ਕਿਛੁ ਸੁਣੀਐ ਕਿਛੁ ਕਹੀਐ - ਸਤਨਾਮ ਸਿੰਘ ਮਾਣਕ

ਆਓ, ਸ਼ਿਵਾਲੀ ਦੇ ਦੁਖਾਂਤ ਤੋਂ ਸਬਕ ਲਈਏ

 ਜਲੰਧਰ ਦੇ ਐਸ. ਡੀ. ਗਰਲਜ਼ ਕਾਲਜ ਦੀ 20 ਸਾਲਾ ਵਿਦਿਆਰਥਣ ਸ਼ਿਵਾਲੀ ਦੀ ਹੋਈ ਦੁਖਦਾਈ ਮੌਤ ਨੇ ਸਮਾਜ ਨੂੰ ਇਕ ਤਰ੍ਹਾਂ ਨਾਲ ਝਿੰਜੋੜ ਕੇ ਰੱਖ ਦਿੱਤਾ ਹੈ। ਹਰ ਸੰਵੇਦਨਸ਼ੀਲ ਵਿਅਕਤੀ ਇਹ ਸੋਚਣ ਲਈ ਮਜਬੂਰ ਹੋਇਆ ਹੈ ਕਿ ਸਾਡੇ ਸਮਾਜ ਦੀ ਦਿਸ਼ਾ ਅਤੇ ਦਸ਼ਾ ਕੀ ਹੈ? ਇਕ ਪਾਸੇ ਤਾਂ ਸਾਡੀਆਂ ਫ਼ਿਲਮਾਂ, ਸਾਡੇ ਟੀ. ਵੀ. ਸੀਰੀਅਲ ਅਤੇ ਇਥੋਂ ਤੱਕ ਕਿ ਪ੍ਰਿੰਟ ਮੀਡੀਆ ਦੇ ਕੁਝ ਹਿੱਸੇ ਵਪਾਰਕ ਸਰੋਕਾਰਾਂ ਅਧੀਨ ਨੌਜਵਾਨ ਪੀੜ੍ਹੀ ਦੀਆਂ ਕਾਮੁਕ ਭਾਵਨਾਵਾਂ ਨੂੰ ਉਤੇਜਤ ਕਰਨ ਲਈ ਨਿਰੰਤਰ ਯਤਨਸ਼ੀਲ ਰਹਿੰਦੇ ਹਨ, ਫ਼ਿਲਮਾਂ ਚਲਾਉਣ ਲਈ Sex Crime and Sensationalism ਦੇ ਫਾਰਮੂਲੇ ਨੂੰ ਇਕ ਅਚੁੱਕ ਬਾਣ ਸਮਝਿਆ ਜਾਂਦਾ ਹੈ, ਦੂਜੇ ਪਾਸੇ ਇਸ ਦੇ ਸਿੱਟੇ ਵਜੋਂ ਜਦੋਂ ਨੌਜਵਾਨ ਵਰਗ ਆਪਸੀ ਰਿਸ਼ਤਿਆਂ ਵਿਚ ਵਧੇਰੇ ਖੁੱਲ੍ਹ ਲੈਣ ਦੀ ਕੋਸ਼ਿਸ਼ ਕਰਦੇ ਹਨ ਤਾਂ ਸਮਾਜ ਡਾਂਗਾਂ ਲੈ ਕੇ ਖਲੋਅ ਜਾਂਦਾ ਹੈ। ਦੂਜੇ ਪਾਸੇ ਅਨੇਕਾਂ ਵਾਰ ਇਹ ਗੱਲਾਂ ਵੀ ਸਾਹਮਣੇ ਆਈਆਂ ਹਨ ਕਿ ਜੁਰਮ ਕਰਨ ਵਾਲੇ ਨੌਜਵਾਨ ਫ਼ਿਲਮਾਂ ਵਿਚ ਜਾਂ ਟੀ. ਵੀ. ਸੀਰੀਅਲਾਂ ਵਿਚ ਜੁਰਮ ਕਰਨ ਲਈ ਦਿਖਾਏ ਜਾਂਦੇ ਢੰਗ-ਤਰੀਕਿਆਂ ਦੀ ਨਕਲ ਕਰਦੇ ਹਨ। ਇਸ ਤਰ੍ਹਾਂ ਆਪਸੀ ਮਿਲਵਰਤਣ ਵਿਚ ਵੀ ਨੌਜਵਾਨ ਪੀੜ੍ਹੀ ਅਚੇਤ ਜਾਂ ਸੁਚੇਤ ਰੂਪ ਵਿਚ ਫ਼ਿਲਮਾਂ 'ਤੇ ਟੀ. ਵੀ. ਸੀਰੀਅਲਾਂ ਦੀ ਨਕਲ ਕਰਦੀ ਹੈ। ਪਰ ਫ਼ਿਲਮਾਂ ਅਤੇ ਟੀ. ਵੀ. ਸੀਰੀਅਲਾਂ ਰਾਹੀਂ ਜਿਸ ਤਰ੍ਹਾਂ ਦੇ ਖੁੱਲ੍ਹ-ਡੁੱਲ੍ਹ ਵਾਲੇ ਭਾਰਤੀ ਸਮਾਜ ਦੀ ਤਸਵੀਰ ਨੌਜਵਾਨਾਂ ਦੇ ਸਾਹਮਣੇ ਪੇਸ਼ ਕੀਤੀ ਜਾਂਦੀ ਹੈ, ਅਮਲੀ ਰੂਪ ਵਿਚ ਤਸਵੀਰ ਇਸ ਤੋਂ ਬਿਲਕੁਲ ਵੱਖਰੀ ਨਜ਼ਰ ਆਉਂਦੀ ਹੈ। ਭਾਰਤੀ ਸਮਾਜ ਦੇ ਇਨ੍ਹਾਂ ਦੋਹਰੇ ਮਿਆਰਾਂ ਦੀ ਸਭ ਤੋਂ ਵੱਧ ਕੀਮਤ ਇਸ ਸਮੇਂ ਨੌਜਵਾਨ ਪੀੜ੍ਹੀ ਨੂੰ ਅਦਾ ਕਰਨੀ ਪੈ ਰਹੀ ਹੈ। ਉਨ੍ਹਾਂ ਦੇ ਸਾਹਮਣੇ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਜਿਹੜੀ ਜੀਵਨ-ਸ਼ੈਲੀ ਉਹ ਫ਼ਿਲਮਾਂ ਅਤੇ ਟੀ. ਵੀ. ਸੀਰੀਅਲਾਂ ਵਿਚ ਵੇਖਦੇ ਹਨ, ਉਹ ਸਹੀ ਹੈ ਜਾਂ ਜਿਹੜੀ ਜੀਵਨ-ਸ਼ੈਲੀ ਅਮਲੀ ਰੂਪ ਵਿਚ ਸਮਾਜ 'ਚ ਪ੍ਰਚਲਿਤ ਹੈ, ਉਹ ਸਹੀ ਹੈ? ਇਹ ਵਿਰੋਧਾਭਾਸ ਸਾਡੇ ਸਮਾਜ ਵਿਚ ਵੱਡੇ-ਵੱਡੇ ਦੁਖਾਂਤਾਂ ਨੂੰ ਜਨਮ ਦੇ ਰਿਹਾ ਹੈ। ਆਧੁਨਿਕ ਸਿੱਖਿਆ, ਆਧੁਨਿਕ ਫ਼ਿਲਮਾਂ ਅਤੇ ਟੀ. ਵੀ. ਸੀਰੀਅਲਾਂ ਤੋਂ ਪ੍ਰੇਰਿਤ ਹੋ ਕੇ ਨੌਜਵਾਨ ਵਧੇਰੇ ਖੁੱਲ੍ਹ-ਡੁੱਲ੍ਹ ਵਾਲੀ ਜੀਵਨ-ਸ਼ੈਲੀ ਅਪਣਾਉਣ ਦੀ ਇੱਛਾ ਕਰਦੇ ਹਨ। ਪਰ ਦੂਜੇ ਪਾਸੇ, ਸਥਿਤੀ ਇਹ ਹੈ ਕਿ ਜੇਕਰ ਕੋਈ ਨੌਜਵਾਨ ਲੜਕਾ ਲੜਕੀ ਕਿਸੇ ਪਾਰਕ ਵਿਚ ਬੈਠ ਕੇ ਗੱਲਬਾਤ ਵੀ ਕਰਦੇ ਹਨ, ਤਾਂ ਲੋਕਾਂ ਵੱਲੋਂ ਉਨ੍ਹਾਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ। ਜੇਕਰ ਕੋਈ ਲੜਕਾ-ਲੜਕੀ ਇਕੱਠੇ ਤੁਰੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਵੀ ਸ਼ੱਕ ਦੀ ਨਜ਼ਰ ਨਾਲ ਵੇਖਿਆ ਜਾਂਦਾ ਹੈ, ਭਾਵੇਂ ਉਹ ਸਕੇ ਭੈਣ ਭਰਾ ਹੀ ਕਿਉਂ ਨਾ ਹੋਣ? ਜੇਕਰ ਕੋਈ ਲੜਕਾ-ਲੜਕੀ ਕਾਰ ਵਿਚ ਸਫ਼ਰ ਕਰਦੇ ਹਨ, ਭਾਵੇਂ ਕਿ ਉਹ ਬਾਲਗ ਹੀ ਹੋਣ, ਉਨ੍ਹਾਂ ਦੇ ਇਸ ਅਮਲ ਨੂੰ ਵੀ ਇਤਰਾਜ਼ਯੋਗ ਸਮਝਿਆ ਜਾਂਦਾ ਹੈ।
ਅਕਸਰ ਅਸੀਂ ਸਮਾਚਾਰ ਟੀ. ਵੀ. ਚੈਨਲਾਂ 'ਤੇ ਦੇਖਦੇ ਹਾਂ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਪੁਲਿਸ ਵੱਲੋਂ ਪਾਰਕਾਂ 'ਚ ਬੈਠੇ ਜੋੜਿਆਂ ਨੂੰ ਪ੍ਰੇਸ਼ਾਨ ਅਤੇ ਜ਼ਲੀਲ ਕੀਤਾ ਜਾਂਦਾ ਹੈ। ਲੜਕੀਆਂ ਤੋਂ ਕੰਨਾਂ ਨੂੰ ਹੱਥ ਲੁਆਏ ਜਾਂਦੇ ਹਨ ਅਤੇ ਲੜਕਿਆਂ ਤੋਂ ਅਕਸਰ ਬੈਠਕਾਂ ਕਢਵਾਈਆਂ ਜਾਂਦੀਆਂ ਹਨ। ਪੁਲਿਸ ਤੋਂ ਇਲਾਵਾ ਦੇਸ਼ ਵਿਚ ਬਹੁਤ ਸਾਰੇ ਅਜਿਹੇ ਅਖੌਤੀ ਸਮਾਜ ਸੁਧਾਰਕ ਸੰਗਠਨ ਵੀ ਮੌਜੂਦ ਹਨ, ਜਿਹੜੇ ਵੈਲਨਟਾਈਨ ਦਿਵਸ 'ਤੇ ਨੌਜਵਾਨ ਲੜਕੇ ਅਤੇ ਲੜਕੀਆਂ ਨੂੰ ਜ਼ਲੀਲ ਕਰਦੇ ਹਨ। ਇਥੋਂ ਤੱਕ ਕਿ ਨੌਜਵਾਨ ਲੜਕੇ-ਲੜਕੀਆਂ 'ਤੇ ਹਮਲੇ ਵੀ ਕੀਤੇ ਜਾਂਦੇ ਹਨ। ਇਸ ਸੰਦਰਭ ਵਿਚ ਮੀਡੀਆ ਦਾ ਰੋਲ ਵੀ ਸਵਾਲਾਂ ਦੇ ਘੇਰੇ ਵਿਚ ਆ ਜਾਂਦਾ ਹੈ। ਜਦੋਂ ਕੋਈ ਅਖੌਤੀ ਸਮਾਜ ਸੁਧਾਰਕ ਸੰਗਠਨ ਜਾਂ ਪੁਲਿਸ ਵੱਲੋਂ ਇਸ ਤਰ੍ਹਾਂ ਨੌਜਵਾਨ ਲੜਕੇ-ਲੜਕੀਆਂ ਨੂੰ ਜ਼ਲੀਲ ਕੀਤਾ ਜਾਂਦਾ ਹੈ ਤਾਂ ਮੀਡੀਆ ਇਸ ਤਰ੍ਹਾਂ ਦੇ ਘਟਨਾਕ੍ਰਮ ਨੂੰ ਵਧਾ-ਚੜ੍ਹਾ ਕੇ ਪ੍ਰਕਾਸ਼ਿਤ ਜਾਂ ਪ੍ਰਸਾਰਿਤ ਕਰਦਾ ਹੈ। ਕਈ ਵਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਸਿੱਟਾ ਵੱਡੇ ਦੁਖਾਂਤ ਵਿਚ ਵੀ ਨਿਕਲਦਾ ਹੈ। ਕੋਈ ਨੌਜਵਾਨ ਲੜਕਾ ਜਾਂ ਲੜਕੀ ਇਸ ਤਰ੍ਹਾਂ ਜ਼ਲਾਲਤ ਨੂੰ ਬਰਦਾਸ਼ਤ ਨਾ ਕਰਦੇ ਹੋਏ ਆਪਣੀ ਜਾਨ ਦੇ ਦਿੰਦਾ ਹੈ। ਜਲੰਧਰ ਵਿਚ ਵਾਪਰੀ ਘਟਨਾ, ਜਿਸ ਵਿਚ ਸ਼ਿਵਾਲੀ ਨਾਂਅ ਦੀ ਲੜਕੀ ਨੇ ਰੇਲ ਗੱਡੀ ਹੇਠ ਆ ਕੇ ਆਪਣੀ ਜਾਨ ਦੇ ਦਿੱਤੀ ਹੈ, ਇਸੇ ਤਰ੍ਹਾਂ ਦੇ ਦੁਖਾਂਤ ਦੀ ਇਕ ਠੋਸ ਉਦਾਹਰਨ ਹੈ।
