ਕਿਛੁ ਸੁਣੀਐ ਕਿਛੁ ਕਹੀਐ - ਸਤਨਾਮ ਸਿੰਘ ਮਾਣਕ

ਆਓ, ਵੋਟ ਦੀ ਅਹਿਮੀਅਤ ਨੂੰ ਪਛਾਣੀਏ


ਪਿਛਲੇ ਕਈ ਮਹੀਨਿਆਂ ਤੋਂ ਆਰੰਭ ਹੋਇਆ ਪੰਜਾਬ ਦਾ ਚੋਣ ਸੰਗਰਾਮ ਹੁਣ ਆਪਣੇ ਆਖਰੀ ਪੜਾਅ ਵੱਲ ਵਧ ਰਿਹਾ ਹੈ | ਕਾਫੀ ਦਿਨਾਂ ਤੋਂ ਰਾਜ ਵਿਚ ਵੱਖ-ਵੱਖ ਰਾਜਨੀਤਕ ਪਾਰਟੀਆਂ ਵੋਟਰਾਂ ਦਾ ਸਮਰਥਨ ਹਾਸਲ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਾਉਂਦੀਆਂ ਆ ਰਹੀਆਂ ਹਨ | ਆਜ਼ਾਦ ਉਮੀਦਵਾਰ ਵੀ ਆਪੋ-ਆਪਣੇ ਹਲਕੇ ਦੇ ਵੋਟਰਾਂ ਦੀ ਹਮਾਇਤ ਹਾਸਲ ਕਰਨ ਲਈ ਆਪੋ-ਆਪਣੇ ਢੰਗਾਂ ਨਾਲ ਸਰਗਰਮੀ ਦਿਖਾਉਂਦੇ ਰਹੇ ਹਨ | ਚੋਣਾਂ ਦੇ ਆਰੰਭਿਕ ਪੜਾਅ ਵਿਚ ਕਾਂਗਰਸ, ਅਕਾਲੀ ਦਲ-ਭਾਜਪਾ ਗਠਜੋੜ ਅਤੇ ਪੀਪਲਜ਼ ਪਾਰਟੀ ਆਫ ਪੰਜਾਬ ਵੱਲੋਂ ਕਾਫੀ ਸਰਗਰਮੀ ਦਿਖਾਈ ਗਈ | ਇਨ੍ਹਾਂ ਪਾਰਟੀਆਂ ਦੇ ਨੇਤਾਵਾਂ ਵੱਲੋਂ ਰਾਜ ਭਰ ਵਿਚ ਯਾਤਰਾਵਾਂ ਅਤੇ ਵੱਡੀਆਂ-ਵੱਡੀਆਂ ਰੈਲੀਆਂ ਕੀਤੀਆਂ ਗਈਆਂ | ਇਸ ਨਾਲ ਰਾਜ ਦਾ ਮਾਹੌਲ ਚੋਣਾਂ ਲਈ ਭਖਣਾ ਆਰੰਭ ਹੋ ਗਿਆ ਸੀ | ਪਰ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਚੋਣ ਕਮਿਸ਼ਨ ਦੀਆਂ ਸਖ਼ਤੀਆਂ ਕਾਰਨ ਸਿਆਸੀ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਨੂੰ ਆਪਣੀ ਚੋਣ ਮੁਹਿੰਮ ਨੂੰ ਕਾਫੀ ਹੱਦ ਤੱਕ ਸ਼ੋਰ-ਸ਼ਰਾਬੇ ਤੋਂ ਰਹਿਤ ਰੱਖਣਾ ਪਿਆ | ਫਿਰ ਵੀ ਚੋਣਾਂ ਦੀ ਮੁਹਿੰਮ ਦੇ ਅਖੀਰ ਵਿਚ ਕਾਂਗਰਸ, ਭਾਜਪਾ ਤੇ ਖੱਬੀਆਂ ਪਾਰਟੀਆਂ ਦੇ ਕਈ ਪ੍ਰਮੁੱਖ ਕੌਮੀ ਪੱਧਰ ਦੇ ਨੇਤਾਵਾਂ ਨੇ ਰਾਜ ਵਿਚ ਵੱਖ-ਵੱਖ ਰੈਲੀਆਂ ਨੂੰ ਸੰਬੋਧਨ ਕੀਤਾ ਅਤੇ ਸਖ਼ਤ ਸਰਦੀ ਵਿਚ ਚੋਣ ਮੈਦਾਨ 'ਚ ਕੁਝ ਗਰਮੀ ਲਿਆਂਦੀ | ਇਸ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਦੀ ਤਿੱਖੀ ਸ਼ਬਦਾਵਲੀ ਅਤੇ ਮਿਹਣੇਬਾਜ਼ੀ ਵੀ ਸੁਣਨ ਨੂੰ ਮਿਲਦੀ ਰਹੀ |

ਹੁਣ ਜਦੋਂ ਕਿ 30 ਜਨਵਰੀ, 2012 ਨੂੰ ਵੋਟਾਂ ਪਾਉਣ ਦਾ ਦਿਨ ਨੇੜੇ ਆ ਗਿਆ ਹੈ ਤਾਂ ਆਸ ਹੈ ਕਿ ਰਾਜ ਦੇ ਲਗਭਗ ਡੇਢ ਕਰੋੜ ਤੋਂ ਵਧ ਵੋਟਰਾਂ ਵਿਚੋਂ ਬਹੁਤਿਆਂ ਨੇ ਆਪਣਾ ਮਨ ਬਣਾ ਲਿਆ ਹੋਏਗਾ ਕਿ ਉਨ੍ਹਾਂ ਨੇ ਕਿਸ ਪਾਰਟੀ ਦੇ ਉਮੀਦਵਾਰਾਂ ਜਾਂ ਕਿਨ੍ਹਾ ਕਿਨ੍ਹਾ ਆਜ਼ਾਦ ਉਮੀਦਵਾਰਾਂ ਨੂੰ ਵੋਟ ਦੇਣੀ ਹੈ | ਪਰ ਅਜੇ ਵੀ ਬਹੁਤ ਸਾਰੇ ਵੋਟਰ ਅਜਿਹੇ ਹੋਣਗੇ ਜਿਨ੍ਹਾਂ ਨੇ ਇਸ ਸਬੰਧੀ ਕੋਈ ਫ਼ੈਸਲਾ ਨਹੀਂ ਲਿਆ ਹੋਵੇਗਾ | ਪੰਜਾਬ ਦਾ ਪਿਛਲਾ ਚੋਣ ਇਤਿਹਾਸ ਇਹ ਵੀ ਦੱਸਦਾ ਹੈ ਕਿ ਬਹੁਤ ਸਾਰੇ ਵੋਟਰ ਖਾਸ ਕਰਕੇ ਪੜ੍ਹੇ-ਲਿਖੇ ਅਤੇ ਕੁਲੀਨ ਵਰਗ ਨਾਲ ਸੰਬੰਧਿਤ ਵੋਟਰ ਵੋਟਾਂ ਪਾਉਣ ਲਈ ਘਰਾਂ ਤੋਂ ਬਾਹਰ ਨਹੀਂ ਨਿਕਲਦੇ | ਉਹ ਲਾਈਨਾਂ ਵਿਚ ਲੱਗ ਕੇ ਵੋਟਾਂ ਪਾਉਣ ਨੂੰ ਸਮਾਂ ਬਰਬਾਦ ਕਰਨਾ ਸਮਝਦੇ ਹਨ ਜਾਂ ਆਮ ਲੋਕਾਂ ਵਿਚ ਲਾਈਨ ਬਣਾ ਕੇ ਖੜ੍ਹੇ ਹੋਣਾ ਹੀ ਆਪਣੀ ਤੌਹੀਨ ਮਹਿਸੂਸ ਕਰਦੇ ਹਨ | ਕੁਝ ਵੋਟਰ ਇਹ ਸੋਚ ਕੇ ਵੀ ਚੋਣ ਅਮਲ ਤੋਂ ਦੂਰ ਰਹਿੰਦੇ ਹਨ ਕਿ ਸਭ ਪਾਰਟੀਆਂ ਭਿ੍ਸ਼ਟ ਹਨ ਤੇ ਵੋਟਾਂ ਪਾਉਣ ਨਾਲ ਕੋਈ ਵੀ ਫ਼ਰਕ ਨਹੀਂ ਪਵੇਗਾ | ਕੰਮ ਤਾਂ ਰਿਸ਼ਵਤ ਨਾਲ ਹੀ ਹੋਣੇ ਹਨ, ਜਿਹੜੀ ਪਾਰਟੀ ਸੱਤਾ 'ਚ ਆਈ, ਉਸ ਦੇ ਨੇਤਾਵਾਂ ਜਾਂ ਅਫਸਰਾਂ ਨੂੰ ਪੈਸੇ ਦੇ ਕੇ ਕੰਮ ਕਰਵਾ ਲਵਾਂਗੇ | ਕੁਝ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਚੋਣਾਂ ਲੜਨਾ ਧਨਵਾਨਾਂ ਦਾ ਕੰਮ ਹੈ, ਆਮ ਆਦਮੀ ਦੀ ਪਹੁੰਚ ਵਿਚ ਚੋਣਾਂ ਨਹੀਂ ਹਨ | ਚੰਗੇ ਵਿਚਾਰਾਂ ਵਾਲੇ ਲੋਕ ਚੋਣ ਲੜ ਕੇ ਅੱਗੇ ਆ ਹੀ ਨਹੀਂ ਸਕਦੇ | ਇਸ ਲਈ ਵੋਟ ਪਾਉਣ ਦਾ ਕੀ ਫਾਇਦਾ? ਦੂਜੇ ਪਾਸੇ ਬਹੁਤ ਸਾਰੇ ਅਜਿਹੇ ਵੋਟਰ ਵੀ ਹੁੰਦੇ ਹਨ ਜਿਹੜੇ ਸਿਆਸੀ ਪਾਰਟੀਆਂ ਦੇ ਵੱਖ-ਵੱਖ ਤਰ੍ਹਾਂ ਦੇ ਲਾਲਚਾਂ ਤੋਂ ਪ੍ਰਭਾਵਿਤ ਹੋ ਕੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਦੇ ਹਨ | ਫਿਰ ਵੀ ਵੋਟਰਾਂ ਦਾ ਇਕ ਬਹੁਤ ਵੱਡਾ ਹਿੱਸਾ ਅਜਿਹਾ ਹੈ, ਜਿਹੜਾ ਕਿ ਜਮਹੂਰੀਅਤ ਅਤੇ ਆਪਣੇ ਵੋਟ ਦੀ ਅਹਿਮੀਅਤ ਨੂੰ ਸਮਝਦਾ ਹੋਇਆ ਵੋਟਾਂ ਪਾਉਣਾ ਆਪਣਾ ਫਰਜ਼ ਸਮਝਦਾ ਹੈ |

ਸਵਾਲ ਪੈਦਾ ਹੁੰਦਾ ਹੈ ਕਿ ਵੋਟਰਾਂ ਦੇ ਇਕ ਵੱਡੇ ਹਿੱਸੇ ਵਿਚ ਚੋਣ ਅਮਲ ਪ੍ਰਤੀ ਨਿਰਾਸ਼ਤਾ ਕਿਉਂ ਪੈਦਾ ਹੁੰਦੀ ਹੈ? ਉਹ ਅਜਿਹਾ ਕਿਉਂ ਸੋਚਦੇ ਹਨ ਕਿ ਉਨ੍ਹਾਂ ਦੀ ਵੋਟ ਨਾਲ ਕੋਈ ਫ਼ਰਕ ਨਹੀਂ ਪੈਣਾ? ਜਾਂ ਵੋਟਰ ਵੱਖ-ਵੱਖ ਤਰ੍ਹਾਂ ਦੇ ਲਾਲਚਾਂ ਤੋਂ ਪ੍ਰਭਾਵਿਤ ਹੋ ਕੇ ਵੋਟਾਂ ਪਾਉਣ ਲਈ ਕਿਉਂ ਮਜਬੂਰ ਹੁੰਦੇ ਹਨ? ਇਸ ਤਰ੍ਹਾਂ ਦੇ ਕੁਝ ਅਹਿਮ ਸਵਾਲ ਹਨ, ਜਿਹੜੇ ਆਮ ਲੋਕਾਂ ਦੇ ਮਨਾਂ ਵਿਚ ਘੰੁਮਦੇ ਰਹਿੰਦੇ ਹਨ ਅਤੇ ਉਹ ਇਨ੍ਹਾਂ ਦੇ ਜਵਾਬ ਲੱਭਣ ਲਈ ਆਪੋ-ਆਪਣੇ ਢੰਗ ਨਾਲ ਵਿਚਾਰ-ਚਰਚਾ ਵੀ ਕਰਦੇ ਰਹਿੰਦੇ ਹਨ | ਪਰ ਦੇਸ਼ ਦੀ ਜਮਹੂਰੀ ਪ੍ਰਣਾਲੀ ਦੀਆਂ ਕਮੀਆਂ-ਕਮਜ਼ੋਰੀਆਂ ਦੇ ਬਾਵਜੂਦ ਸਾਡੀ ਇਹ ਰਾਇ ਹੈ ਕਿ ਵੋਟਰਾਂ ਨੂੰ ਪੂਰੀ ਸਰਗਰਮੀ ਨਾਲ ਚੋਣ ਅਮਲ ਵਿਚ ਸ਼ਾਮਿਲ ਹੋਣਾ ਚਾਹੀਦਾ ਹੈ | ਵੱਖ-ਵੱਖ ਰਾਜਨੀਤਕ ਪਾਰਟੀਆਂ ਦੀਆਂ ਨੀਤੀਆਂ ਅਤੇ ਉਨ੍ਹਾਂ ਦੀ ਕਾਰਗੁਜ਼ਾਰੀ ਨੂੰ ਗੰਭੀਰਤਾ ਨਾਲ ਘੋਖਣਾ ਅਤੇ ਪੜਤਾਲਣਾ ਚਾਹੀਦਾ ਹੈ ਅਤੇ ਇਸ ਤੋਂ ਬਾਅਦ ਆਪਣੇ ਦੇਸ਼ ਜਾਂ ਆਪਣੇ ਰਾਜ ਦੇ ਹਿਤਾਂ ਨੂੰ ਮੁੱਖ ਰੱਖਦਿਆਂ ਜ਼ਿੰਮੇਵਾਰੀ ਨਾਲ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ | ਵੋਟ ਦੀ ਤਾਕਤ ਨੂੰ ਪਛਾਣਨਾ ਚਾਹੀਦਾ ਹੈ | ਜੇਕਰ ਕਿਸੇ ਦੇਸ਼ ਜਾਂ ਸਮਾਜ ਵਿਚ ਜਮਹੂਰੀ ਪ੍ਰਣਾਲੀ ਦਾ ਮਿਆਰ ਲੋਕਾਂ ਦੀਆਂ ਖਾਹਿਸ਼ਾਂ ਅਤੇ ਉਮੰਗਾਂ ਦਾ ਅਨੁਸਾਰੀ ਨਾ ਹੋਵੇ ਤਾਂ ਸੁਚੇਤ ਯਤਨਾਂ ਨਾਲ ਇਸ ਦੇ ਮਿਆਰ ਨੂੰ ਸੁਧਾਰਿਆ ਜਾ ਸਕਦਾ ਹੈ | ਪਰ ਮਾੜੀ ਜਮਹੂਰੀਅਤ ਦਾ ਬਦਲ ਕਦੇ ਵੀ ਫ਼ੌਜੀ ਜਾਂ ਕਿਸੇ ਹੋਰ ਕਿਸਮ ਦੀ ਰਾਜਨੀਤਕ ਜਾਂ ਧਾਰਮਿਕ ਤਾਨਾਸ਼ਾਹੀ ਨੂੰ ਨਹੀਂ ਬਣਾਇਆ ਜਾ ਸਕਦਾ | ਭਾਰਤੀ ਲੋਕ ਇਸ ਗੱਲੋਂ ਖੁਸ਼ਕਿਸਮਤ ਹਨ ਕਿ ਪਿਛਲੇ ਲਗਭਗ ਛੇ ਦਹਾਕਿਆਂ ਤੋਂ ਇਥੇ ਆਪਣੀਆਂ ਸਾਰੀਆਂ ਕਮੀਆਂ-ਕਮਜ਼ੋਰੀਆਂ ਦੇ ਬਾਵਜੂਦ ਜਮਹੂਰੀ ਪ੍ਰਣਾਲੀ ਕੰਮ ਕਰਦੀ ਆ ਰਹੀ ਹੈ | ਜਦੋਂ ਕਿ ਦੂਜੇ ਪਾਸੇ ਇਸ 21ਵੀਂ ਸਦੀ ਵਿਚ ਵੀ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਦੇ ਲੋਕ ਜਮਹੂਰੀ ਪ੍ਰਣਾਲੀ ਅਤੇ ਵੋਟ ਦਾ ਅਧਿਕਾਰ ਹਾਸਲ ਕਰਨ ਲਈ ਜੱਦੋ-ਜਹਿਦ ਕਰ ਰਹੇ ਹਨ |

ਪਿਛਲੇ ਕੁਝ ਸਾਲਾਂ ਵਿਚ ਅਸੀਂ ਸਭ ਨੇ ਦੇਖਿਆ ਹੈ ਕਿ ਮੱਧ ਪੂਰਬ ਦੇ ਬਹੁਤ ਸਾਰੇ ਅਫਰੀਕੀ ਅਤੇ ਅਰਬੀ ਦੇਸ਼ਾਂ ਵਿਚ ਲੋਕ ਆਪੋ-ਆਪਣੇ ਦੇਸ਼ਾਂ ਦੇ ਤਾਨਾਸ਼ਾਹਾਂ ਵਿਰੁੱਧ ਨਿਰੰਤਰ ਸੰਘਰਸ਼ ਕਰ ਰਹੇ ਹਨ | ਤਾਨਾਸ਼ਾਹਾਂ ਨੂੰ ਸੱਤਾ ਤੋਂ ਬਾਹਰ ਕਰਕੇ ਜਮਹੂਰੀਅਤ ਸਥਾਪਿਤ ਕਰਨ ਲਈ ਟਿਊਨੇਸ਼ੀਆ ਤੋਂ ਆਰੰਭ ਹੋਈ ਲੋਕ ਲਹਿਰ ਲੀਬੀਆ, ਮਿਸਰ, ਯਮਨ ਅਤੇ ਹੁਣ ਸੀਰੀਆ ਤੱਕ ਪਹੁੰਚ ਚੁੱਕੀ ਹੈ | ਖਾਸ ਕਰਕੇ ਮਿਸਰ ਦੇ ਤਹਿਰੀਰ ਚੌਕ ਵਿਚ ਵਾਪਰੇ ਘਟਨਾਕ੍ਰਮ ਨੇ ਪੂਰੀ ਦੁਨੀਆ ਦਾ ਧਿਆਨ ਖਿੱਚਿਆ ਹੈ | ਇਨ੍ਹਾਂ ਦੇਸ਼ਾਂ ਦੇ ਲੋਕ ਅਜੇ ਵੀ ਜਮਹੂਰੀਅਤ ਦੀ ਸਥਾਪਨਾ ਲਈ ਲੜ ਰਹੇ ਹਨ | ਜਮਹੂਰੀਅਤ ਦੀ ਸਥਾਪਨਾ ਲਈ ਉਨ੍ਹਾਂ ਨੇ ਭਾਰੀ ਜਾਨੀ ਤੇ ਮਾਲੀ ਕੁਰਬਾਨੀਆਂ ਦਿੱਤੀਆਂ ਹਨ | ਲੋਕਾਂ ਦੀ ਇਸ ਇੱਛਾ ਤੋਂ ਹੀ ਪਤਾ ਲਗਦਾ ਹੈ ਕਿ ਜਮਹੂਰੀਅਤ ਦੀ ਕੀ ਅਹਿਮੀਅਤ ਹੈ ਅਤੇ ਵੋਟ ਦਾ ਅਧਿਕਾਰ ਕੀ ਮਹੱਤਵ ਰੱਖਦਾ ਹੈ? ਇਸ ਲਈ ਸਾਡੇ ਦੇਸ਼ ਦੇ ਬਹੁਤ ਸਾਰੇ ਲੋਕ, ਜਿਹੜੇ ਭਾਰਤੀ ਜਮਹੂਰੀਅਤ ਦੇ ਮਾੜੇ ਮਿਆਰਾਂ ਨੂੰ ਮੁੱਖ ਰੱਖ ਕੇ ਚੋਣ ਅਮਲ ਵਿਚ ਹਿੱਸਾ ਨਹੀਂ ਲੈਂਦੇ ਜਾਂ ਵੋਟ ਦੀ ਅਹਿਮੀਅਤ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ, ਉਨ੍ਹਾਂ ਨੂੰ ਅਜਿਹੇ ਦੇਸ਼ਾਂ ਦੇ ਲੋਕਾਂ ਵੱਲ ਵੇਖਣਾ ਚਾਹੀਦਾ ਹੈ, ਜੋ ਦਹਾਕਿਆਂ ਤੋਂ ਤਾਨਾਸ਼ਾਹਾਂ ਦੇ ਜ਼ੁਲਮ ਅਤੇ ਜਬਰ ਹੇਠ ਦੱਬੇ ਚਲੇ ਆ ਰਹੇ ਹਨ ਅਤੇ ਆਪੋ-ਆਪਣੇ ਦੇਸ਼ਾਂ ਵਿਚ ਲੋਕਤੰਤਰ ਸਥਾਪਤ ਕਰਨ ਲਈ ਲੜ ਰਹੇ ਹਨ | ਇਹ ਸਹੀ ਹੈ ਕਿ ਭਾਰਤੀ ਜਮਹੂਰੀ ਪ੍ਰਣਾਲੀ ਲੋਕਾਂ ਦੀਆਂ ਖਾਹਿਸ਼ਾਂ ਅਤੇ ਉਮੰਗਾਂ ਦੀ ਅਨੁਸਾਰੀ ਨਹੀਂ ਹੈ | ਚੋਣਾਂ ਜਿੱਤਣ ਲਈ ਧਨ, ਧੌਾਸ ਅਤੇ ਧੱਕੇ ਦੀ ਵਰਤੋਂ ਕੀਤੀ ਜਾਂਦੀ ਹੈ | ਰਾਜਨੀਤਕ ਪਾਰਟੀਆਂ ਦੇ ਅੰਦਰ ਜਮਹੂਰੀਅਤ ਦੀ ਕਮੀ ਹੈ ਅਤੇ ਬਹੁਤੀਆਂ ਪਾਰਟੀਆਂ ਵਿਚ ਪਰਿਵਾਰਵਾਦ ਦਾ ਵੀ ਬੋਲਬਾਲਾ ਹੈ | ਵੱਡੀ ਗਿਣਤੀ ਵਿਚ ਅਪਰਾਧੀ ਵੀ ਚੋਣਾਂ ਲੜਨ ਅਤੇ ਚੋਣਾਂ ਜਿੱਤਣ ਵਿਚ ਸਫਲ ਹੋ ਜਾਂਦੇ ਹਨ | ਪਰ ਆਪਣੀ ਜਮਹੂਰੀ ਪ੍ਰਣਾਲੀ ਦੀਆਂ ਇਨ੍ਹਾਂ ਸਾਰੀਆਂ ਕਮਜ਼ੋਰੀਆਂ ਨੂੰ ਮੁੱਖ ਰੱਖ ਕੇ ਇਸ ਸਿੱਟੇ 'ਤੇ ਪਹੁੰਚਣਾ ਸਹੀ ਨਹੀਂ ਹੋਵੇਗਾ ਕਿ ਜਮਹੂਰੀਅਤ ਨਾਲੋਂ ਤਾਨਾਸ਼ਾਹੀ ਹੀ ਚੰਗੀ ਹੈ | ਜੇਕਰ ਅਸੀਂ ਆਪਣੀ ਜਮਹੂਰੀ ਪ੍ਰਣਾਲੀ ਨੂੰ ਬਿਹਤਰ ਬਣਾਉਣਾ ਚਾਹੁੰਦੇ ਹਾਂ ਤਾਂ ਇਸ ਲਈ ਜਿਥੇ ਇਸ ਦੀਆਂ ਕਮੀਆਂ-ਕਮਜ਼ੋਰੀਆਂ ਬਾਰੇ ਵੋਟਰਾਂ ਨੂੰ ਚੇਤੰਨ ਕਰਨ ਦੀ ਲੋੜ ਹੈ, ਉਥੇ ਵੋਟ ਦੀ ਅਹਿਮੀਅਤ ਸਬੰਧੀ ਵੀ ਉਨ੍ਹਾਂ ਨੂੰ ਕਾਇਲ ਕਰਨਾ ਜ਼ਰੂਰੀ ਹੈ | ਅੰਨਾ ਹਜ਼ਾਰੇ ਦੇ ਅੰਦੋਲਨ ਵਰਗੇ ਅੰਦੋਲਨ ਚਲਾ ਕੇ ਅਸੀਂ ਚੋਣ ਸੁਧਾਰ ਅਤੇ ਜਮਹੂਰੀ ਪ੍ਰਣਾਲੀਆਂ ਦੀਆਂ ਤਰੁਟੀਆਂ ਨੂੰ ਦੂਰ ਕਰਵਾ ਸਕਦੇ ਹਾਂ |

ਜਿਥੋਂ ਤੱਕ 30 ਜਨਵਰੀ ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦਾ ਸਬੰਧ ਹੈ, ਸਾਡੀ ਇਹ ਰਾਇ ਹੈ ਕਿ ਵੋਟਰਾਂ ਨੂੰ ਪੂਰੀ ਸਰਗਰਮੀ ਨਾਲ ਘਰਾਂ 'ਚੋਂ ਨਿਕਲ ਕੇ ਇਨ੍ਹਾਂ ਚੋਣਾਂ ਵਿਚ ਸ਼ਿਰਕਤ ਕਰਨੀ ਚਾਹੀਦੀ ਹੈ | ਵੱਖ-ਵੱਖ ਰਾਜਨੀਤਕ ਪਾਰਟੀਆਂ ਦੀਆਂ ਨੀਤੀਆਂ, ਪ੍ਰੋਗਰਾਮਾਂ ਅਤੇ ਚੋਣ ਮਨੋਰਥ ਪੱਤਰਾਂ ਨੂੰ ਸਾਹਮਣੇ ਰੱਖ ਕੇ ਅਤੇ ਉਨ੍ਹਾਂ ਦੀ ਪਿਛਲੀ ਕਾਰਗੁਜ਼ਾਰੀ ਦੀ ਪਰਖ-ਪੜਚੋਲ ਕਰਕੇ ਆਪਣੇ ਅਤੇ ਰਾਜ ਦੇ ਹਿਤਾਂ ਨੂੰ ਸਾਹਮਣੇ ਰੱਖ ਕੇ ਵੋਟਾਂ ਪਾਉਣੀਆਂ ਚਾਹੀਦੀਆਂ ਹਨ | ਰਾਜ ਦੇ ਵੋਟਰਾਂ ਨੂੰ ਰੁਪਏ-ਪੈਸੇ, ਨਸ਼ੇ ਜਾਂ ਹੋਰ ਕਿਸੇ ਤਰ੍ਹਾਂ ਦੇ ਲਾਲਚ ਅਧੀਨ ਕਿਸੇ ਉਮੀਦਵਾਰ ਦੇ ਹੱਕ ਜਾਂ ਵਿਰੋਧ ਵਿਚ ਵੋਟ ਨਹੀਂ ਪਾਉਣੀ ਚਾਹੀਦੀ |

ਇਹ ਗੱਲ ਵੀ ਦੇਖੀ ਗਈ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਰਾਜ ਵਿਚ ਚੱਲ ਰਹੇ ਵੱਖ-ਵੱਖ ਡੇਰੇ ਕਿਸੇ ਪਾਰਟੀ ਦੇ ਹੱਕ ਵਿਚ ਜਾਂ ਕਿਸੇ ਪਾਰਟੀ ਦੇ ਵਿਰੁੱਧ ਵੋਟਾਂ ਪਾਉਣ ਲਈ ਆਪੋ-ਆਪਣੇ ਸ਼ਰਧਾਲੂਆਂ ਨੂੰ ਗੁਪਤ ਜਾਂ ਜ਼ਾਹਰਾ ਤੌਰ 'ਤੇ ਆਦੇਸ਼ ਜਾਰੀ ਕਰਦੇ ਹਨ | ਇਨ੍ਹਾਂ ਡੇਰਿਆਂ ਦੇ ਬਹੁਤ ਸਾਰੇ ਸ਼ਰਧਾਲੂ ਇਨ੍ਹਾਂ ਆਦੇਸ਼ਾਂ ਦਾ ਪ੍ਰਭਾਵ ਵੀ ਕਬੂਲ ਕਰਦੇ ਹਨ | ਅਸੀਂ ਸਮਝਦੇ ਹਾਂ ਕਿ ਪੰਜਾਬ ਦੇ ਜਮਹੂਰੀ ਅਮਲ ਲਈ ਇਹ ਰੁਝਾਨ ਇਕ ਬਹੁਤ ਵੱਡਾ ਖ਼ਤਰਾ ਹੈ | ਪੰਜਾਬ ਦੇ ਬਹੁਤ ਸਾਰੇ ਡੇਰੇ ਲੋਕਾਂ ਨੂੰ ਅੰਧ-ਵਿਸ਼ਵਾਸੀ ਬਣਾ ਕੇ ਆਪਣੇ ਮਗਰ ਲਾਉਂਦੇ ਹਨ | ਉਨ੍ਹਾਂ ਦਾ ਵਿੱਤੀ, ਸਰੀਰਕ ਅਤੇ ਮਾਨਸਿਕ ਸ਼ੋਸ਼ਣ ਕਰਦੇ ਹਨ ਅਤੇ ਚੋਣਾਂ ਆਉਣ 'ਤੇ ਕਿਸੇ ਪਾਰਟੀ ਦੇ ਹੱਕ ਜਾਂ ਵਿਰੋਧ ਵਿਚ ਵੋਟਾਂ ਪਾਉਣ ਦਾ ਫ਼ਤਵਾ ਜਾਰੀ ਕਰਕੇ ਉਨ੍ਹਾਂ ਦਾ ਸਿਆਸੀ ਮੁੱਲ ਵੀ ਖ਼ੁਦ ਵਟ ਲੈਂਦੇ ਹਨ | ਅਕਸਰ ਇਹ ਵੀ ਦੇਖਣ 'ਚ ਆਇਆ ਹੈ ਕਿ ਡੇਰੇਦਾਰ ਜਾਇਜ਼-ਨਾਜਾਇਜ਼ ਢੰਗ ਨਾਲ ਆਪਣੀ ਚੱਲ ਅਤੇ ਅਚੱਲ ਜਾਇਦਾਦ ਦਾ ਵਿਸਥਾਰ ਕਰਨ ਲਈ ਆਮ ਲੋਕਾਂ 'ਤੇ ਜਬਰ-ਜ਼ੁਲਮ ਵੀ ਢਾਹੁੰਦੇ ਹਨ | ਧੱਕੇ ਅਤੇ ਲਾਲਚ ਨਾਲ ਉਨ੍ਹਾਂ ਤੋਂ, ਡੇਰੇ ਨਾਲ ਜਾਂ ਡੇਰੇ ਦੀਆਂ ਜ਼ਮੀਨਾਂ ਨਾਲ ਲਗਦੀਆਂ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ | ਪਰ ਜਦੋਂ ਕੋਈ ਕਿਸਾਨ ਆਪਣੀ ਜ਼ਮੀਨ ਦੇਣ ਤੋਂ ਨਾਂਹ ਕਰ ਦਿੰਦਾ ਹੈ ਤਾਂ ਉਸ ਦੀ ਜ਼ਮੀਨ ਨੂੰ ਜਾਂਦੇ ਰਾਹਾਂ ਵਿਚ ਖੱਡੇ ਪੁੱਟ ਦਿੱਤੇ ਜਾਂਦੇ ਹਨ ਜਾਂ ਹੋਰ ਢੰਗ ਨਾਲ ਉਸ ਨੂੰ ਡਰਾਇਆ-ਧਮਕਾਇਆ ਜਾਂਦਾ ਹੈ | ਅਜਿਹੇ ਮੌਕਿਆਂ 'ਤੇ ਮੀਡੀਆ ਵਿਚ ਖਬਰਾਂ ਵੀ ਛਪਦੀਆਂ ਹਨ ਪਰ ਕਿਉਂਕਿ ਸੱਤਾਧਾਰੀਆਂ ਅਤੇ ਵਿਰੋਧੀ ਪਾਰਟੀਆਂ ਨੇ ਡੇਰੇਦਾਰ ਦੇ ਆਦੇਸ਼ਾਂ ਨਾਲ ਵੋਟਾਂ ਹਾਸਲ ਕੀਤੀਆਂ ਹੁੰਦੀਆਂ ਹਨ, ਇਸ ਲਈ ਉਹ ਲੋਕਾਂ 'ਤੇ ਹੁੰਦੇ ਇਸ ਤਰ੍ਹਾਂ ਦੇ ਜਬਰ-ਜ਼ੁਲਮ ਦੇ ਖਿਲਾਫ਼ ਖਾਮੋਸ਼ ਰਹਿੰਦੇ ਹਨ | ਭਾਵੇਂ ਪੰਜਾਬ ਦੇ ਸਾਰੇ ਡੇਰਿਆਂ ਬਾਰੇ ਇਹ ਦੋਸ਼ ਸਹੀ ਨਾ ਹੋਣ ਪਰ ਫਿਰ ਵੀ ਮੀਡੀਏ ਦੀਆਂ ਖ਼ਬਰਾਂ ਅਤੇ ਮੀਡੀਏ ਦੀ ਕਵਰੇਜ ਇਸ ਗੱਲ ਦੀ ਗਵਾਹ ਹੈ ਕਿ ਬਹੁਤ ਸਾਰੇ ਡੇਰਿਆਂ ਵਿਚ ਸਭ ਕੁਝ ਅੱਛਾ ਨਹੀਂ ਹੈ | ਪਰ ਦੁੱਖ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਸਭ ਹਕੀਕਤਾਂ ਨੂੰ ਜਾਣਦੇ ਅਤੇ ਸਮਝਦੇ ਹੋਏ ਵੀ ਵੱਖ-ਵੱਖ ਪਾਰਟੀਆਂ ਦੇ ਕੌਮੀ ਅਤੇ ਖੇਤਰੀ ਆਗੂ ਅਤੇ ਦਰਜਨਾਂ ਉਮੀਦਵਾਰ ਡੇਰਿਆਂ ਵਿਚ ਜਾ ਕੇ ਨੱਕ ਰਗੜਦੇ ਹਨ ਅਤੇ ਵੋਟਾਂ ਮੰਗਦੇ ਹਨ | ਭਾਵੇਂ ਅਸੀਂ ਸਭ ਧਰਮਾਂ ਦਾ ਸਤਿਕਾਰ ਕਰਨ ਅਤੇ ਸਭ ਧਰਮਾਂ ਦੀਆਂ ਚੰਗੀਆਂ ਸਿੱਖਿਆਵਾਂ ਅਪਣਾਉਣ ਦੇ ਸਮਰਥਕ ਹਾਂ ਪਰ ਇਸ ਦੇ ਬਾਵਜੂਦ ਧਰਮ ਦੇ ਨਾਂਅ 'ਤੇ ਕਿਸੇ ਵੀ ਵਿਅਕਤੀ ਜਾਂ ਕਿਸੇ ਵੀ ਸੰਸਥਾ ਨੂੰ ਲੋਕਾਂ ਦੇ ਜਮਹੂਰੀ ਅਧਿਕਾਰ ਖੋਹਣ ਜਾਂ ਉਨ੍ਹਾਂ ਦੀ ਉਲੰਘਣਾ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ |
ਪੰਜਾਬ ਦਾ ਸਦੀਆਂ ਵਿਚ ਫੈਲਿਆ ਹੋਇਆ ਬੌਧਿਕ ਵਿਕਾਸ ਦਾ ਇਤਿਹਾਸ ਹੈ | ਇਥੇ ਹੋਏ ਗੁਰੂ ਸਾਹਿਬਾਨ, ਸੂਫ਼ੀ ਫ਼ਕੀਰਾਂ ਅਤੇ ਭਗਤੀ ਲਹਿਰ ਦੇ ਸੰਤਾਂ ਨੇ ਮਨੁੱਖ ਨੂੰ ਆਤਮਬਲ ਤੇ ਆਜ਼ਾਦੀ ਦਿੱਤੀ ਹੈ | ਉਨ੍ਹਾਂ ਦੇ ਅੰਦਰ ਚੇਤਨਾ ਪੈਦਾ ਕੀਤੀ ਹੈ | ਬਰਾਬਰਤਾ 'ਤੇ ਆਧਾਰਿਤ ਸਮਾਜ ਦੀ ਸਿਰਜਣਾ ਦਾ ਸੰਕਲਪ ਦਿੱਤਾ ਹੈ | ਲੋਕਾਂ ਨੂੰ ਗਿਆਨਵਾਨ ਬਣਾਇਆ ਹੈ | ਲੋਕਾਂ ਵਿਚੋਂ ਅੰਧ-ਵਿਸ਼ਵਾਸ ਦੂਰ ਕੀਤੇ ਹਨ | ਸਦੀਆਂ ਤੋਂ ਗੁਲਾਮੀ ਹੰਢਾਉਂਦੇ ਆ ਰਹੇ ਲੋਕਾਂ ਅੰਦਰ ਅਣਖ ਅਤੇ ਗ਼ੈਰਤ ਜਗਾਈ ਹੈ | ਉਨ੍ਹਾਂ ਨੂੰ ਵੱਖ-ਵੱਖ ਧਾਰਮਿਕ ਦਰਸ਼ਨਾਂ ਦਰਮਿਆਨ ਸੰਵਾਦ ਰਚਾਉਣ ਦੀ ਜਾਚ ਸਿਖਾਈ ਹੈ | ਉਨ੍ਹਾਂ ਨੂੰ ਧਾਰਮਿਕ ਸਹਿਣਸ਼ੀਲਤਾ ਦਾ ਸੰਦੇਸ਼ ਦਿੱਤਾ ਹੈ | ਸੋ, ਪੰਜਾਬੀਆਂ ਨੂੰ ਆਪਣੀਆਂ ਇਨ੍ਹਾਂ ਸਿਹਤਮੰਦ ਪਰੰਪਰਾਵਾਂ ਦੇ ਹੀ ਅਨੁਆਈ ਬਣਨਾ ਚਾਹੀਦਾ ਹੈ | ਗਿਆਨਵਾਨ ਹੋ ਕੇ ਦੇਸ਼ ਤੇ ਸਮਾਜ ਪ੍ਰਤੀ ਆਪਣਾ ਬਣਦਾ ਰੋਲ ਅਦਾ ਕਰਨਾ ਚਾਹੀਦਾ ਹੈ |

ਅਸੀਂ ਆਸ ਕਰਦੇ ਹਾਂ ਕਿ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦੇ ਸੂਝਵਾਨ ਵੋਟਰ ਪੁਰਅਮਨ ਤੇ ਸ਼ਾਂਤਮਈ ਰਹਿੰਦੇ ਹੋਏ ਸਭ ਤਰ੍ਹਾਂ ਦੇ ਲਾਲਚਾਂ ਤੋਂ ਉੱਪਰ ਉੱਠ ਕੇ ਜਾਂ ਹੋਰ ਪ੍ਰਭਾਵਾਂ ਤੋਂ ਮੁਕਤ ਹੋ ਕੇ ਆਪਣੇ ਵੋਟ ਦੀ ਵਰਤੋਂ ਸਿਆਸੀ ਪਾਰਟੀਆਂ ਅਤੇ ਉਨ੍ਹਾਂ ਦੇ ਉਮੀਦਵਾਰਾਂ ਦੇ ਗੁਣ-ਦੋਸ਼ ਨੂੰ ਮੁੱਖ ਰੱਖ ਕੇ ਕਰਨਗੇ ਅਤੇ ਆਪਣੇ ਲਈ ਅਜਿਹੀ ਸਰਕਾਰ ਚੁਣਨਗੇ, ਜਿਹੜੀ ਪੰਜਾਬ ਨੂੰ ਬਿਹਤਰ ਪ੍ਰਸ਼ਾਸਨ ਦੇ ਸਕੇ, ਜਿਹੜੀ ਪੰਜਾਬ ਦੇ ਲੋਕਾਂ ਨੂੰ ਬਿਹਤਰ ਸਿਹਤ ਅਤੇ ਸਿੱਖਿਆ ਸਹੂਲਤਾਂ ਦੇ ਸਕੇ, ਜਿਹੜੀ ਪੰਜਾਬ ਵਿਚ ਪੈਦਾ ਹੋ ਰਹੀਆਂ ਵਾਤਾਵਰਨ ਦੀਆਂ ਚੁਣੌਤੀਆਂ ਨਾਲ ਸੁਚੱਜੇ ਢੰਗ ਨਾਲ ਨਿਪਟ ਸਕੇ, ਜਿਹੜੀ ਸਾਡੇ ਬੇਰੁਜ਼ਗਾਰ ਲੱਖਾਂ ਨੌਜਵਾਨਾਂ ਲਈ ਰੁਜ਼ਗਾਰ ਦਾ ਪ੍ਰਬੰਧ ਕਰ ਸਕੇ, ਜਿਹੜੀ ਦੱਬੇ-ਕੁਚਲੇ ਲੋਕਾਂ ਨੂੰ ਚੰਗਾ ਜੀਵਨ ਦੇ ਸਕੇ, ਜਿਹੜੀ ਪੰਜਾਬੀ ਜ਼ਬਾਨ ਅਤੇ ਸੱਭਿਆਚਾਰ ਦਾ ਵਿਕਾਸ ਕਰਦੀ ਹੋਈ ਪੰਜਾਬ ਅਤੇ ਪੰਜਾਬੀਆਂ ਦੀ ਪਛਾਣ ਨੂੰ ਵੀ ਸੁਰੱਖਿਅਤ ਕਰ ਸਕੇ ਅਤੇ ਜਿਹੜੀ ਪੰਜਾਬ ਵਿਚ ਨਸ਼ਿਆਂ ਦੇ ਵਗਦੇ ਛੇਵੇਂ ਦਰਿਆ ਅੱਗੇ ਵੀ ਬੰਨ੍ਹ ਲਾ ਸਕੇ |
 

Leave a Comment

Message :

CAPTCHA ImageReload Image
ENTER THE CAPTCHA CODE WRITTEN ABOVE