ਕਿਛੁ ਸੁਣੀਐ ਕਿਛੁ ਕਹੀਐ - ਸਤਨਾਮ ਸਿੰਘ ਮਾਣਕ

ਕਿੱਧਰ ਜਾ ਰਹੇ ਹਾਂ ਅਸੀਂ!

 

ਪੰਜਾਬੀ ਸੱਭਿਅਤਾ ਦੀ ਤਾਣੀ ਇਸ ਸਮੇਂ ਬੇਹੱਦ ਉਲਝ ਚੁੱਕੀ ਹੈ | ਇਹ ਸਮਝ ਨਹੀਂ ਆ ਰਿਹਾ ਕਿ ਇਸ ਨੂੰ ਸੁਲਝਾਉਣ ਲਈ ਕਿਹੜੀ ਤੰਦ ਕਿੱਥੋਂ ਫੜੀ ਜਾਏ? ਪਿੱਛੇ ਪਰਤ ਕੇ ਜੇਕਰ ਪੰਜਾਬ ਦੇ ਇਤਿਹਾਸ 'ਤੇ¥ਨਜ਼ਰ ਮਾਰੀਏ ਤਾਂ ਇਹ ਗੱਲ ਉੱਭਰ ਕੇ ਆਉਂਦੀ ਹੈ ਕਿ ਇਥੇ ਕਦੇ ਵੀ ਲੰਮੇ ਸਮੇਂ ਤੱਕ ਰਾਜਨੀਤਕ ਸਥਿਰਤਾ ਨਹੀਂ ਰਹੀ, ਸਗੋਂ ਕੇਂਦਰੀ ਏਸ਼ੀਆ ਤੋਂ ਵਾਰ-ਵਾਰ ਹਮਲਾਵਰ ਇਥੇ ਧਾਵੇ ਕਰਦੇ ਰਹੇ | ਲੁੱਟ-ਖਸੁੱਟ ਕਰਦੇ ਰਹੇ | ਲੋਕਾਂ ਨੂੰ ਜਬਰ ਤੇ ਜ਼ੁਲਮ ਦਾ ਸ਼ਿਕਾਰ ਬਣਾਉਂਦੇ ਰਹੇ | ਜੋ ਇਥੇ ਟਿਕ ਗਏ, ਉਹ ਮਨਚਾਹੇ ਢੰਗ ਨਾਲ ਆਪਣੀਆਂ ਹਕੂਮਤਾਂ ਚਲਾਉਂਦੇ ਰਹੇ | ਸਦੀਆਂ ਤੱਕ ਫੈਲੇ ਇਸ ਸਾਰੇ ਸਮੇਂ ਵਿਚ ਪੰਜਾਬੀ ਆਪਣੇ ਹੱਕਾਂ-ਹਿੱਤਾਂ ਲਈ, ਆਪਣੀ ਸੁਰੱਖਿਆ ਲਈ ਤੇ ਆਪਣੇ ਵਜੂਦ ਨੂੰ ਬਣਾਈ ਰੱਖਣ ਲਈ ਲਗਾਤਾਰ ਸੰਘਰਸ਼ ਕਰਦੇ ਰਹੇ |

ਇਸ ਧਰਤੀ 'ਤੇ ਗੁਰਮਤਿ ਲਹਿਰ ਦੇ ਉਥਾਨ ਨਾਲ ਪੰਜਾਬੀਆਂ ਨੂੰ ਜ਼ਿੰਦਗੀ ਦੇ ਨਵੇਂ ਅਰਥ ਮਿਲੇ | ਉਨ੍ਹਾਂ ਦੀ ਕਬਾਇਲੀ ਤਰਜ਼ ਦੀ ਜ਼ਿੰਦਗੀ ਵਿਚ ਬਹਾਦਰੀ ਦੇ ਨਾਲ-ਨਾਲ ਸੰਵੇਦਨਸ਼ੀਲਤਾ ਆਈ | ਮਨੁੱਖੀ ਕਦਰਾਂ-ਕੀਮਤਾਂ ਆਈਆਂ | ਗ਼ਲਤ ਅਤੇ ਠੀਕ, ਝੂਠ ਅਤੇ ਸੱਚ ਵਿਚਲੇ ਫ਼ਰਕ ਦੀ ਉਨ੍ਹਾਂ ਨੂੰ ਸਮਝ ਆਈ | ਉਨ੍ਹਾਂ ਨੇ ਗੁਰੂ ਸਾਹਿਬਾਨ ਵੱਲੋਂ ਦਿੱਤੀ ਗਈ ਸੇਧ ਦੇ ਮੁਤਾਬਿਕ ਜ਼ਿੰਦਗੀ ਦੇ ਵੱਖ-ਵੱਖ ਖੇਤਰਾਂ ਵਿਚ ਵਿਚਰਨਾ ਸਿੱਖਿਆ | ਗੁਰਮਤਿ ਵਿਚਾਰਧਾਰਾ ਦੇ ਲੜ ਲੱਗ ਕੇ ਪੰਜਾਬੀਆਂ ਨੇ ਨਾ ਕੇਵਲ ਕੇਂਦਰੀ ਏਸ਼ੀਆ ਤੋਂ ਆਉਣ ਵਾਲੇ ਹਮਲਾਵਰਾਂ ਦਾ ਮੰੂਹ ਭੰਨਿਆ, ਸਗੋਂ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਿਚ ਪੰਜਾਬ 'ਚ ਆਪਣਾ ਵਿਸ਼ਾਲ ਰਾਜ ਵੀ ਕਾਇਮ ਕੀਤਾ, ਜਿਸ ਦੇ ਡੰਕੇ ਯੂਰਪ ਤੱਕ ਵਜਦੇ ਸਨ |

ਪਰ ਸਮਾਂ ਹਮੇਸ਼ਾ ਇਕੋ ਜਿਹਾ ਨਹੀਂ ਰਹਿੰਦਾ | ਮਨੁੱਖੀ ਸੱਭਿਆਤਾਵਾਂ ਦੇ ਲੰਮੇ ਸਫ਼ਰ ਵਿਚ ਉਤਰਾ-ਚੜ੍ਹਾਅ ਆਉਂਦੇ ਹੀ ਰਹਿੰਦੇ ਹਨ | ਪੰਜਾਬ ਵੀ ਅੰਗਰੇਜ਼ਾਂ ਦਾ ਗੁਲਾਮ ਹੋ ਗਿਆ | ਪਰ ਗੁਲਾਮੀ ਤੋਂ ਕੁਝ ਦਹਾਕੇ ਬਾਅਦ ਹੀ ਪੰਜਾਬੀਆਂ ਨੇ ਆਪਣੇ ਇਤਿਹਾਸ, ਖਾਸ ਕਰਕੇ ਗੁਰੂ ਸਾਹਿਬਾਨ ਤੋਂ ਪ੍ਰੇਰਨਾ ਲੈ ਕੇ ਆਜ਼ਾਦੀ ਪ੍ਰਾਪਤੀ ਲਈ ਸੰਘਰਸ਼ ਨਵੇਂ ਸਿਰੇ ਤੋਂ ਵਿੱਢ ਦਿੱਤਾ | ਪੰਜਾਬ ਵਿਚ ਚੱਲੀਆਂ ਵੱਖ-ਵੱਖ ਲਹਿਰਾਂ ਜਿਵੇਂ ਕਿ ਸਿੰਘ ਸਭਾ ਲਹਿਰ, ਨਾਮਧਾਰੀ ਲਹਿਰ, ਗ਼ਦਰ ਲਹਿਰ, ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀ ਜੱਦੋ-ਜਹਿਦ, ਅਕਾਲੀ ਲਹਿਰ ਅਤੇ ਬੱਬਰ ਅਕਾਲੀ ਲਹਿਰ ਆਦਿ ਲਹਿਰਾਂ ਦੇ ਭਾਵੇਂ ਉਦੇਸ਼ਾਂ ਵਿਚ ਭਿੰਨ-ਭੇਦ ਹੋ ਸਕਦੇ ਹਨ ਪਰ ਸਮੁੱਚੇ ਤੌਰ 'ਤੇ ਇਹ ਲਹਿਰਾਂ ਦੇਸ਼ ਅਤੇ ਪੰਜਾਬੀਆਂ ਦੀ ਬੰਦਖਲਾਸੀ ਵੱਲ ਹੀ ਸੇਧਤ ਸਨ ਅਤੇ ਇਨ੍ਹਾਂ ਦੀ ਅਗਵਾਈ ਕਰਨ ਵਾਲੇ ਸਿੱਖ ਇਤਿਹਾਸ, ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਤੋਂ ਕਿਸੇ ਨਾ ਕਿਸੇ ਰੂਪ ਵਿਚ ਪ੍ਰੇਰਿਤ ਸਨ | ਇਸੇ ਕਰਕੇ ਪੰਜਾਬੀਆਂ ਨੇ ਚੜ੍ਹਦੀ ਕਲਾ 'ਚ ਰਹਿੰਦਿਆਂ ਹਰ ਵੱਡੀ ਤੋਂ ਵੱਡੀ ਚੁਣੌਤੀ ਦਾ ਸਾਹਮਣਾ ਕੀਤਾ |

1947 ਵਿਚ ਦੇਸ਼ ਆਜ਼ਾਦ ਹੋਣ ਦੇ ਨਾਲ ਹੀ ਪੰਜਾਬ ਦਾ ਬਟਵਾਰਾ ਹੋ ਗਿਆ | ਇਸ ਨਾਲ ਪੰਜਾਬੀ ਸੱਭਿਅਤਾ ਤੀਲਾ-ਤੀਲਾ ਹੋ ਕੇ ਇਧਰ-ਉਧਰ ਬਿਖਰ ਗਈ | ਲੱਖਾਂ ਲੋਕਾਂ ਨੂੰ ਪਾਕਿਸਤਾਨ ਤੋਂ ਇਧਰ ਆ ਕੇ ਵਸਣਾ ਪਿਆ ਅਤੇ ਲੱਖਾਂ ਲੋਕਾਂ ਨੂੰ ਇਧਰ ਆਪਣੇ ਘਰ-ਬਾਰ ਛੱਡ ਕੇ ਪਾਕਿਸਤਾਨ ਜਾਣਾ ਪਿਆ | ਇਸ ਸਾਰੇ ਘੱਲੂਘਾਰੇ ਵਿਚ 10 ਲੱਖ ਲੋਕ ਮਾਰੇ ਗਏ ਅਤੇ ਇਕ ਕਰੋੜ ਲੋਕਾਂ ਦਾ ਉਜਾੜਾ ਹੋ ਗਿਆ | ਇਸ ਤਰ੍ਹਾਂ ਮਾਰੇ ਜਾਣ ਵਾਲਿਆਂ ਅਤੇ ਉਜੜਨ ਵਾਲਿਆਂ ਵਿਚ ਵੱਡੀ ਗਿਣਤੀ ਪੰਜਾਬੀਆਂ ਦੀ ਹੀ ਸੀ | ਇਸ ਦੇ ਬਾਵਜੂਦ ਪੰਜਾਬੀਆਂ ਨੇ ਹੌਸਲਾ ਨਹੀਂ ਹਾਰਿਆ | ਪਰਿਵਾਰ ਟੁੱਟ ਗਏ | ਪਿੰਡ ਤੇ ਸ਼ਹਿਰ ਛੁੱਟ ਗਏ | ਨਵੀਆਂ ਧਰਤੀਆਂ 'ਤੇ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕਰਨ ਦੀ ਮਜਬੂਰੀ ਗਲ਼ ਆਣ ਪਈ | ਪਰ ਵੰਡ ਤੋਂ ਬਾਅਦ ਇਕ ਦਹਾਕੇ ਦੇ ਅੰਦਰ-ਅੰਦਰ ਹੀ ਪੰਜਾਬੀਆਂ ਨੇ ਭਰਪੂਰ ਵਸਣਾ ਸ਼ੁਰੂ ਕਰ ਦਿੱਤਾ | ਪੰਜਾਬ ਨੂੰ ਇਸ ਸਦਮੇ ਤੋਂ ਉਭਾਰਨ ਵਿਚ ਅਤੇ ਰਾਜ ਦੀ ਆਰਥਿਕਤਾ ਨੂੰ ਨਵਾਂ ਹੁਲਾਰਾ ਦੇਣ ਵਿਚ ਪਿੰਡਾਂ ਨੇ ਅਹਿਮ ਰੋਲ ਅਦਾ ਕੀਤਾ |

ਅੱਜ ਤੋਂ ਲਗਭਗ ਛੇ ਦਹਾਕੇ ਪਿੱਛੇ ਵੱਲ ਝਾਤ ਮਾਰਦੇ ਹਾਂ ਤਾਂ ਪੰਜਾਬੀਆਂ ਦੀ ਸਖ਼ਤ ਮਿਹਨਤ ਅਤੇ ਦਿ੍ੜ੍ਹਤਾ ਦੇ ਦਿ੍ਸ਼ ਅੱਖਾਂ ਅੱਗੇ ਸਾਕਾਰ ਹੋ ਜਾਂਦੇ ਹਨ | ਤੜਕੇ ਖਿੱਤੀਆਂ (ਤਾਰੇ) ਵੇਖ ਕੇ ਕਿਸਾਨ ਪਰਿਵਾਰ ਉੱਠ ਬੈਠਦੇ ਸਨ | ਮਰਦ ਬਲਦਾਂ ਤੇ ਹੋਰ ਪਸ਼ੂਆਂ ਨੂੰ ਪੱਠੇ ਪਾਉਣ ਵਿਚ ਰੁੱਝ ਜਾਂਦੇ ਸਨ ਅਤੇ ਘਰ ਦੀਆਂ ਸੁਆਣੀਆਂ ਚੱਕੀਆਂ ਝੋਹ ਲੈਂਦੀਆਂ ਸਨ ਜਾਂ ਚਾਟੀਆਂ ਵਿਚ ਮਧਾਣੀਆਂ ਪਾ ਕੇ ਦੁੱਧ ਰਿੜਕਣਾ ਸ਼ੁਰੂ ਕਰ ਦਿੰਦੀਆਂ ਸਨ | ਪਿੰਡਾਂ ਵਿਚ ਸਭ ਪਾਸੇ ਮਧਾਣੀਆਂ ਅਤੇ ਚੱਕੀਆਂ ਦਾ ਸੰਗੀਤ ਗੂੰਜ ਉੱਠਦਾ ਸੀ ਅਤੇ ਪਿੰਡਾਂ ਦੀਆਂ ਬਰੂਹਾਂ 'ਤੇ ਚਲਦੇ ਹਲਟਾਂ ਦੇ ਵਜਦੇ ਕੁੱਤਿਆਂ ਦੀ ਟਨ-ਟਨ ਅਤੇ ਬਲਦਾਂ ਦੇ ਗਲਾਂ ਵਿਚ ਪਏ ਘੰੁਗਰੂਆਂ ਦੀ ਛਣ-ਛਣ ਇਸ ਸੰਗੀਤ ਵਿਚ ਹੋਰ ਵੀ ਰੰਗ ਭਰ ਦਿੰਦੀ ਸੀ | ਹਨੇਰੇ-ਹਨੇਰੇ ਹੀ ਹਾਲੀ ਖੇਤਾਂ ਨੂੰ ਨਿਕਲ ਜਾਂਦੇ ਅਤੇ ਸੂਰਜ ਚੜ੍ਹਨ ਤੋਂ ਪਹਿਲਾਂ-ਪਹਿਲਾਂ ਜੋਤਾ ਲਾ ਕੇ ਬਲਦਾਂ ਨੂੰ ਛੱਡ ਦਿੱਤਾ ਜਾਂਦਾ | ਕਿਸਾਨ ਫਿਰ ਪਸ਼ੂਆਂ ਲਈ ਪੱਠਿਆਂ ਦਾ ਪ੍ਰਬੰਧ ਕਰਨ ਵਿਚ ਰੁੱਝ ਜਾਂਦੇ | ਦੁਪਹਿਰੇ ਪਿੱਪਲਾਂ ਅਤੇ ਬੋਹੜਾਂ ਦੀ ਛਾਂ ਹੇਠ ਸੱਥਾਂ ਵਿਚ ਗੁਜ਼ਰਦੇ ਅਤੇ ਦਿਨ ਢਲਦਿਆਂ ਹੀ ਕਿਸਾਨ ਪਰਿਵਾਰ ਮੁੜ ਆਪਣੇ ਕੰਮ-ਧੰਦਿਆਂ ਵਿਚ ਰੁੱਝ ਜਾਂਦੇ |

ਦਿਨ-ਤਿਉਹਾਰ ਪੂਰੀ ਰੂਹ ਨਾਲ ਮਨਾਏ ਜਾਂਦੇ ਸਨ | ਸਾਵਣ ਆਉਣ 'ਤੇ ਹਰ ਪਿੰਡ ਦੇ ਪਿੱਪਲਾਂ, ਬੋਹੜਾਂ, ਕਿੱਕਰਾਂ ਅਤੇ ਨਿੰਮਾਂ ਨਾਲ ਕੁੜੀਆਂ ਪੀਂਘਾਂ ਪਾ ਲੈਂਦੀਆਂ ਸਨ | ਮੋਟੀਆਂ-ਮੋਟੀਆਂ ਲੌਾਆਂ ਮੁਟਿਆਰਾਂ ਨੂੰ ਪਿੰਡ ਦੇ ਲੋਕ ਖ਼ੁਦ ਵੱਟ ਕੇ ਦਿੰਦੇ ਸਨ | ਦੇਰ ਰਾਤ ਤੱਕ ਪਿੰਡਾਂ ਦੀਆਂ ਜੂਹਾਂ ਵਿਚ ਮੁਟਿਆਰਾਂ ਦੇ ਗੀਤ ਗੂੰਜਦੇ ਰਹਿੰਦੇ ਸਨ | ਕਣਕ ਦੀਆਂ ਵਾਢੀਆਂ ਵਰਗਾ ਸਖ਼ਤ ਕੰਮ ਵੀ ਬਹੁਤੀ ਵਾਰ ਲੋਕ ਰਲ-ਮਿਲ ਕੇ ਕਰਦੇ ਸਨ | ਜੇਕਰ ਕਿਸੇ ਦੇ ਵੱਢਣ ਵਾਲੇ ਜ਼ਿਆਦਾ ਖੇਤ ਹੋਣ ਤਾਂ ਉਹ ਆਵਤ ਪੁਆ ਲੈਂਦਾ ਸੀ | ਪਿੰਡ ਤੋਂ ਢੋਲੀਆਂ ਦੀ ਅਗਵਾਈ ਵਿਚ ਕਿਸਾਨਾਂ ਦੇ ਜਥੇ ਭੰਗੜੇ ਪਾਉਂਦੇ ਦਾਤੀਆਂ ਲੈ ਕੇ ਖੇਤਾਂ ਵੱਲ ਤੁਰ ਪੈਂਦੇ ਸਨ | ਜੇਕਰ ਇਕ ਖੇਤ ਕਣਕ ਵੱਢਣੀ ਹੋਵੇ ਤਾਂ ਮੁਸ਼ਕਿਲ ਨਾਲ ਇਕ ਵਾਢੇ ਦੇ ਹਿੱਸੇ ਇਕ ਕਿਆਰਾ ਹੀ ਆਉਂਦਾ ਸੀ | ਦੁਪਹਿਰ ਨੂੰ ਮੁਟਿਆਰਾਂ ਪੀਲੇ ਚੌਲ ਅਤੇ ਘਿਓ ਸ਼ੱਕਰਾਂ ਲੈ ਕੇ ਖੇਤਾਂ ਵਿਚ ਪਹੁੰਚ ਜਾਂਦੀਆਂ ਸਨ | ਸ਼ਾਮ ਨੂੰ ਸੂਰਜ ਦੇ ਛਿਪਣ ਸਾਰ ਖੇਤਾਂ ਦੇ ਖੇਤ ਵੱਢ ਕੇ ਆਵਤੀਏ ਢੋਲ ਵਜਾਉਂਦੇ ਅਤੇ ਨੱਚਦੇ-ਟੱਪਦੇ ਪਿੰਡ ਆ ਪਹੁੰਚਦੇ ਸਨ ਤੇ ਫਿਰ ਰੱਜ ਕੇ ਠੱਠਾ ਮਜ਼ਾਕ ਅਤੇ ਖਾਣਾ-ਪੀਣਾ ਹੁੰਦਾ ਸੀ | ਜ਼ਿੰਦਗੀ ਇਕ ਬੋਝ ਨਹੀਂ, ਸਗੋਂ ਜਸ਼ਨ ਵਾਂਗ ਹੁੰਦੀ ਸੀ | ਅਮੀਰ ਅਤੇ ਗਰੀਬ ਵਿਚ ਬਹੁਤਾ ਜ਼ਿਆਦਾ ਪਾੜਾ ਨਹੀਂ ਸੀ ਅਤੇ ਨਾ ਹੀ ਠੱਠਾ ਮਜ਼ਾਕ ਕਰਦਿਆਂ ਕੋਈ ਕਿਸੇ ਨੂੰ ਵੱਡਾ ਜਾਂ ਛੋਟਾ ਸਮਝਦਾ ਸੀ |

ਫਿਰ 1965-70 ਵਿਚ ਹਰੇ ਇਨਕਲਾਬ ਨੇ ਆ ਦਸਤਕ ਦਿੱਤੀ | ਜ਼ਮੀਨਾਂ ਦੀਆਂ ਮੁਰੱਬੇਬੰਦੀਆਂ ਹੋਈਆਂ | ਕਿਸਾਨਾਂ ਦੀਆਂ ਇਧਰ-ਉਧਰ ਪਈਆਂ ਜ਼ਮੀਨਾਂ ਇਕ ਥਾਂ ਇਕੱਠੀਆਂ ਹੋ ਗਈਆਂ | ਪਰ ਇਸ ਸਿਲਸਿਲੇ ਵਿਚ ਪਿੰਡਾਂ ਦੇ ਦਰੱਖਤਾਂ ਦਾ ਘਾਣ ਹੋ ਗਿਆ | ਰਾਹਾਂ ਦੇ ਆਲੇ-ਦੁਆਲੇ ਦੇ ਅਤੇ ਖੇਤਾਂ ਵਿਚਲੇ ਦਰੱਖਤ ਜ਼ਮੀਨਾਂ ਦੀ ਅਦਲੀ-ਬਦਲੀ ਵਿਚ ਵੱਢੇ-ਟੁੱਕੇ ਗਏ | ਕਿਸਾਨਾਂ ਨੇ ਹਲਟ ਛੱਡ ਕੇ ਕਰਜ਼ੇ ਲੈ ਕੇ ਟਿਊਬਵੈੱਲ ਲੁਆ ਲਏ | ਵਿਰਲੇ-ਟਾਵਿਆਂ ਨੇ ਟਰੈਕਟਰ ਲੈ ਲਏ | ਥਰੈਸ਼ਰ ਆ ਗਏ | ਹਲਟਾਂ ਦੀ ਟਨ-ਟਨ ਦੀ ਥਾਂ 'ਤੇ ਹੁਣ ਪਿੰਡਾਂ 'ਚ ਇੰਜਣਾਂ ਦੀ ਧੁੱਖ-ਧੁੱਖ ਸੁਣਾਈ ਦੇਣ ਲੱਗ ਪਈ | ਬਿਜਲੀ ਆਉਣ ਨਾਲ ਪਿੰਡਾਂ ਦੀਆਂ ਬਰੂਹਾਂ ਵਿਚ ਮੋਟਰਾਂ ਦੀਆਂ ਗੂੰਜਾਂ ਸੁਣਾਈ ਦੇਣ ਲੱਗੀਆਂ | ਪਿੰਡਾਂ ਦੀਆਂ ਸੱਥਾਂ ਵਿਚ ਚੈਨ ਨਾਲ ਦੁਪਹਿਰਾਂ ਗੁਜ਼ਾਰਨ ਵਾਲੇ ਕਿਸਾਨ ਇੰਜਣਾਂ, ਮੋਟਰਾਂ ਅਤੇ ਟਰੈਕਟਰਾਂ ਦੇ ਆਲੇ-ਦੁਆਲੇ ਨੱਠਣ-ਭੱਜਣ ਲੱਗ ਪਏ | ਕਣਕ ਅਤੇ ਝੋਨੇ ਦੇ ਅੰਬਾਰ ਲੱਗ ਗਏ | ਘਰ ਕੱਚਿਆਂ ਤੋਂ ਪੱਕੇ ਹੋ ਗਏ | ਪੈਸੇ-ਧੇਲੇ ਪੱਖੋਂ ਕੁਝ ਦਹਾਕੇ ਚੰਗੇ ਲੰਘ ਗਏ |

ਪਰ ਵੇਖਦਿਆਂ ਹੀ ਵੇਖਦਿਆਂ ਜ਼ਮੀਨਾਂ ਦੀ ਉਪਜਾਊ ਸ਼ਕਤੀ ਗੁਆਚਣ ਲੱਗ ਪਈ | ਉਤਪਾਦਨ ਬਣਾਈ ਰੱਖਣ ਲਈ ਖਾਦਾਂ ਹੋਰ ਖਾਦਾਂ, ਜ਼ਹਿਰਾਂ ਹੋਰ ਜ਼ਹਿਰਾਂ ਦਾ ਅਟੁੱਟ ਸਿਲਸਿਲਾ ਆਰੰਭ ਹੋ ਗਿਆ | ਥੋੜ੍ਹੇ-ਬਹੁਤੇ ਜੋ ਕਾਰਖਾਨੇ ਲੱਗੇ ਉਨ੍ਹਾਂ ਨੇ ਗੰਦੇ ਤੇ ਤੇਜ਼ਾਬੀ ਪਾਣੀ ਨਦੀਆਂ ਨਾਲਿਆਂ ਵਿਚ ਅਤੇ ਬੋਰ ਕਰਕੇ ਜ਼ਮੀਨ ਵਿਚ ਸੁੱਟਣੇ ਸ਼ੁਰੂ ਕਰ ਦਿੱਤੇ ਤੇ ਫਿਰ ਪਤਾ ਵੀ ਨਾ ਲੱਗਾ ਕਿ ਕਦੋਂ ਨਦੀਆਂ, ਨਾਲਿਆਂ ਦੇ ਅਤੇ ਇਥੋਂ ਤੱਕ ਧਰਤੀ ਹੇਠਲੇ ਪਾਣੀ ਵੀ ਜ਼ਹਿਰੀਲੇ ਹੋ ਗਏ | ਜਿਨ੍ਹਾਂ ਪਿੰਡਾਂ ਵਿਚ ਲੋਕ ਤਿੰਨ ਹੱਥ ਰੱਸੀ ਨਾਲ ਬਾਲਟੀ ਬੰਨ੍ਹ ਕੇ ਪਾਣੀ ਭਰ ਲੈਂਦੇ ਸਨ, ਉਨ੍ਹਾਂ ਵਿਚ ਪਾਣੀ ਪਾਤਾਲ ਵਿਚ ਉਤਰ ਗਏ | ਪੀਣ ਅਤੇ ਸਿੰਚਾਈ ਲਈ ਪਾਣੀ ਸਬਮਰਸੀਬਲ ਪੰਪਾਂ ਰਾਹੀਂ ਆਉਂਦਾ ਹੈ | ਅੱਜ ਪਿੰਡ-ਪਿੰਡ ਕੈਂਸਰ ਮਾਰਿਆਂ ਨੇ ਮੰਜੇ ਮੱਲੇ ਹੋਏ ਹਨ | ਕਿਸੇ ਦੇ ਗੁਰਦੇ ਫੇਲ੍ਹ ਹਨ, ਕਿਸੇ ਨੂੰ ਸ਼ੂਗਰ ਹੈ, ਕੋਈ ਬਲੱਡ ਪ੍ਰੈਸ਼ਰ ਤੋਂ ਪ੍ਰੇਸ਼ਾਨ ਹੈ ਤੇ ਕੋਈ ਕਿਸੇ ਹੋਰ ਭਿਆਨਕ ਬਿਮਾਰੀ ਨਾਲ ਦੋ-ਚਾਰ ਹੋ ਰਿਹਾ ਹੈ | ਕੁਝ ਦਹਾਕਿਆਂ ਤੱਕ ਪਿੰਡਾਂ ਦੇ ਸਰਕਾਰੀ ਸਕੂਲਾਂ ਤੇ ਹਸਪਤਾਲਾਂ ਵਿਚ ਪੂਰਾ ਅਮਲਾ ਹੁੰਦਾ ਸੀ | ਸਿਹਤ ਕੇਂਦਰਾਂ ਵਿਚ ਦਵਾਈਆਂ ਠੀਕ ਤਰ੍ਹਾਂ ਮਿਲਦੀਆਂ ਸਨ ਅਤੇ ਸਕੂਲਾਂ ਵਿਚ ਬੱਚੇ ਭਰਪੂਰ ਪੜ੍ਹਦੇ ਸਨ | ਪਰ ਹੁਣ ਬਹੁਤੇ ਪਿੰਡਾਂ ਦੇ ਸਿਹਤ ਕੇਂਦਰ ਲੋੜੀਂਦੇ ਅਮਲੇ ਤੋਂ ਸੱਖਣੇ, ਬਿਮਾਰ ਨਜ਼ਰ ਆਉਂਦੇ ਹਨ | ਸਰਕਾਰੀ ਸਕੂਲਾਂ ਵਿਚ ਨਾ ਪੂਰਾ ਅਮਲਾ ਹੈ ਅਤੇ ਨਾ ਹੀ ਵਿਦਿਆਰਥੀਆਂ ਦੀਆਂ ਭਰਪੂਰ ਰੌਣਕਾਂ | ਪਿੰਡਾਂ ਅਤੇ ਸ਼ਹਿਰਾਂ ਦੇ ਨਿੱਜੀ ਸਕੂਲ ਅਤੇ ਨਿੱਜੀ ਹਸਪਤਾਲ ਲੋਕਾਂ ਦੀ ਚਮੜੀ ਉਧੇੜ ਰਹੇ ਹਨ |

ਜਾਪਦਾ ਹੈ ਸਰਕਾਰਾਂ ਨੇ ਪਿੰਡਾਂ ਨੂੰ ਤਿਲਾਂਜਲੀ ਦੇ ਦਿੱਤੀ ਹੈ | ਕੇਂਦਰੀ ਸਰਕਾਰ ਨੇ ਤਾਂ ਸਪੱਸ਼ਟ ਰੂਪ ਵਿਚ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਦੂਜਾ ਹਰਾ ਇਨਕਲਾਬ ਉਹ ਹੁਣ ਪੂਰਬੀ ਭਾਰਤ ਵਿਚ ਲਿਆਏਗੀ | ਜ਼ਹਿਰ ਮਾਰੇ ਪੰਜਾਬ ਅਤੇ ਹਰਿਆਣੇ ਦੀ ਹੁਣ ਉਸ ਨੂੰ ਬਹੁਤੀ ਲੋੜ ਨਹੀਂ | ਜਿਨ੍ਹਾਂ ਤਿਲਾਂ ਵਿਚ ਤੇਲ ਨਾ ਹੋਵੇ, ਉਨ੍ਹਾਂ ਨੂੰ ਕੌਣ ਪੁੱਛਦਾ ਹੈ ਤੇ ਜਿਸ ਧਰਤੀ ਹੇਠ ਪਾਣੀ ਮੁੱਕਦਾ ਜਾ ਰਿਹਾ ਹੋਵੇ, ਉਸ ਤੋਂ ਕੇਂਦਰੀ ਸਰਕਾਰ ਨੇ ਕੀ ਲੈਣਾ ਹੈ? ਲੋਕਾਂ ਦਾ ਕੀ ਹੈ? ਉਹ ਤਾਂ ਘਾਹ ਦੀ ਹੀ ਤਰ੍ਹਾਂ ਹੁੰਦੇ ਹਨ, ਆਪੇ ਹੀ ਵਿਗਸਦੇ ਅਤੇ ਵਿਨਸਦੇ ਰਹਿੰਦੇ ਹਨ |
ਅਜੇ ਵੀ ਮੰਡੀਆਂ ਵਿਚ ਲਗਦੇ ਕਣਕ ਅਤੇ ਝੋਨੇ ਦੇ ਢੇਰ ਇਸ ਤਰ੍ਹਾਂ ਲਗਦੇ ਹਨ ਜਿਵੇਂ ਕਿਸੇ ਮਰ ਰਹੇ ਪ੍ਰਾਣੀ ਵਿਚ ਆਖਰੀ ਸਮੇਂ 'ਚ ਵਧੇਰੇ ਹਰਕਤ ਦਿਖਾਈ ਦੇਣ ਲੱਗ ਪੈਂਦੀ ਹੈ ਜਾਂ ਜਿਵੇਂ ਕੋਈ ਦੀਵਾ ਬੁਝਣ ਤੋਂ ਪਹਿਲਾਂ ਕੁਝ ਪਲਾਂ ਲਈ ਵਧੇਰੇ ਲਟ-ਲਟ ਬਲਣ ਲੱਗ ਪੈਂਦਾ ਹੈ |
ਪੰਜਾਬ ਦੇ ਜਿਨ੍ਹਾਂ ਪਿੰਡਾਂ 'ਤੇ ਗਰਬ ਕਰਦੇ ਹੋਏ ਸ਼ਾਇਰ 'ਆਜਾ ਮੇਰੇ ਪਿੰਡ ਦੀ ਨੁਹਾਰ ਵੇਖ ਲੈ' ਕਹਿ ਕੇ ਦੂਜਿਆਂ ਨੂੰ ਪਿੰਡਾਂ ਦੇ ਭਰਪੂਰ ਜੀਵਨ ਅਤੇ ਕੁਦਰਤੀ ਦਿ੍ਸ਼ਾਂ ਨੂੰ ਮਾਨਣ ਦੇ ਸੱਦੇ ਦਿੰਦੇ ਸਨ, ਜਿਨ੍ਹਾਂ ਪਿੰਡਾਂ ਦੇ ਨਾਂਵਾਂ 'ਤੇ 'ਪਿੰਡਾਂ ਵਿਚੋਂ ਪਿੰਡ ਸੁਣੀਂਦਾ' ਕਹਿ ਕੇ ਬੋਲੀਆਂ ਪਾਈਆਂ ਜਾਂਦੀਆਂ ਸਨ, ਉਨ੍ਹਾਂ ਦੇ ਦਿ੍ਸ਼ ਹੁਣ ਬਹੁਤ ਜ਼ਿਆਦਾ ਬਦਲੇ-ਬਦਲੇ ਜਾਪਦੇ ਹਨ |

