ਕਿਛੁ ਸੁਣੀਐ ਕਿਛੁ ਕਹੀਐ - ਸਤਨਾਮ ਸਿੰਘ ਮਾਣਕ

 ਚੰਗਾ ਗਾਉਣਾ ਤੇ ਚੰਗਾ ਪੜ੍ਹਨਾ ਹੀ ਹੈ ਮੇਰੀ ਜ਼ਿੰਦਗੀ

ਲਖਵਿੰਦਰ ਵਡਾਲੀ ਨਾਲ ਵਿਸ਼ੇਸ਼ ਮੁਲਾਕਾਤ

ਭਾਵੇਂ ਜੀਵਨ ਦੇ ਭੇਦਾਂ ਨੂੰ ਸਮਝਣ ਦੇ ਦਾਅਵੇ ਧਰਮ-ਸ਼ਾਸਤਰੀਆਂ, ਸਮਾਜ-ਸ਼ਾਸਤਰੀਆਂ ਅਤੇ ਵਿਗਿਆਨਕਾਂ ਵੱਲੋਂ ਅਕਸਰ ਕੀਤੇ ਜਾਂਦੇ ਹਨ ਪਰ ਜੀਵਨ ਦਾ ਸੱਚ ਇਹੀ ਕਹਿੰਦਾ ਹੈ ਕਿ ਜ਼ਿੰਦਗੀ 2+2=4 ਦੇ ਹਿਸਾਬ ਦੀ ਤਰ੍ਹਾਂ ਨਹੀਂ ਚਲਦੀ | ਕਈ ਲੋਕ ਪੜ੍ਹਾਈ ਤਾਂ ਇੰਜੀਨੀਅਰਿੰਗ ਦੀ ਕਰਦੇ ਹਨ ਤੇ ਬਣ ਐਕਟਰ ਜਾਂਦੇ ਹਨ | ਤੇ ਕਈ ਲੋਕ ਤਾਲੀਮ ਤਾਂ ਡਾਕਟਰੀ ਦੀ ਲੈਂਦੇ ਹਨ ਪਰ ਬਣ ਗਾਇਕ ਜਾਂਦੇ ਹਨ | ਕਈ ਲੋਕ ਫ਼ੌਜ ਵਿਚ ਭਰਤੀ ਤਾਂ ਜਰਨੈਲ ਬਣਨ ਲਈ ਹੁੰਦੇ ਹਨ ਪਰ ਜ਼ਿੰਦਗੀ ਦੇ ਅਖੀਰ ਵਿਚ ਬਣ ਸੰਤ ਜਾਂਦੇ ਹਨ |
ਜ਼ਿੰਦਗੀ ਦੀਆਂ ਰਮਜ਼ਾਂ ਨੂੰ ਸਮਝਣਾ ਆਦਿਕਾਲ ਵਿਚ ਵੀ ਇਕ ਬੁਝਾਰਤ ਹੀ ਸੀ ਤੇ ਅੱਜ ਵੀ ਇਕ ਬੁਝਾਰਤ ਹੀ ਹੈ | ਮਾਂ-ਬਾਪ ਬੱਚਿਆਂ ਨੂੰ ਆਪਣੀ ਸਮਝ ਮੁਤਾਬਿਕ ਸਿੱਖਿਆ ਦੁਆ ਸਕਦੇ ਹਨ, ਸੇਧ ਦੇ ਸਕਦੇ ਹਨ ਤੇ ਆਖਰ ਵਿਚ ਉਹ ਬਣਨਗੇ ਕੀ, ਇਸ ਦਾ ਫ਼ੈਸਲਾ ਬੱਚਿਆਂ ਅੰਦਰਲੀ ਪ੍ਰਤਿਭਾ ਹੀ ਕਰਦੀ ਹੈ | ਕਈ ਲੋਕ ਬੜੇ ਖੁਸ਼ਕਿਸਮਤ ਹੁੰਦੇ ਹਨ, ਜਿਹੜੇ ਆਪਣੇ ਅੰਦਰਲੀ ਪ੍ਰਤਿਭਾ ਦੇ ਬੜੀ ਛੇਤੀ ਰੂਬਰੂ ਹੋ ਜਾਂਦੇ ਹਨ ਜਾਂ ਉਨ੍ਹਾਂ ਦੇ ਨੇੜੇ ਦੇ ਮਿੱਤਰ, ਦੋਸਤ ਜਾਂ ਸਬੰਧੀ ਉਨ੍ਹਾਂ ਨੂੰ ਉਨ੍ਹਾਂ ਦੀ ਪ੍ਰਤਿਭਾ ਦਾ ਅਹਿਸਾਸ ਕਰਾ ਦਿੰਦੇ ਹਨ | ਪਰ ਕਈ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਕਾਫੀ ¦ਮੀ ਭਟਕਣਾ ਵਿਚੋਂ ਗੁਜ਼ਰਨ ਤੋਂ ਬਾਅਦ ਆਪਣੇ ਅੰਦਰਲੀ ਪ੍ਰਤਿਭਾ ਦਾ ਅਹਿਸਾਸ ਹੁੰਦਾ ਹੈ | ਜਦੋਂ ਇਕ ਵਾਰ ਅਜਿਹਾ ਅਹਿਸਾਸ ਹੋ ਜਾਂਦਾ ਹੈ ਤਾਂ ਫਿਰ ਸਬੰਧਤ ਵਿਅਕਤੀ ਨੂੰ ਇਸ ਤਰ੍ਹਾਂ ਦੀ ਖੁਸ਼ੀ ਹੁੰਦੀ ਹੈ ਜਿਵੇਂ ਜੰਗਲ ਵਿਚ ਰਸਤਾ ਗੁਆਚਣ ਤੋਂ ਬਾਅਦ ਮੁੜ ਰਾਹ ਲੱਭ ਗਿਆ ਹੋਵੇ |

ਇਸ ਤਰ੍ਹਾਂ ਦੇ ਅਨੁਭਵਾਂ ਵਿਚੋਂ ਵਡਾਲੀ ਖਾਨਦਾਨ ਦੇ ਚਸ਼ਮੇ-ਚਿਰਾਗ ਲਖਵਿੰਦਰ ਵਡਾਲੀ ਨੂੰ ਵੀ ਗੁਜ਼ਰਨਾ ਪਿਆ ਹੈ | ਉਹ ਬਚਪਨ ਵਿਚ ਕ੍ਰਿਕਟਰ ਬਣਨ ਦਾ ਸੁਪਨਾ ਲੈਂਦਾ ਸੀ ਅਤੇ ਦਿਨ-ਰਾਤ ਕ੍ਰਿਕਟ ਦੀ ਪ੍ਰੈਕਟਿਸ ਕਰਦਾ ਰਹਿੰਦਾ ਸੀ | ਪਰ ਵਡਾਲੀ ਪਰਿਵਾਰ, ਜਿਹੜਾ ਕਿ ਪੰਜਾਬੀ ਸੰਗੀਤ ਜਗਤ ਵਿਚ ਪਟਿਆਲਾ ਘਰਾਣੇ ਦੀ ਨੁਮਾਇੰਦਗੀ ਕਰਦਾ ਹੈ, ਉਸ ਨੂੰ ਸੰਗੀਤ ਦੇ ਖੇਤਰ ਵਿਚ ਆਪਣਾ ਵਾਰਸ ਬਣਾਉਣ ਦੇ ਸੁਪਨੇ ਲੈਂਦਾ ਸੀ | ਇਸ ਤਰ੍ਹਾਂ ਦੀ ਦੁਬਿਧਾ ਵਿਚ ਹੀ ਉਸ ਨੇ ਆਪਣੀ ਸਕੂਲੀ ਪੜ੍ਹਾਈ ਪੂਰੀ ਕੀਤੀ ਤੇ ਫਿਰ ਉਸ ਦੇ ਪਿਤਾ ਪੂਰਨ ਚੰਦ ਵਡਾਲੀ ਨੇ ਉਸ ਨੂੰ ਉਸੇ ਤਰ੍ਹਾਂ ਸੰਗੀਤ ਦੇ ਖੇਤਰ ਵਿਚ ਲੈ ਆਂਦਾ ਜਿਵੇਂ ਪੂਰਨ ਚੰਦ ਵਡਾਲੀ ਦੇ ਪਿਤਾ ਠਾਕਰ ਦਾਸ ਵਡਾਲੀ ਨੇ ਉਸ ਨੂੰ ਭਲਵਾਨੀ ਕਰਦਿਆਂ ਫੜ ਕੇ ਸੰਗੀਤ ਵਿਚ ਲੈ ਆਂਦਾ ਸੀ | ਇਸ ਸਬੰਧੀ ਲਖਵਿੰਦਰ ਵਡਾਲੀ ਦਾ ਕਹਿਣਾ ਹੈ ਕਿ ਭਾਵੇਂ ਪਹਿਲਾਂ-ਪਹਿਲਾਂ ਮੈਨੂੰ ਕ੍ਰਿਕਟ ਤੋਂ ਸੰਗੀਤ ਵੱਲ ਆਉਣਾ ਬੜਾ ਅਟਪਟਾ ਲਗਦਾ ਸੀ ਪਰ ਹੌਲੀ-ਹੌਲੀ ਮੈਨੂੰ ਹੁਣ ਸੰਗੀਤ ਵਿਚੋਂ ਵੀ ਆਨੰਦ ਤੇ ਸੰਤੁਸ਼ਟੀ ਦਾ ਅਨੁਭਵ ਹੋਣ ਲੱਗ ਪਿਆ ਹੈ | ਉਸ ਨੇ ਹੁਣ ਤੱਕ ਸੰਗੀਤ ਦੀ ਐਮ. ਏ. ਕਰ ਲਈ ਹੈ ਅਤੇ ਇਸੇ ਖੇਤਰ ਵਿਚ ਉਹ ਪੀ.ਐਚ.ਡੀ. ਵੀ ਕਰਨਾ ਚਾਹੁੰਦਾ ਹੈ ਪਰ ਇਸ ਦੇ ਨਾਲ-ਨਾਲ ਉਸ ਨੇ ਕਈ ਫ਼ਿਲਮਾਂ 'ਤੇ ਵੀ ਹੱਥ ਅਜਮਾਏ ਹਨ ਅਤੇ ਉਸ ਦੀਆਂ ਹੁਣ ਤੱਕ 4 ਸੰਗੀਤ ਐਲਬਮਾਂ¸'ਬੁੱਲ੍ਹਾ, ਮਾਹੀਆ, ਨੈਣਾਂ ਦੇ ਬੂਹੇ ਅਤੇ ਇਸ਼ਕੇ ਦਾ ਜਾਮ' ਵੀ ਬਾਜ਼ਾਰ ਵਿਚ ਆ ਚੁੱਕੀਆਂ ਹਨ | ਇਨ੍ਹਾਂ ਸੰਗੀਤ ਐਲਬਮਾਂ ਨੂੰ ਸੰਜੀਦਾ ਗਾਇਕੀ ਦੇ ਸਰੋਤਿਆਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ ਹੈ | ਉਸ ਨੂੰ ਹੁਣ ਉੱਭਰਦੇ ਨੌਜਵਾਨ ਗਾਇਕ ਤੋਂ ਤੇਜ਼ੀ ਨਾਲ ਸਥਾਪਤੀ ਵੱਲ ਵਧ ਰਹੇ ਗਾਇਕ ਵਜੋਂ ਵੇਖਿਆ ਜਾਣ ਲੱਗ ਪਿਆ ਹੈ | ਪਿਛਲੇ ਦਿਨੀਂ ਉਸ ਨੂੰ ਪੰਜਾਬੀ ਸੱਭਿਆਚਾਰਕ ਪਿੜ ਪੰਜਾਬ ਕਪੂਰਥਲਾ ਨੇ ਡਾ: ਸਾਧੂ ਸਿੰਘ ਹਮਦਰਦ ਐਵਾਰਡ ਨਾਲ ਸਨਮਾਨਿਤ ਕਰਕੇ ਉਸ ਦੀ ਇਹ ਜ਼ਿੰਮੇਵਾਰੀ ਹੋਰ ਵਧਾ ਦਿੱਤੀ ਹੈ | ਕੁਝ ਦਿਨ ਪਹਿਲਾਂ ਲਖਵਿੰਦਰ ਵਡਾਲੀ 'ਅਜੀਤ ਭਵਨ' ਵਿਚ ਆਇਆ ਸੀ | ਪੇਸ਼ ਹਨ-ਉਸ ਨਾਲ ਹੋਈ ਮੁਲਾਕਾਤ ਦੇ ਕੁਝ ਅਹਿਮ ਅੰਸ਼ :
• ਹੁਣ ਤੱਕ ਤੁਹਾਡੀ ਗਾਇਕੀ ਦਾ ਸਫ਼ਰ ਕਿਸ ਤਰ੍ਹਾਂ ਦਾ ਰਿਹਾ ਹੈ?
