ਕਿਛੁ ਸੁਣੀਐ ਕਿਛੁ ਕਹੀਐ - ਸਤਨਾਮ ਸਿੰਘ ਮਾਣਕ

ਆਓ ਦੋ ਕਦਮ ਤੁਰੀਏ, ਤਾਂ ਜੋ ਪੰਜਾਬੀ ਜ਼ਿੰਦਾ ਰਹੇ

 ਜਦੋਂ ਤੋਂ ਸੰਯੁਕਤ ਰਾਸ਼ਟਰ ਸੰਘ ਦੀ ਏਜੰਸੀ ਯੂਨੈਸਕੋ ਨੇ ਖ਼ਤਰੇ ਦੀ ਇਹ ਘੰਟੀ ਖੜਕਾਈ ਹੈ ਕਿ ਹੁਣ ਤੱਕ ਬਚ ਰਹੀਆਂ ਛੇ ਹਜ਼ਾਰ ਭਾਸ਼ਾਵਾਂ ਵਿਚੋਂ ਬਹੁਤ ਸਾਰੀਆਂ ਇਸ ਸਦੀ ਦੇ ਅਖੀਰ ਤੱਕ ਅਲੋਪ ਹੋ ਜਾਣਗੀਆਂ, ਦੁਨੀਆ ਭਰ ਵਿਚ ਆਪੋ-ਆਪਣੀਆਂ ਮਾਂ-ਬੋਲੀਆਂ ਨੂੰ ਬਚਾਉਣ ਲਈ ਵੱਖ-ਵੱਖ ਖਿੱਤਿਆਂ ਦੇ ਲੋਕਾਂ ਨੇ ਕੁਝ ਯਤਨ ਆਰੰਭ ਦਿੱਤੇ ਹਨ ਪਰ ਬਹੁਤ ਸਾਰੀਆਂ ਪਛੜੀਆਂ ਅਤੇ ਗ਼ਰੀਬ ਕੌਮਾਂ ਅਜੇ ਵੀ ਇਸ ਖ਼ਤਰੇ ਤੋਂ ਅਨਜਾਣ ਘੂਕ ਸੁੱਤੀਆਂ ਪਈਆਂ ਹਨ।
ਇਹ ਚੰਗੀ ਗੱਲ ਹੈ ਕਿ ਯੂਨੈਸਕੋ ਨੇ ਖ਼ੁਦ ਦੁਨੀਆ ਦੀ ਸੱਭਿਆਚਾਰਕ ਅਤੇ ਭਾਸ਼ਾਈ ਵਿਭਿੰਨਤਾ ਬਚਾਉਣ ਲਈ ਕਾਫੀ ਕੰਮ ਕੀਤਾ ਹੈ। ਦੁਨੀਆ ਵਿਚ ਅਲੋਪ ਹੋ ਰਹੀਆਂ ਜਾਂ ਅਲੋਪ ਹੋਣ ਦੇ ਅਮਲ ਵਿਚੋਂ ਗੁਜ਼ਰ ਰਹੀਆਂ ਭਾਸ਼ਾਵਾਂ ਦਾ ਨਕਸ਼ਾ ਤਿਆਰ ਕਰਕੇ ਆਪਣੀ ਵੈੱਬਸਾਈਟ 'ਤੇ ਪਾਇਆ ਹੈ ਅਤੇ ਇਸ ਦੇ ਨਾਲ ਹੀ ਯੂਨੈਸਕੋ ਨੇ ਦੁਨੀਆ ਭਰ ਦੇ ਭਾਸ਼ਾਈ ਵਿਦਵਾਨਾਂ ਦੀ ਪੈਰਿਸ ਵਿਚ 2003 'ਚ 10 ਤੋਂ 12 ਮਾਰਚ ਤੱਕ ਕਾਨਫ਼ਰੰਸ ਕਰਵਾ ਕੇ ਭਾਸ਼ਾਵਾਂ ਦੇ ਅਲੋਪ ਹੋ ਜਾਣ ਦੇ ਲੱਛਣ ਤੈਅ ਕਰਕੇ ਉਨ੍ਹਾਂ ਨੂੰ ਅਲੋਪ ਹੋਣ ਤੋਂ ਰੋਕਣ ਲਈ ਚੁੱਕੇ ਜਾਣ ਵਾਲੇ ਕਦਮਾਂ ਸਬੰਧੀ ਇਕ ਵਿਸਥਾਰਪੂਰਵਕ ਦਸਤਾਵੇਜ਼ 'ਲੈਂਗੂਏਜ਼ ਵਾਇਟੇਲਿਟੀ ਐਂਡ ਇੰਡਜਰਡਮੈਂਟ' ਦੇ ਸਿਰਲੇਖ ਹੇਠ ਤਿਆਰ ਕਰਕੇ ਆਪਣੀ ਵੈੱਬਸਾਈਟ 'ਤੇ ਪਾਇਆ ਹੈ। ਇਸ ਦਸਤਾਵੇਜ਼ ਵਿਚ ਕਿਸੇ ਭਾਸ਼ਾ ਦੇ ਅਲੋਪ ਹੋ ਜਾਣ ਦੇ ਲੱਛਣਾਂ ਦੀ ਚਰਚਾ ਕਰਦਿਆਂ ਇਹ ਕਿਹਾ ਗਿਆ ਹੈ ਕਿ ਜੇਕਰ ਕਿਸੇ ਖਿੱਤੇ ਦੇ ਲੋਕਾਂ ਦੀ ਅਗਲੀ ਪੀੜ੍ਹੀ ਉਸੇ ਤਰ੍ਹਾਂ ਆਪਣੀ ਜ਼ਬਾਨ ਨੂੰ ਨਹੀਂ ਅਪਣਾਉਂਦੀ, ਜਿਸ ਤਰ੍ਹਾਂ ਕਿ ਪਹਿਲੀ ਪੀੜ੍ਹੀ ਨੇ ਅਪਣਾਈ ਹੁੰਦੀ ਹੈ, ਤਾਂ ਅਜਿਹੀ ਜ਼ਬਾਨ ਦੇ ਅਲੋਪ ਹੋ ਜਾਣ ਦਾ ਅਮਲ ਸ਼ੁਰੂ ਹੋ ਜਾਂਦਾ ਹੈ। ਭਾਵ ਜਿਸ ਤਰ੍ਹਾਂ ਅੱਜ ਬਹੁਤੇ ਪੰਜਾਬੀ ਆਪਣੀ ਜ਼ਬਾਨ ਲਿਖਦੇ, ਪੜ੍ਹਦੇ ਅਤੇ ਬੋਲਦੇ ਹਨ ਪਰ ਉਨ੍ਹਾਂ ਦੇ ਬੱਚਿਆਂ ਨੂੰ ਅੰਗਰੇਜ਼ੀ ਮਾਧਿਅਮ ਵਾਲੇ ਨਿੱਜੀ ਸਕੂਲ ਜੇਕਰ ਪੰਜਾਬੀ ਨਹੀਂ ਪੜ੍ਹਾਉਂਦੇ ਜਾਂ ਪੰਜਾਬੀ ਬੋਲਣ 'ਤੇ ਪਾਬੰਦੀ ਲਾ ਕੇ ਉਨ੍ਹਾਂ ਨੂੰ ਇਹ ਜ਼ਬਾਨ ਬੋਲਣ ਤੋਂ ਨਿਰਉਤਸ਼ਾਹਿਤ ਕਰਦੇ ਹਨ ਤਾਂ ਇਨ੍ਹਾਂ ਸਕੂਲਾਂ ਵਿਚ ਪੰਜਾਬੀਆਂ ਦੀ ਪੜ੍ਹ ਰਹੀ ਅਗਲੀ ਪੀੜ੍ਹੀ ਪੰਜਾਬੀ ਜ਼ਬਾਨ ਤੋਂ ਕੋਰੀ ਹੋ ਜਾਏਗੀ। ਇਸ ਦਸਤਾਵੇਜ਼ ਵਿਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕਿਸੇ ਖਿੱਤੇ ਦੀ ਸਰਕਾਰ ਆਪਣਾ ਪ੍ਰਸ਼ਾਸਨਿਕ ਕੰਮਕਾਜ ਵੱਡੀ ਪੱਧਰ 'