝਣ | ਇਹ 21ਵੀਂ ਸਦੀ ਵਿਚ ਪੰਜਾਬੀਆਂ ਅੱਗੇ ਬਹੁਤ ਵੱਡੀ ਚੁਣੌਤੀ ਵੀ ਹੈ ਅਤੇ ਬਹੁਤ ਵੱਡੀ ਸੰਭਾਵਨਾ ਵੀ ਹੈ |

ਮਿਹਨਤ, ਸਿਰੜ, ਸੰਜਮ ਤੇ ਸਾਦਗੀ ਪੰਜਾਬੀਆਂ ਦੇ ਮੀਰੀ ਗੁਣ ਰਹੇ ਹਨ | ਇਨ੍ਹਾਂ ਗੁਣਾਂ ਸਦਕਾ ਹੀ ਪੰਜਾਬ ਦੇ ਛੋਟੇ-ਛੋਟੇ ਪਿੰਡਾਂ ਤੇ ਸ਼ਹਿਰਾਂ ਤੋਂ ਉੱਠ ਕੇ ਸਾਧਾਰਨ ਪੰਜਾਬੀ ਹਰ ਖੇਤਰ ਵਿਚ ਬੁਲੰਦੀਆਂ 'ਤੇ ਪੁੱਜ ਗਏ | ਦੇਸ਼-ਵਿਦੇਸ਼ ਵਿਚ ਚਾਨਣ-ਮੁਨਾਰੇ ਹੋ ਨਿੱਬੜੇ |
ਆਪਣੀ ਜਲੰਧਰ ਦੀ ਸੰਖੇਪ ਫੇਰੀ ਦੌਰਾਨ ਸ਼ਾਹਰੁਖ ਖ਼ਾਨ ਨੇ ਪੰਜਾਬੀਆਂ ਬਾਰੇ ਵਾਰ-ਵਾਰ ਜੋ ਸ਼ਬਦ ਦੁਹਰਾਏ ਹਨ, ਉਹ ਵਰਨਣਯੋਗ ਹਨ | 'ਪੰਜਾਬੀ ਖੁੱਲ੍ਹਦਿਲੇ ਹਨ, ਮਹਿਮਾਨ-ਨਿਵਾਜ਼ ਹਨ, ਮਿਹਨਤੀ ਹਨ, ਪਿਆਰ ਦੇਣ ਤੇ ਪਿਆਰ ਲੈਣ ਵਾਲੇ ਹਨ | ਯਸ਼ ਚੋਪੜਾ ਦਾ ਮੇਰੀ ਜ਼ਿੰਦਗੀ ਵਿਚ ਅਹਿਮ ਰੋਲ ਰਿਹਾ ਹੈ | ਇਥੋਂ ਦੀ ਸਿੱਖਿਆ ਤੇ ਸੱਭਿਅਤਾ ਦੀ ਝਲਕ ਉਨ੍ਹਾਂ ਦੀਆਂ ਫ਼ਿਲਮਾਂ ਵਿਚ ਨਜ਼ਰ ਆਉਂਦੀ ਰਹੀ ਹੈ | ਨੌਜਵਾਨਾਂ ਨੂੰ ਸੰਬੋਧਿਤ ਹੰੁਦਿਆਂ ਉਨ੍ਹਾਂ ਕਿਹਾ ਕਿ ਖੂਬ ਪੜ੍ਹਾਈ ਕਰੋ, ਆਪਣੇ ਸੁਪਨੇ ਸਾਕਾਰ ਕਰਨ ਲਈ ਮਿਹਨਤ ਕਰੋ, ਮੰਜ਼ਿਲ ਜ਼ਰੂਰ ਮਿਲੇਗੀ |

ਇਕ ਪੰਜਾਬੀ ਹੋਣ ਦੇ ਨਾਤੇ ਮੇਰੀ ਕਾਮਨਾ ਹੈ ਕਿ ਭਵਿੱਖ ਵਿਚ ਵੀ ਪੰਜਾਬ ਦੀ ਇਸ ਧਰਤੀ 'ਤੇ ਅਜਿਹੀਆਂ ਕੱਦਆਵਰ ਸ਼ਖ਼ਸੀਅਤਾਂ ਪੈਦਾ ਹੁੰਦੀਆਂ ਰਹਿਣ, ਜਿਨ੍ਹਾਂ ਦੀ ਖੁਸ਼ਬੂ ਚਾਰੇ ਪਾਸੇ ਫੈਲਦੀ ਰਹੇ ਅਤੇ ਦੁਨੀਆ ਪੰਜਾਬ ਦੀ ਧਰਤੀ ਵੱਲ ਖਿੱਚੀ ਆਉਂਦੀ ਰਹੇ | ਪੰਜਾਬ ਦੀ ਧਰਤੀ ਨੂੰ ਸਜਦਾ ਕਰਨਾ ਆਪਣਾ ਮਾਣ ਸਮਝੇ | ਮੇਰੀ ਇਹ ਵੀ ਕਾਮਨਾ ਹੈ ਕਿ ਪੰਜਾਬੀ ਕਲਾਕਾਰਾਂ ਤੇ ਫਨਕਾਰਾਂ ਨੂੰ ਵੀ ਦੁਨੀਆ ਭਰ ਵਿਚ ਉਸੇ ਤਰ੍ਹਾਂ ਦਾ ਮਾਣ-ਸਤਿਕਾਰ ਤੇ ਪਿਆਰ ਮਿਲੇ ਜਿਸ ਤਰ੍ਹਾਂ ਦਾ ਜਲੰਧਰ ਵਿਚ ਸ਼ਾਹਰੁਖ, ਕੈਟਰੀਨਾ ਕੈਫ਼ ਤੇ ਅਨੁਸ਼ਕਾ ਸ਼ਰਮਾ ਨੂੰ ਪੰਜਾਬੀਆਂ ਤੋਂ ਮਿਲਿਆ | ਪਰ ਇਸ ਲਈ ਨਵੀਂ ਪੀੜ੍ਹੀ ਦੇ ਫ਼ਨਕਾਰਾਂ ਤੇ ਕਲਾਕਾਰਾਂ ਨੂੰ ਸਹਿਜ ਤੇ ਸੰਜਮ ਨਾਲ ਤੁਰਦਿਆਂ ਕਲਾ ਦੇ ਉੱਚੇ ਮਿਆਰਾਂ ਨੂੰ ਛੋਹਣਾ ਪਵੇਗਾ | ਅਸ਼ਲੀਲਤਾ, ਲੱਚਰਤਾ ਤੇ ਸਸਤੀ ਸ਼ੁਹਰਤ ਹਾਸਲ ਕਰਨ ਦੀ ਦੌੜ ਵਿਚ ਲੱਗਿਆਂ ਦੇ ਹੱਥ ਤਾਂ ਨਿਰਾਸ਼ਾ ਤੇ ਅਸਫ਼ਲਤਾ ਹੀ ਲਗਦੀ ਹੈ | ਮਨੋਰੰਜਨ ਦੇ ਨਾਲ-ਨਾਲ ਜ਼ਿੰਦਗੀ ਨੂੰ ਕੋਈ ਵੱਡਾ ਸੁਨੇਹਾ ਦੇਣ ਵਾਲੇ ਫ਼ਨਕਾਰ ਹੀ ਸਦੀਆਂ ਤੱਕ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੇ ਹਨ | ਇਸ ਸੰਦਰਭ ਵਿਚ ਪੰਜਾਬੀਆਂ ਦੀ ਨਵੀਂ ਪੀੜ੍ਹੀ ਦੇ ਫ਼ਨਕਾਰਾਂ ਦੀ ਜ਼ਿੰਮੇਵਾਰੀ ਹੋਰ ਵੀ ਵਧ ਜਾਂਦੀ ਹੈ |
 

Leave a Comment

Message :

CAPTCHA ImageReload Image
ENTER THE CAPTCHA CODE WRITTEN ABOVE