¸ਕਿਸੇ ਵੱਡੇ ਰੁੱਖ ਦੇ ਹੇਠਾਂ ਉਗ ਕੇ ਆਪਣੀ ਵੱਖਰੀ ਪਛਾਣ ਬਣਾਉਣੀ ਬੇਹੱਦ ਮੁਸ਼ਕਿਲ ਕੰਮ ਹੁੰਦਾ ਹੈ | ਮੈਨੂੰ ਇਸ ਗੱਲ ਦਾ ਬੜਾ ਫਾਇਦਾ ਰਿਹਾ ਹੈ ਕਿ ਮੇਰੇ ਪਿਤਾ ਪੂਰਨ ਚੰਦ ਵਡਾਲੀ ਅਤੇ ਚਾਚਾ ਪਿਆਰੇ ਲਾਲ ਦੇਸ਼ ਦੇ ਪ੍ਰਮੁੱਖ ਸੂਫ਼ੀ ਗਾਇਕ ਹਨ | ਉਨ੍ਹਾਂ ਤੋਂ ਸਿੱਖਣ ਦੇ ਮੈਨੂੰ ਬਹੁਤ ਮੌਕੇ ਮਿਲੇ ਹਨ | ਪਰ ਉਨ੍ਹਾਂ ਦੀ ਗਾਇਕੀ ਤੋਂ ਵੱਖਰੀ ਆਪਣੀ ਪਛਾਣ ਬਣਾਉਣੀ ਮੇਰੇ ਲਈ ਬੇਹੱਦ ਚੁਣੌਤੀ ਭਰਿਆ ਕੰਮ ਰਿਹਾ ਹੈ | ਮੈਂ ਇਸ ਗੱਲ ਲਈ ਹਮੇਸ਼ਾ ਰਿਣੀ ਰਹਾਂਗਾ ਕਿ ਮੈਂ ਆਪਣੇ ਬਜ਼ੁਰਗਾਂ ਤੋਂ ਬਹੁਤ ਕੁਝ ਸਿੱਖਿਆ ਹੈ ਪਰ ਇਸੇ ਸਮੇਂ ਦੌਰਾਨ ਮੇਰੀ ਇੱਛਾ ਇਹ ਵੀ ਰਹੀ ਹੈ ਕਿ ਲੋਕ ਮੇਰੀ ਗਾਇਕੀ ਨੂੰ 'ਮੇਰੀ ਗਾਇਕੀ' ਵਜੋਂ ਪਛਾਨਣ ਤੇ ਮਾਨਣ | ਇਸ ਜੱਦੋ-ਜਹਿਦ ਵਿਚ ¦ਮਾ ਸਮਾਂ ਲੱਗਿਆ ਹੈ | ਜੇ ਮੈਂ ਅੱਜ ਗਾਇਕੀ ਦੇ ਖੇਤਰ ਵਿਚ ਥੋੜ੍ਹੀ-ਬਹੁਤੀ ਪਛਾਣ ਬਣਾਉਣ ਵਿਚ ਸਫ਼ਲ ਹੋਇਆ ਹਾਂ, ਜੇ ਅੱਜ ਮੇਰੇ ਪ੍ਰਸੰਸਕ ਅਤੇ ਮੇਰੇ ਸਰੋਤੇ ਇਹ ਮਹਿਸੂਸ ਕਰਦੇ ਹਨ ਕਿ ਮੈਂ ਗਾਇਕੀ ਦੇ ਖੇਤਰ ਵਿਚ ਕੋਈ ਵੱਖਰੀ ਲੀਕ ਵਾਹੀ ਹੈ ਤਾਂ ਮੈਂ ਇਸ ਨੂੰ ਆਪਣੀ ਥੋੜ੍ਹੀ-ਬਹੁਤੀ ਪ੍ਰਾਪਤੀ ਕਹਿ ਸਕਦਾ ਹਾਂ |
• ਤੁਹਾਡੀਆਂ ਹੁਣ ਤੱਕ 4 ਸੰਗੀਤ ਐਲਬਮਾਂ ਆਈਆਂ ਹਨ | ਇਨ੍ਹਾਂ ਵਿਚੋਂ ਤੁਹਾਡੇ ਵਧੇਰੇ ਮਕਬੂਲ ਗਾਣੇ ਕਿਹੜੇ-ਕਿਹੜੇ ਹਨ?
¸ਇਨ੍ਹਾਂ ਸੰਗੀਤ ਐਲਬਮਾਂ ਵਿਚੋਂ 'ਦੀਵਾ ਨਾ ਬੁਝਾਈ', 'ਵੇ ਮਾਹੀਆ ਤੇਰੇ ਦੇਖਣ ਨੂੰ....', 'ਯਾਰ ਬਹਿ ਗਿਆ ਨੈਣਾਂ ਦੇ ਬੂਹੇ ਆ ਕੇ', 'ਨਾਲੇ ਮੈਂ ਤੇ ਘਿਉ ਦੀ ਮਿੱਠੀ ਚੂਰੀ...', 'ਸੱਜਣਾ ਤੇਰਾ ਨਾਂਅ ਲੈ ਕੇ', 'ਤੁਝੇ ਤੱਕਿਆ ਤੋ ਲਗਾ ਮੁਝੈ ਐਸੇ' ਆਦਿ ਗਾਣੇ ਲੋਕਾਂ ਵਿਚ ਬੇਹੱਦ ਮਕਬੂਲ ਹੋਏ ਹਨ |
• ਤੁਸੀਂ ਗਾਇਕੀ ਤੋਂ ਇਲਾਵਾ ਇਕ-ਦੋ ਫ਼ਿਲਮਾਂ ਵਿਚ ਵੀ ਕੰਮ ਕੀਤਾ ਹੈ | ਤੁਹਾਨੂੰ ਵਧੇਰੇ ਸੰਤੁਸ਼ਟੀ ਸੰਗੀਤ ਤੋਂ ਮਿਲਦੀ ਹੈ ਜਾਂ ਐਕਟਿੰਗ ਤੋਂ?
¸ਮੇਰਾ ਅਨੁਭਵ ਇਹ ਰਿਹਾ ਹੈ ਕਿ ਮੈਨੂੰ ਵਧੇਰੇ ਸੰਤੁਸ਼ਟੀ ਆਪਣੀ ਗਾਇਕੀ ਤੋਂ ਹੀ ਮਿਲਦੀ ਹੈ | ਮੈਨੂੰ ਇਸ ਪਾਸੇ ਹੀ ਵਧੇਰੇ ਧਿਆਨ ਦੇਣਾ ਚਾਹੀਦਾ ਹੈ |
• ਕੀ ਅਜੇ ਵੀ ਤੁਸੀਂ ਆਪਣੇ ਪਿਤਾ ਜੀ ਤੋਂ ਸੰਗੀਤ ਦੀ ਤਰਬੀਅਤ ਹਾਸਲ ਕਰਦੇ ਹੋ?
¸ਹਾਂ, ਬਿਲਕੁਲ | ਮੈਂ ਤਾਂ ਸਮਝਦਾ ਹਾਂ ਕਿ ਸੰਗੀਤ ਦੇ ਖੇਤਰ ਵਿਚ ਕੋਈ ਇਨਸਾਨ ਭਾਵੇਂ ਜਿੰਨੀਆਂ ਮਰਜ਼ੀ ਬੁ¦ਦੀਆਂ 'ਤੇ ਪਹੁੰਚ ਜਾਏ ਪਰ ਆਖਰੀ ਉਮਰ ਤੱਕ ਉਹ ਸਿਖਿਆਰਥੀ ਹੀ ਰਹਿੰਦਾ ਹੈ | ਇਸ ਲਈ ਮੈਂ ਆਪਣੇ ਪਿਤਾ ਜੀ ਕੋਲੋਂ ਅਤੇ ਆਪਣੇ ਚਾਚਾ ਜੀ ਕੋਲੋਂ ਅਜੇ ਵੀ ਸਿੱਖਦਾ ਹਾਂ ਅਤੇ ਉਨ੍ਹਾਂ ਤੋਂ ਸਿੱਖਣ ਲਈ ਅਜੇ ਬਹੁਤ ਕੁਝ ਬਾਕੀ ਹੈ | ਪਹਿਲਾਂ-ਪਹਿਲਾਂ ਮੈਂ ਉਨ੍ਹਾਂ ਤੋਂ ਬਹੁਤ ਝਿਜਕਦਾ ਸਾਂ ਪਰ ਹੁਣ ਕੁਝ ਕੈਸੇਟਾਂ ਵਿਚ ਉਨ੍ਹਾਂ ਨਾਲ ਗਾ ਕੇ ਮੇਰਾ ਝਾਕਾ ਖੁੱਲ੍ਹ ਗਿਆ ਹੈ | ਮੈਨੂੰ ਲਗਦਾ ਹੈ ਕਿ ਮੈਂ ਉਨ੍ਹਾਂ ਤੋਂ ਹੁਣ ਵਧੇਰੇ ਆਸਾਨੀ ਨਾਲ ਸਿੱਖ ਸਕਦਾ ਹਾਂ |
• ਤੁਹਾਡਾ ਘਰਾਣਾ ਸੂਫ਼ੀ ਸੰਗੀਤ ਨਾਲ ਅਤੇ ਖਾਸ ਕਰਕੇ ਕੱਵਾਲੀ ਨਾਲ ਜੁੜਿਆ ਹੋਇਆ ਹੈ | ਕੀ ਤੁਸੀਂ ਵੀ ਸ਼ਾਸਤਰੀ ਸੰਗੀਤ ਦੀ ਸਿੱਖਿਆ ਹਾਸਲ ਕੀਤੀ ਹੈ?
¸ਸਾਡੇ ਘਰਾਣੇ ਵਿਚ ਸ਼ੁਰੂਆਤ ਸ਼ਾਸਤਰੀ ਸੰਗੀਤ ਤੋਂ ਹੀ ਹੁੰਦੀ ਹੈ | ਮੈਂ ਵੀ ਇਸ ਸਬੰਧੀ ਰਾਗਾਂ ਦੀ ਸਿੱਖਿਆ ਲਈ ਹੈ ਪਰ ਮੈਂ ਸਮਝਦਾ ਹਾਂ ਕਿ ਮੈਨੂੰ ਇਸ ਖੇਤਰ ਵਿਚ ਅਜੇ ਹੋਰ ਬਹੁਤ ਕੁਝ ਸਿੱਖਣ ਦੀ ਜ਼ਰੂਰਤ ਹੈ | ਤਾਂ ਹੀ ਮੈਂ ਸੂਫ਼ੀ ਗਾਇਕੀ ਅਤੇ ਇਥੋਂ ਤੱਕ ਲੋਕ ਗਾਇਕੀ ਨਾਲ ਇਨਸਾਫ਼ ਕਰ ਸਕਦਾ ਹਾਂ |
• ਕੱਵਾਲੀ, ਲੋਕ ਗਾਇਕੀ ਤੇ ਗ਼ਜ਼ਲ ਆਦਿ ਸੰਗੀਤ ਦੀਆਂ ਸਿਨਫ਼ਾਂ ਵਿਚੋਂ ਤੁਹਾਨੂੰ ਵਧੇਰੇ ਮਜ਼ਾ ਕਿਸ 'ਚੋਂ ਆਉਂਦਾ ਹੈ?
¸ਮੈਨੂੰ ਕੱਵਾਲੀ ਅਤੇ ਲੋਕ ਗਾਇਕੀ ਵਧੇਰੇ ਆਪਣੇ ਵੱਲ ਖਿੱਚਦੀ ਹੈ |
• ਲਖਵਿੰਦਰ ਜੀ, ਅੱਜਕਲ੍ਹ ਪੰਜਾਬ ਵਿਚ ਲੱਚਰ ਗਾਇਕੀ ਸਬੰਧੀ ਬੜੀ ਚਰਚਾ ਚਲ ਰਹੀ ਹੈ | ਤੁਸੀਂ ਇਸ ਲਈ ਗੀਤਕਾਰਾਂ, ਕੰਪਨੀਆਂ ਅਤੇ ਗਾਇਕਾਂ ਵਿਚੋਂ ਕਿਸ ਨੂੰ ਵਧੇਰੇ ਜ਼ਿੰਮੇਵਾਰ ਸਮਝਦੇ ਹੋ ਤੇ ਇਸ ਰੁਝਾਨ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ?
¸ਮੈਂ ਵਿਅਕਤੀਗਤ ਤੌਰ 'ਤੇ ਕਿਸੇ ਗਾਇਕ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ | ਪਰ ਮੇਰੀ ਇਹ ਰਾਇ ਹੈ ਕਿ ਇਸ ਸਬੰਧੀ ਵਧੇਰੇ ਜ਼ਿੰਮੇਵਾਰੀ ਗਾਇਕ ਦੀ ਹੀ ਹੁੰਦੀ ਹੈ | ਜਿਥੋਂ ਤੱਕ ਮੇਰਾ ਅਨੁਭਵ ਹੈ, ਗਾਇਕ ਅਤੇ ਕਈ ਵਾਰ ਕੰਪਨੀਆਂ ਵੀ ਲੱਚਰ ਗਾਣੇ ਗਾਉਣ ਲਈ ਗਾਇਕਾਂ ਨੂੰ ਪ੍ਰੇਰਿਤ ਕਰਦੀਆਂ ਹਨ ਪਰ ਮੇਰਾ ਵਿਚਾਰ ਹੈ ਕਿ ਅੰਤਿਮ ਤੌਰ 'ਤੇ ਫ਼ੈਸਲਾ ਗਾਇਕ ਨੇ ਹੀ ਕਰਨਾ ਹੁੰਦਾ ਹੈ ਕਿ ਉਸ ਨੇ ਕੀ ਗਾਉਣਾ ਹੈ ਜਾਂ ਕੀ ਨਹੀਂ ਗਾਉਣਾ | ਇਸ ਲਈ ਜੇ ਕੋਈ ਗਾਇਕ ਇਸ ਗੱਲ 'ਤੇ ਖੜ੍ਹਾ ਰਹਿੰਦਾ ਹੈ ਕਿ ਉਹ ਉਹੋ ਕੁਝ ਗਾਏਗਾ, ਜੋ ਪਰਿਵਾਰ ਵਿਚ ਬੈਠ ਕੇ ਸੁਣਿਆ ਜਾ ਸਕਦਾ ਹੋਵੇ ਤਾਂ ਇਸ ਮਸਲੇ ਦਾ ਹੱਲ ਨਿਕਲ ਸਕਦਾ ਹੈ | ਇਸ ਤੋਂ ਇਲਾਵਾ ਪੰਜਾਬੀ ਗਾਇਕੀ ਨੂੰ ਮਾਣਨ ਵਾਲੇ ਸਰੋਤਿਆਂ 'ਤੇ ਵੀ ਬਹੁਤ ਕੁਝ ਨਿਰਭਰ ਕਰਦਾ ਹੈ | ਜੇਕਰ ਉਹ ਸਿਹਤਮੰਦ ਗਾਇਕੀ ਨੂੰ ਵਧੇਰੇ ਸਮਰਥਨ ਦੇਣ ਤਾਂ ਇਸ ਨਾਲ ਵੀ ਲੱਚਰ ਗਾਇਕੀ ਦੇ ਰੁਝਾਨ ਨੂੰ ਠੱਲਿ੍ਹਆ ਜਾ ਸਕਦਾ ਹੈ |
• ਹੁਣੇ-ਹੁਣੇ ਤੁਹਾਡੀ ਨਵੀਂ ਕੈਸੇਟ 'ਇਸ਼ਕੇ ਦਾ ਜਾਮ' ਆਈ ਹੈ | ਇਸ ਵਿਚ ਕਿਹੜੇ ਗਾਣੇ ਸ਼ਾਮਿਲ ਹਨ ਅਤੇ ਲੋਕਾਂ ਵੱਲੋਂ ਇਸ ਨੂੰ ਕਿੰਨਾ ਕੁ ਹੁੰਗਾਰਾ ਮਿਲਿਆ ਹੈ?