ਸਿਆਸੀ ਪਾਰਟੀਆਂ ਨੇ ਵੋਟ ਰਾਜਨੀਤੀ ਨੂੰ ਇਸ ਤਰ੍ਹਾਂ ਚਲਾਇਆ ਹੈ ਕਿ ਪਿੰਡ ਦੇ ਹਰ ਵਸਨੀਕ ਦੀ ਪਛਾਣ ਇਥੋਂ ਤੱਕ ਸੀਮਤ ਹੋ ਕੇ ਰਹਿ ਗਈ ਹੈ ਕਿ ਉਹ ਕਿਸ ਪਾਰਟੀ ਦਾ ਵੋਟਰ ਹੈ | ਵਿਰੋਧੀ ਪਾਰਟੀਆਂ ਦੇ ਵੋਟਰਾਂ ਨੂੰ ਡਰਾਉਣ-ਧਮਕਾਉਣ ਲਈ ਹਰ ਪਾਰਟੀ ਨੇ ਪਿੰਡਾਂ ਵਿਚ ਗੰੁਡੇ ਤੇ ਘੜੱਮ ਚੌਧਰੀ ਪਾਲ ਰੱਖੇ ਹਨ | ਥਾਣੇ-ਕਚਹਿਰੀਆਂ ਵਿਚ ਇਨ੍ਹਾਂ ਲੋਕਾਂ ਦੀ ਹੀ ਸੁਣਵਾਈ ਹੁੰਦੀ ਹੈ | ਨਾਜਾਇਜ਼ ਸ਼ਰਾਬਾਂ ਵੇਚਣ ਵਾਲੇ, ਅਫੀਮ ਤੇ ਭੁੱਕੀਆਂ ਵੇਚਣ ਵਾਲੇ, ਹੈਰੋਇਨ ਤੇ ਸਮੈਕ ਵੇਚਣ ਵਾਲੇ ਅਤੇ ਇਨ੍ਹਾਂ ਸਾਰੇ ਨਸ਼ਿਆਂ ਦਾ ਖੁੱਲ੍ਹਾ ਸੇਵਣ ਕਰਨ ਵਾਲੇ ਸਿਆਸੀ ਪਾਰਟੀਆਂ ਦੀਆਂ ਲਿਸਟਾਂ ਵਿਚ ਸਭ ਤੋਂ ਉੱਪਰ ਹਨ | ਕਿਉਂਕਿ ਇਹ ਸਭ ਬਹੁਤ ਕੰਮ ਦੇ ਬੰਦੇ ਹੁੰਦੇ ਹਨ | ਇਨ੍ਹਾਂ ਤੋਂ ਕੁਝ ਵੀ ਕਰਵਾਇਆ ਜਾ ਸਕਦਾ ਹੈ | ਬਹੁਤੇ ਪਿੰਡਾਂ ਦੇ ਆਮ ਲੋਕ ਸਿਆਸੀ ਪਾਰਟੀਆਂ ਦੇ ਇਸ ਤਰ੍ਹਾਂ ਦੇ ਦਲਾਲਾਂ ਤੋਂ ਬੁਰੀ ਤਰ੍ਹਾਂ ਭੈਭੀਤ ਹੋ ਚੁੱਕੇ ਹਨ | ਜੇ ਉਨ੍ਹਾਂ ਦੀ ਕੁੱਟ-ਮਾਰ ਹੁੰਦੀ ਹੈ, ਜੇ ਕੋਈ ਉਨ੍ਹਾਂ ਦੇ ਪਰਿਵਾਰ ਦੀ ਇੱਜ਼ਤ 'ਤੇ ਹੱਥ ਪਾ ਲੈਂਦਾ ਹੈ, ਜੇ ਉਨ੍ਹਾਂ ਦੀ ਜ਼ਮੀਨ-ਜਾਇਦਾਦ 'ਤੇ ਕੋਈ ਧਾਕੜ ਆਣ ਕਬਜ਼ਾ ਕਰ ਲੈਂਦਾ ਹੈ, ਤਾਂ ਵੀ ਸਰਕਾਰੇ-ਦਰਬਾਰੇ ਉਨ੍ਹਾਂ ਦੀ ਕੋਈ ਪੁੱਛ-ਪ੍ਰਤੀਤ ਨਹੀਂ ਹੁੰਦੀ | ਸਿਆਸੀ ਪਾਰਟੀਆਂ ਦੇ ਦਲਾਲਾਂ ਤੋਂ ਪੁੱਛ ਕੇ ਹੀ ਪੁਲਿਸ ਹਰਕਤ ਵਿਚ ਆਉਂਦੀ ਹੈ | ਜੇ ਉਹ ਅਣਖ ਤੇ ਗ਼ੈਰਤ ਛੱਡ ਕੇ ਕਿਸੇ ਸੱਤਾਧਾਰੀ ਪਾਰਟੀ ਦੇ ਅਖੌਤੀ ਆਗੂ ਦੀ ਈਨ ਮੰਨ ਲੈਣ ਜਾਂ ਉਨ੍ਹਾਂ ਦੀ ਜੇਬ ਵਿਚ ਥਾਣਿਆਂ-ਕਚਹਿਰੀਆਂ ਵਿਚ ਖਰਚਣ ਲਈ ਖੁੱਲ੍ਹੇ ਪੈਸੇ ਹੋਣ ਤਾਂ ਹੀ ਉਨ੍ਹਾਂ ਦੀ ਥੋੜ੍ਹੀ-ਬਹੁਤੀ ਸੁਣਵਾਈ ਹੋ ਸਕਦੀ ਹੈ |
ਪੰਜਾਬ ਦੇ ਉਹ ਪਿੰਡ, ਜਿਨ੍ਹਾਂ ਨੇ ਗ਼ਦਰ ਲਹਿਰ, ਅਕਾਲੀ ਲਹਿਰ, ਬੱਬਰ ਅਕਾਲੀ ਲਹਿਰ ਜਾਂ ਹੋਰ ਇਨਕਲਾਬੀ ਲਹਿਰਾਂ ਵਿਚ ਮਾਣਯੋਗ ਹਿੱਸਾ ਪਾਇਆ ਸੀ, ਅੱਜ ਉਨ੍ਹਾਂ ਵਿਚੋਂ ਬਹੁਤੇ ਪਿੰਡਾਂ ਵਿਚ ਨਾਜਾਇਜ਼ ਸ਼ਰਾਬ ਅਤੇ ਸਮੈਕ ਵੇਚਣ ਵਾਲਿਆਂ ਦੀ ਤੂਤੀ ਬੋਲਦੀ ਹੈ | ਮੰੁਡਿਆਂ ਦੀ ਹੇੜਾਂ ਦੀਆਂ ਹੇੜਾਂ ਜਾਇਜ਼-ਨਾਜਾਇਜ਼ ਹਥਿਆਰ ਚੁੱਕੀ ਉਨ੍ਹਾਂ ਦੇ ਅੱਗੇ-ਪਿੱਛੇ ਭੱਜੀਆਂ ਫਿਰਦੀਆਂ ਹਨ | ਆਮ ਲੋਕ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਚਿੰਤਤ ਹਨ ਕਿ ਉਹ ਇਹੋ ਜਿਹੇ ਲਟਬੋਰਿਆਂ ਦੀ ਮਾੜੀ ਸੰਗਤ ਦੇ ਸ਼ਿਕਾਰ ਨਾ ਹੋ ਜਾਣ | ਖਾਂਦੇ-ਪੀਂਦੇ ਲੋਕ ਸ਼ਹਿਰਾਂ ਵੱਲ ਜਾਂ ਵਿਦੇਸ਼ਾਂ ਨੂੰ ਪ੍ਰਵਾਸ ਕਰੀ ਜਾ ਰਹੇ ਹਨ | ਆਪਣੇ ਬੱਚਿਆਂ ਨੂੰ ਪੜ੍ਹਨ ਲਈ ਉਹ ਸ਼ਹਿਰਾਂ ਜਾਂ ਬਾਹਰਲੇ ਦੇਸ਼ਾਂ ਨੂੰ ਭੇਜ ਰਹੇ ਹਨ | ਬਹੁਤੇ ਪਿੰਡਾਂ ਵਿਚੋਂ ਪੜ੍ਹਨ-ਪੜ੍ਹਾਉਣ ਦਾ ਕੰਮ ਇਕ ਤਰ੍ਹਾਂ ਨਾਲ ਮੁਕ-ਮੁਕਾ ਚੁੱਕਾ ਹੈ |