ਜਿਥੋਂ ਤੱਕ ਦੇਸ਼ ਦੇ ਕਾਨੂੰਨ ਦਾ ਸਬੰਧ ਹੈ, ਬਾਲਗ ਲੜਕੇ ਅਤੇ ਲੜਕੀਆਂ ਦੇ ਇਕੱਠੇ ਬੈਠਣ ਜਾਂ ਇਕ ਵਾਹਨ ਵਿਚ ਸਫ਼ਰ ਕਰਨ ਉਤੇ ਕੋਈ ਰੋਕ ਨਹੀਂ ਹੈ। ਜੇਕਰ ਕੋਈ ਲੜਕਾ ਜਾਂ ਲੜਕੀ ਕੋਈ ਅਸ਼ਲੀਲ ਜਾਂ ਗ਼ੈਰ-ਸਮਾਜਿਕ ਹਰਕਤ ਨਹੀਂ ਕਰ ਰਹੇ ਤਾਂ ਉਨ੍ਹਾਂ ਨੂੰ ਕਿਸੇ ਪਾਰਕ ਵਿਚ ਬੈਠਣ ਤੋਂ ਰੋਕਿਆ ਨਹੀਂ ਜਾ ਸਕਦਾ। ਪੁਲਿਸ ਜਾਂ ਸਮਾਜ ਕਾਨੂੰਨੀ ਤੌਰ 'ਤੇ ਸਿਰਫ ਉਨ੍ਹਾਂ ਮਾਮਲਿਆਂ ਵਿਚ ਹੀ ਦਖ਼ਲ ਦੇ ਸਕਦਾ ਹੈ, ਜਿਨ੍ਹਾਂ ਵਿਚ ਕਿਸੇ ਸਮਾਜਿਕ ਧਿਰ ਨੇ ਕੋਈ ਸ਼ਿਕਾਇਤ ਕੀਤੀ ਹੋਵੇ। ਪਰ ਇਸ ਦੇ ਬਾਵਜੂਦ ਸਾਡੇ ਦੇਸ਼ ਵਿਚ ਬਹੁਤ ਸਾਰੇ ਸਮਾਜਿਕ ਸੰਗਠਨ ਅਤੇ ਪੁਲਿਸ ਦੇ ਮੁਲਾਜ਼ਮ ਲੋਕਾਂ ਦੀ ਨਿੱਜੀ ਆਜ਼ਾਦੀ ਵਿਚ ਦਖ਼ਲਅੰਦਾਜ਼ੀ ਕਰਨਾ ਆਪਣਾ ਫਰਜ਼ ਸਮਝਦੇ ਹਨ।
ਸਾਨੂੰ ਇਹ ਗੱਲ ਵੀ ਸਮਝਣੀ ਚਾਹੀਦੀ ਹੈ ਕਿ ਸਮਾਜ ਅਤੇ ਸੱਭਿਆਚਾਰ ਵਗਦੇ ਦਰਿਆਵਾਂ ਦੀ ਤਰ੍ਹਾਂ ਹੁੰਦੇ ਹਨ। ਸਮੇਂ ਦੇ ਬੀਤਣ ਨਾਲ ਹਰ ਸਮਾਜ ਦੀਆਂ ਨੈਤਿਕ ਕਦਰਾਂ-ਕੀਮਤਾਂ ਵਿਚ ਤਬਦੀਲੀਆਂ ਆਉਂਦੀਆਂ ਹਨ। ਸਮਾਜ ਦੇ ਵਡੇਰੇ ਹਿੱਸਿਆਂ ਨੂੰ ਨਾ ਕੇਵਲ ਇਸ ਸਚਾਈ ਨੂੰ ਸਮਝਣਾ ਚਾਹੀਦਾ ਹੈ, ਸਗੋਂ ਸਮਾਜ ਵਿਚ ਆਉਣ ਵਾਲੀਆਂ ਤਬਦੀਲੀਆਂ ਨੂੰ ਖੁੱਲ੍ਹੇ ਮਨ ਨਾਲ ਵਿਚਾਰਨਾ ਅਤੇ ਸਮਝਣਾ ਵੀ ਚਾਹੀਦਾ ਹੈ। ਇਨ੍ਹਾਂ ਵਿਚੋਂ ਹਾਂ-ਪੱਖੀ ਤਬਦੀਲੀਆਂ ਦਾ ਸਵਾਗਤ ਵੀ ਕੀਤਾ ਜਾਣਾ ਚਾਹੀਦਾ ਹੈ। ਇਹ ਪਹਿਲ ਮਾਪਿਆਂ ਕੋਲ ਹੁੰਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਜਨਮ ਤੋਂ ਲੈ ਕੇ ਵੱਡੇ ਹੋਣ ਤੱਕ ਕਿਹੋ ਜਿਹੀਆਂ ਕਦਰਾਂ-ਕੀਮਤਾਂ ਦੇਣਾ ਚਾਹੁੰਦੇ ਹਨ। ਕਿਹੋ ਜਿਹੀ ਸਿੱਖਿਆ ਦੇਣੀ ਚਾਹੁੰਦੇ ਹਨ। ਇਸ ਪੜਾਅ 'ਤੇ ਉਹ ਸੁਚੇਤ ਰੂਪ ਵਿਚ ਬੱਚਿਆਂ 'ਤੇ ਆਪਣਾ ਵੱਧ ਤੋਂ ਵੱਧ ਪ੍ਰਭਾਵ ਪਾ ਸਕਦੇ ਹਨ। ਪਰ ਜਦੋਂ ਬੱਚੇ ਵੱਡੇ ਹੋ ਜਾਂਦੇ ਹਨ ਜਾਂ ਬਾਲਗ ਹੋ ਜਾਂਦੇ ਹਨ ਤਾਂ ਉਨ੍ਹਾਂ ਤੋਂ ਕੋਈ ਵੀ ਗੱਲ ਜਬਰੀ ਨਹੀਂ ਮਨਾਈ ਜਾ ਸਕਦੀ। ਉਨ੍ਹਾਂ ਨਾਲ ਨਿਰੰਤਰ ਵਿਚਾਰ-ਵਟਾਂਦਰਾ ਕਰਕੇ ਅਤੇ ਮੰਨਣਯੋਗ ਦਲੀਲਾਂ ਦੇ ਕੇ ਹੀ ਉਨ੍ਹਾਂ ਨੂੰ ਕੋਈ ਗੱਲ ਮਾਪੇ ਮੰਨਵਾ ਸਕਦੇ ਹਨ। ਜੇਕਰ ਮਾਪੇ ਜ਼ਰਬਰਦਸਤੀ ਆਪਣੇ ਵਿਚਾਰ ਨੌਜਵਾਨਾਂ 'ਤੇ ਠੋਸਣ ਦਾ ਯਤਨ ਕਰਦੇ ਹਨ, ਤਾਂ ਉਸ ਦੇ ਸਿੱਟੇ ਅਕਸਰ ਬੜੇ ਭਿਆਨਕ ਨਿਕਲਦੇ ਹਨ। ਅਜਿਹੇ ਯਤਨਾਂ ਨਾਲ ਪਰਿਵਾਰਾਂ ਵਿਚ ਹਿੰਸਕ ਟਕਰਾਓ ਹੋ ਜਾਂਦੇ ਹਨ ਅਤੇ ਕਈ ਵਾਰ ਭਾਰੀ ਜਾਨੀ ਤੇ ਮਾਲੀ ਨੁਕਸਾਨ ਵੀ ਹੋ ਜਾਂਦਾ ਹੈ। ਜੇਕਰ ਅਸੀਂ ਆਲੇ-ਦੁਆਲੇ ਵੱਲ ਨਜ਼ਰ ਮਾਰੀਏ ਤਾਂ ਸਾਨੂੰ ਆਪਣੇ ਨੇੜਿਉਂ ਹੀ ਅਨੇਕਾਂ ਅਜਿਹੀਆਂ ਮਿਸਾਲਾਂ ਲੱਭ ਜਾਣਗੀਆਂ ਜਿਥੇ ਪੁਰਾਣੀ ਅਤੇ ਨਵੀਂ ਪੀੜ੍ਹੀ ਦੇ ਟਕਰਾਓ ਨੇ ਵੱਡੇ ਦੁਖਾਂਤਾਂ ਨੂੰ ਜਨਮ ਦਿੱਤਾ। ਆਪਣੇ ਰਸਤੇ 'ਤੇ ਚਲਾਉਂਦੇ-ਚਲਾਉਂਦੇ ਮਾਪੇ ਆਪਣੇ ਨੌਜਵਾਨ ਬੱਚਿਆਂ ਤੋਂ ਹੱਥ ਧੋ ਬੈਠੇ ਜਾਂ ਖ਼ੁਦ ਜੇਲ੍ਹ ਪਹੁੰਚ ਗਏ।