¸ਮੇਰੀ ਇਸ ਸੰਗੀਤ ਐਲਬਮ ਵਿਚ 8 ਗਾਣੇ ਸ਼ਾਮਿਲ ਹਨ | ਪਹਿਲਾ ਗਾਣਾ 'ਜੈਸੇ ਮੇਰੀ ਈਦ ਹੋ ਗਈ' ਫਿਦਾ ਬਟਾਲਵੀ ਦਾ | ਦੂਜਾ 'ਹੀਰ' ਜਸਵੰਤ ਬਕਜ਼ ਤੇ ਅਮਰਜੀਤ ਕੌਰ ਦਾ, ਤੀਜਾ 'ਸੱਜਣਾ ਦੇ ਦੇਸ਼ ਵੱਲੋਂ' ਰਣਜੀਤ ਸ਼ੰਕਰ ਸ੍ਰੀਵਾਲਾ ਦਾ, ਚੌਥਾ 'ਇਸ਼ਕੇ ਦਾ ਜਾਮ' ਆਰ. ਪੀ. ਦੀਵਾਨਾ ਦਾ, ਪੰਜਵਾਂ 'ਮਾਂ' ਪ੍ਰੀਤ ਸੰਘਰੇੜੀ ਦਾ ਲਿਖਿਆ ਹੋਇਆ ਹੈ | ਛੇਵੀਂ 'ਰਾਹਾਂ 'ਚ ਬਹਿਣਾ ਪੈਂਦਾ' ਇਕ ਪੁਰਾਤਨ ਕੱਵਾਲੀ ਹੈ | ਸੱਤਵਾਂ ਗਾਣਾ 'ਜੁਗਨੀ' ਜੱਸੀ ਭੁੱਲਰ ਨੇ ਲਿਖਿਆ ਹੈ ਅਤੇ ਅੱਠਵਾਂ ਗਾਣਾ 'ਸੋਹਣੀ' ਵੀ ਇਕ ਪੁਰਾਤਨ ਲੋਕ ਗੀਤ ਹੈ | ਇਹ ਸੰਗੀਤ ਐਲਬਮ ਸਪੀਡ ਰਿਕਾਰਡਜ਼ ਕੰਪਨੀ ਵੱਲੋਂ ਤਿਆਰ ਕੀਤੀ ਗਈ ਹੈ | ਹੁਣ ਤੱਕ ਦੀਆਂ ਰਿਪੋਰਟਾਂ ਮੁਤਾਬਿਕ ਮੇਰੇ ਸਰੋਤਿਆਂ ਅਤੇ ਪ੍ਰਸੰਸਕਾਂ ਵੱਲੋਂ ਇਸ ਕੈਸੇਟ ਨੂੰ ਭਰਪੂਰ ਹੁੰਗਾਰਾ ਮਿਲ ਰਿਹਾ ਹੈ |
• ਤੁਹਾਡੀਆਂ ਅਗਲੀਆਂ ਯੋਜਨਾਵਾਂ ਕੀ ਹਨ?
¸ਚੰਗਾ ਪੜ੍ਹਨਾ ਅਤੇ ਚੰਗਾ ਗਾਉਣਾ ਹੀ ਹੁਣ ਮੇਰੀ ਜ਼ਿੰਦਗੀ ਹੈ | ਮੈਂ ਗਾਉਣ ਲਈ ਗਾਣੇ ਬੜੀ ਸੋਚ-ਵਿਚਾਰ ਤੋਂ ਬਾਅਦ ਚੁਣਦਾ ਹਾਂ ਅਤੇ ਫਿਰ ਉਨ੍ਹਾਂ ਦੀਆਂ ਤਰਜ਼ਾਂ ਤਿਆਰ ਕਰਦਾ ਹਾਂ ਤੇ ਫਿਰ ਉਨ੍ਹਾਂ ਨੂੰ ਲੋਕਾਂ ਸਾਹਮਣੇ ਪੇਸ਼ ਕਰਕੇ ਉਨ੍ਹਾਂ ਦਾ ਪ੍ਰਤੀਕਰਮ ਵੇਖਦਾ ਹਾਂ | ਇਸ ਤੋਂ ਬਾਅਦ ਹੀ ਮੈਂ ਗਾਣਿਆਂ ਨੂੰ ਆਪਣੀ ਐਲਬਮ ਵਿਚ ਸ਼ਾਮਿਲ ਕਰਨ ਬਾਰੇ ਸੋਚਦਾ ਹਾਂ | ਇਸ ਸਾਰੇ ਅਮਲ ਵਿਚ ਮੈਂ ਖ਼ੁਦ ਖੋਹ ਜਾਂਦਾ ਹਾਂ ਤੇ ਆਨੰਦ ਮਾਣਦਾ ਹਾਂ | ਕੋਈ ¦ਮੀਆਂ ਚੌੜੀਆਂ ਯੋਜਨਾਵਾਂ ਦਾ ਮੈਂ ਅਜੇ ਕੋਈ ਐਲਾਨ ਨਹੀਂ ਕਰਨਾ ਚਾਹੁੰਦਾ ਪਰ ਸੰਗੀਤ ਦੇ ਖੇਤਰ ਵਿਚ ਕੁਝ ਚੰਗਾ ਤੇ ਕੁਝ ਵੱਖਰਾ ਕਰਨਾ ਹੀ ਹੁਣ ਮੇਰੀ ਕੋਸ਼ਿਸ਼ ਹੈ |

Leave a Comment

Message :

CAPTCHA ImageReload Image
ENTER THE CAPTCHA CODE WRITTEN ABOVE