ਅਦਾਲਤਾਂ ਨੇ ਜਦੋਂ ਤੋਂ ਪਿੰਡਾਂ ਦੇ ਕੁੜੀਆਂ-ਮੰੁਡਿਆਂ ਨੂੰ ਪਿੰਡ ਵਿਚ ਹੀ ਵਿਆਹ ਕਰਵਾਉਣ ਦੀ ਪ੍ਰਵਾਨਗੀ ਦੇਣੀ ਸ਼ੁਰੂ ਕੀਤੀ ਹੈ, ਹਾਲਾਤ ਹੋਰ ਵੀ ਵਿਸਫੋਟਕ ਹੋ ਗਏ ਹਨ | ਪਿੰਡਾਂ ਦੇ ਮੰੁਡੇ ਆਪਣੇ ਪਿੰਡਾਂ ਦੀਆਂ ਕੁੜੀਆਂ ਉਧਾਲੀ ਤੁਰੇ ਫਿਰਦੇ ਹਨ | ਇਨ੍ਹਾਂ ਵਿਚੋਂ ਕਿੰਨੇ ਕੁ ਰਿਸ਼ਤੇ ਨਿਭਣਗੇ, ਕਿੰਨੇ ਕੁ ਨਹੀਂ? ਜਾਂ ਇਨ੍ਹਾਂ ਦਾ ਪਿੰਡਾਂ ਦੇ ਜੀਵਨ 'ਤੇ ਕੀ ਅਸਰ ਹੋਵੇਗਾ? ਅਜੇ ਕੁਝ ਨਹੀਂ ਕਿਹਾ ਜਾ ਸਕਦਾ | ਕਦੇ ਪਿੰਡ ਦੀ ਧੀ ਸਭ ਦੀ ਧੀ ਹੁੰਦੀ ਸੀ, ਹੁਣ ਇਕ ਘਰ ਦੀ ਧੀ ਗਵਾਂਢੀ ਦੇ ਘਰ ਦੀ ਬਹੂ ਬਣ ਜਾਂਦੀ ਹੈ | ਹਰ ਕੋਈ ਇਕ-ਦੂਜੇ ਤੋਂ ਡਰਿਆ-ਡਰਿਆ ਪਿੰਡ ਵਿਚ ਵਿਚਰ ਰਿਹਾ ਹੈ | ਪਿੰਡਾਂ ਵਿਚ ਬਾਹਰੋਂ ਜਾਣ ਵਾਲਿਆਂ ਨੂੰ ਉਪਰੋਂ-ਉਪਰੋਂ ਸਭ ਕੁਝ ਆਮ ਵਾਂਗ ਲਗਦਾ ਹੈ ਪਰ ਅੰਦਰੋਂ ਵੱਡੀਆਂ ਹੋ ਰਹੀਆਂ ਧੀਆਂ ਦੇ ਮਾਪੇ ਨਵੇਂ ਵਰਤਾਰਿਆਂ ਤੋਂ ਭੈਭੀਤ ਹੋਏ ਪਏ ਹਨ |
ਇਹ 21ਵੀਂ ਸਦੀ ਹੈ | ਇਹ 21ਵੀਂ ਸਦੀ ਦਾ ਪੰਜਾਬ ਹੈ ਤੇ ਇਹ 21ਵੀਂ ਸਦੀ ਦੇ ਪਿੰਡ ਹਨ | ਅਸੀਂ ਕੀ ਸਾਂ, ਕੀ ਹੋ ਗਏ? ਅਸੀਂ ਕਿਧਰ ਨੂੰ ਜਾ ਰਹੇ ਹਾਂ? ਸਾਡੀ ਮੰਜ਼ਿਲ ਕੀ ਹੈ? ਸਾਡਾ ਭਵਿੱਖ ਕੀ ਹੈ? ਇਸ ਬਾਰੇ ਸੋਚਣ ਲਈ ਸ਼ਾਇਦ ਸਾਡੇ ਕੋਲ ਫੁਰਸਤ ਹੀ ਨਹੀਂ ਹੈ | ਮੇਰੇ ਕੰਨਾਂ ਵਿਚ ਸਾਬਕ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦੀ ਇਹ ਟਿੱਪਣੀ ਵਾਰ-ਵਾਰ ਗੂੰਜ ਰਹੀ ਹੈ, 'ਤੁਹਾਡਾ ਅਤੀਤ ਬਹੁਤ ਸ਼ਾਨਦਾਰ ਸੀ, ਪਰ ਭਵਿੱਖ ਬੜਾ ਭਿਆਨਕ ਹੋਵੇਗਾ |'
-ਮੋ: 98726-21741
 

Leave a Comment

Message :

CAPTCHA ImageReload Image
ENTER THE CAPTCHA CODE WRITTEN ABOVE