ਸ਼ਿਵਾਲੀ ਨਾਲ ਸਬੰਧਤ ਦੁਖਾਂਤ ਵੀ ਇਹ ਮੰਗ ਕਰਦਾ ਹੈ ਕਿ ਇਸ ਸੰਦਰਭ ਵਿਚ ਪੁਲਿਸ, ਮੀਡੀਆ ਅਤੇ ਸਮੁੱਚੇ ਸਮਾਜ ਦੇ ਰੋਲ ਅਤੇ ਜ਼ਿੰਮੇਵਾਰੀ ਬਾਰੇ ਗੰਭੀਰਤਾ ਨਾਲ ਵਿਚਾਰ-ਚਰਚਾ ਕੀਤੀ ਜਾਵੇ। ਪੁਲਿਸ ਲਈ ਇਹ ਜ਼ਰੂਰੀ ਹੈ ਕਿ ਉਹ ਸਮਾਜ ਵਿਚ ਅਮਨ-ਕਾਨੂੰਨ ਨੂੰ ਯਕੀਨੀ ਬਣਾਵੇ ਅਤੇ ਜੇਕਰ ਸਮਾਜ ਦੇ ਕਿਸੇ ਵੀ ਵਰਗ ਵੱਲੋਂ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਉਸ ਦਾ ਉਚਿਤ ਢੰਗ ਨਾਲ ਨਿਪਟਾਰਾ ਕਰੇ, ਉਸ ਨੂੰ ਸੁਰੱਖਿਆ ਮੁਹੱਈਆ ਕਰੇ ਪਰ ਉਹ ਅਜਿਹਾ ਕਰਦਿਆਂ ਵੀ ਕਾਨੂੰਨ ਦੇ ਘੇਰੇ ਵਿਚੋਂ ਬਾਹਰ ਜਾ ਕੇ ਕੋਈ ਵੀ ਅਮਲ ਨਹੀਂ ਕਰ ਸਕਦੀ, ਜਿਸ ਨਾਲ ਕਿਸੇ ਦੀ ਇੱਜ਼ਤ, ਆਬਰੂ ਅਤੇ ਸਵੈਮਾਣ ਨੂੰ ਠੇਸ ਲਗਦੀ ਹੋਵੇ। ਨਾ ਹੀ ਉਹ ਆਪਣੀ ਹਾਜ਼ਰੀ ਵਿਚ ਕਿਸੇ ਹੋਰ ਧਿਰ ਨੂੰ ਅਜਿਹਾ ਕਰਨ ਦੀ ਇਜਾਜ਼ਤ ਦੇ ਸਕਦੀ ਹੈ, ਭਾਵੇਂ ਕਿ ਉਹ ਮੀਡੀਆ ਹੀ ਕਿਉਂ ਨਾ ਹੋਵੇ। ਜਿਥੋਂ ਤੱਕ ਮੀਡੀਆ ਦਾ ਸਬੰਧ ਹੈ, ਤਕਨੀਕੀ ਤੌਰ 'ਤੇ ਪਿਛਲੇ ਕੁਝ ਦਹਾਕਿਆਂ ਵਿਚ ਮੀਡੀਆ ਨੇ ਬੜੀ ਤਰੱਕੀ ਕੀਤੀ ਹੈ। ਮੀਡੀਆ ਦਾ ਵਿਸਥਾਰ ਵੀ ਬਹੁਤ ਵਧੇਰੇ ਹੋਇਆ ਹੈ। ਅੱਜ ਦੇਸ਼ ਵਿਚ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਅਖ਼ਬਾਰ, ਮੈਗਜ਼ੀਨ ਅਤੇ ਰਸਾਲੇ ਛਪਦੇ ਹਨ। ਇਸੇ ਤਰ੍ਹਾਂ ਅੱਜ ਸੈਂਕੜੇ ਸਮਾਚਾਰ ਦੇਣ ਵਾਲੇ ਅਤੇ ਮਨੋਰੰਜਨ ਮੁਹੱਈਆ ਕਰਨ ਵਾਲੇ ਟੀ. ਵੀ. ਚੈਨਲ ਚੱਲ ਰਹੇ ਹਨ। ਦੇਸ਼ ਵਿਚ ਜਮਹੂਰੀਅਤ ਨੂੰ ਮਜ਼ਬੂਤ ਬਣਾਉਣ, ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨ ਅਤੇ ਭ੍ਰਿਸ਼ਟਾਚਾਰ ਰਹਿਤ ਰਾਜਨੀਤਕ ਪ੍ਰਬੰਧ ਦੀ ਸਥਾਪਨਾ ਲਈ ਸਮਾਚਾਰ ਦੇਣ ਵਾਲੇ ਟੀ. ਵੀ. ਚੈਨਲ ਚੰਗਾ ਯੋਗਦਾਨ ਪਾ ਰਹੇ ਹਨ। ਲੋਕ ਇਨ੍ਹਾਂ ਦੇ ਪ੍ਰੋਗਰਾਮਾਂ ਨੂੰ ਦਿਲਚਸਪੀ ਨਾਲ ਦੇਖਦੇ ਹਨ ਅਤੇ ਰਾਜਨੀਤਕ ਤੇ ਸਮਾਜਿਕ ਤੌਰ 'ਤੇ ਜਾਗ੍ਰਿਤ ਹੋ ਰਹੇ ਹਨ। ਇਸੇ ਤਰ੍ਹਾਂ ਬਹੁਤ ਸਾਰੇ ਮਨੋਰੰਜਕ ਟੀ. ਵੀ. ਚੈਨਲਾਂ 'ਤੇ ਗੀਤ-ਸੰਗੀਤ ਸਮੇਤ ਸਮਾਜਿਕ ਚੇਤਨਾ ਪੈਦਾ ਕਰਨ ਵਾਲੇ ਅਨੇਕਾਂ ਚੰਗੇ ਪ੍ਰੋਗਰਾਮ ਪ੍ਰਸਾਰਿਤ ਹੁੰਦੇ ਹਨ। ਇਸੇ ਤਰ੍ਹਾਂ ਪ੍ਰਿੰਟ ਮੀਡੀਆ ਵਿਚ ਵੀ ਬਹੁਤ ਸਾਰੇ ਅਖ਼ਬਾਰ, ਮੈਗਜ਼ੀਨ ਸਮਾਜਿਕ ਜ਼ਿੰਮੇਵਾਰੀ ਨਾਲ ਬਿਹਤਰ ਦੇਸ਼ ਤੇ ਸਮਾਜ ਸਿਰਜਣ ਲਈ ਕੰਮ ਕਰ ਰਹੇ ਹਨ, ਜਿਨ੍ਹਾਂ ਤੋਂ ਲੋਕ ਲਾਭ ਉਠਾਉਂਦੇ ਹਨ। ਪਰ ਇਸ ਹਾਂ-ਪੱਖੀ ਭੂਮਿਕਾ ਦੇ ਬਾਵਜੂਦ ਮੀਡੀਏ ਦੇ ਇਕ ਵੱਡੇ ਹਿੱਸੇ ਦੀ ਵਿਸ਼ਵਾਸਯੋਗਤਾ 'ਤੇ ਪ੍ਰਸ਼ਨ-ਚਿੰਨ੍ਹ ਉੱਠ ਰਹੇ ਹਨ। ਚੋਣਾਂ ਦੇ ਦਿਨਾਂ ਵਿਚ ਪੈਸੇ ਲੈ ਕੇ ਖ਼ਬਰਾਂ ਛਾਪਣੀਆਂ ਜਾਂ ਟੀ. ਵੀ. ਚੈਨਲਾਂ ਵੱਲੋਂ ਵਪਾਰਕ ਰੁਚੀਆਂ ਅਧੀਨ ਲੱਚਰ, ਅਸ਼ਲੀਲ ਅਤੇ ਹਿੰਸਾ ਭੜਕਾਉਣ ਵਾਲੇ ਪ੍ਰੋਗਰਾਮ ਪੇਸ਼ ਕਰਨੇ ਵੀ ਇਸੇ ਦੇਸ਼ ਦਾ ਇਕ ਹਕੀਕੀ ਵਰਤਾਰਾ ਹੈ। ਸੌੜੇ ਵਪਾਰਕ ਸਵਾਰਥਾਂ ਅਤੇ ਮੁਕਾਬਲੇਬਾਜ਼ੀ ਵਿਚ ਇਕ-ਦੂਜੇ ਨੂੰ ਪਛਾੜਨ ਦੇ ਯਤਨ ਵਿਚ ਹੀ ਮੀਡੀਆ ਬਹੁਤੀ ਵਾਰੀ ਇਹੋ ਜਿਹਾ ਰੋਲ ਅਦਾ ਕਰ ਜਾਂਦਾ ਹੈ, ਜਿਹੜਾ ਸਮਾਜਿਕ ਜ਼ਿੰਮੇਵਾਰੀ ਤੋਂ ਸੱਖਣਾ ਹੁੰਦਾ ਹੈ ਅਤੇ ਸਮਾਜ ਨੂੰ ਕਈ ਪੱਖਾਂ ਤੋਂ ਭਾਰੀ ਨੁਕਸਾਨ ਪਹੁੰਚਾਉਂਦਾ ਹੈ।
ਇਹ ਸਮੇਂ ਦੀ ਮੰਗ ਹੈ ਕਿ ਅਸੀਂ ਜ਼ਿੰਦਗੀ ਦੇ ਭਾਵੇਂ ਕਿਸੇ ਵੀ ਖੇਤਰ ਵਿਚ ਵਿਚਰ ਰਹੇ ਹੋਈਏ, ਜ਼ਿੰਮੇਵਾਰੀ ਨਾਲ ਵਿਚਰੀਏ ਅਤੇ ਜ਼ਿੰਮੇਵਾਰੀ ਨਾਲ ਅਮਲ ਕਰੀਏ। ਚਾਹੇ ਅਸੀਂ ਸਨਅਤਕਾਰ ਹੋਈਏ, ਚਾਹੇ ਅਸੀਂ ਵਪਾਰੀ ਹੋਈਏ, ਚਾਹੇ ਅਸੀਂ ਸਿੱਖਿਆ ਸ਼ਾਸਤਰੀ ਹੋਈਏ, ਚਾਹੇ ਅਸੀਂ ਮੀਡੀਏ ਨਾਲ ਸਬੰਧਤ ਹੋਈਏ ਜਾਂ ਕਿਸੇ ਸਰਕਾਰੀ ਜਾਂ ਗ਼ੈਰ-ਸਰਕਾਰੀ ਅਦਾਰੇ ਵਿਚ ਕਿਸੇ ਉੱਚੇ ਅਹੁਦੇ 'ਤੇ ਬੈਠੇ ਹੋਈਏ, ਸਾਨੂੰ ਹਮੇਸ਼ਾ ਆਪਣੀ ਲਛਮਣ ਰੇਖਾ ਦਾ ਖਿਆਲ ਰੱਖਣਾ ਚਾਹੀਦਾ ਹੈ। ਆਪਣੇ ਕਾਰਜ ਖੇਤਰ ਤੋਂ ਬਾਹਰ ਜਾ ਕੇ ਅਜਿਹਾ ਕੁਝ ਨਹੀਂ ਕਰਨਾ ਚਾਹੀਦਾ, ਜੋ ਸਮਾਜ ਦੇ ਕਿਸੇ ਵੀ ਵਰਗ ਨੂੰ ਜਾਂ ਇਥੋਂ ਤੱਕ ਕਿ ਵਾਤਾਵਰਨ ਨੂੰ ਵੀ ਨੁਕਸਾਨ ਪਹੁੰਚਾਉਣ ਵਾਲਾ ਹੋਵੇ। ਇਸ ਧਰਤੀ ਨੂੰ ਰਹਿਣ ਲਈ ਹੋਰ ਵਧੇਰੇ ਬਿਹਤਰ ਅਤੇ ਹੋਰ ਵਧੇਰੇ ਸੁਰੱਖਿਅਤ ਅਸੀਂ ਤਾਂ ਹੀ ਬਣਾ ਸਕਦੇ ਹਾਂ ਜੇਕਰ ਅਸੀਂ ਜੀਓ ਅਤੇ ਜਿਊਣ ਦਿਓ ਦੇ ਸਿਧਾਂਤ ਨੂੰ ਦ੍ਰਿੜ੍ਹਤਾ ਨਾਲ ਧਾਰਨ ਕਰੀਏ। ਜੇਕਰ ਅਸੀਂ ਅਜਿਹਾ ਨਹੀਂ ਕਰਦੇ ਤਾਂ ਸਮਾਜ ਵਿਚ ਸ਼ਿਵਾਲੀ ਵਰਗੇ ਦੁਖਾਂਤ ਨਿਰੰਤਰ ਵਾਪਰਦੇ ਰਹਿਣਗੇ ਅਤੇ ਸਾਡੀ ਆਪਣੀ ਜ਼ਮੀਰ ਸਾਨੂੰ ਝਾੜਾਂ ਪਾਉਂਦੀ ਰਹੇਗੀ। ਸਮਾਜ ਦੇ ਹੋਰ ਵਰਗ ਵੀ ਸਾਡੀ ਕਾਰਗੁਜ਼ਾਰੀ 'ਤੇ ਪ੍ਰਸ਼ਨ ਉਠਾਉਣਗੇ ਅਤੇ ਅਸੀਂ ਖ਼ੁਦ ਵੀ ਆਪਣੇ ਸਾਹਮਣੇ ਸ਼ਰਮਿੰਦੇ ਹੁੰਦੇ ਰਹਾਂਗੇ।
ਮਨੁੱਖ ਨੂੰ ਮਨੁੱਖ ਤਾਂ ਹੀ ਕਿਹਾ ਜਾ ਸਕਦਾ ਹੈ ਜੇਕਰ ਉਹ ਆਪਣੇ ਵੱਲੋਂ ਕੀਤੀ ਗਈ ਕਿਸੇ ਵੀ ਗ਼ਲਤੀ ਦਾ ਖੁੱਲ੍ਹੇ ਮਨ ਨਾਲ ਵਿਸ਼ਲੇਸ਼ਣ ਕਰੇ ਅਤੇ ਭਵਿੱਖ ਵਿਚ ਅਜਿਹੀ ਗ਼ਲਤੀ ਨੂੰ ਮੁੜ ਨਾ ਦੁਹਰਾਏ। ਇਸ ਤਰ੍ਹਾਂ ਹੀ ਉਹ ਇਕ ਸੰਤੁਲਤ ਅਤੇ ਬਿਹਤਰ ਜੀਵਨ ਜਿਊਣ ਦੇ ਸਮਰੱਥ ਹੋ ਸਕਦਾ ਹੈ।

Leave a Comment

Message :

CAPTCHA ImageReload Image
ENTER THE CAPTCHA CODE WRITTEN ABOVE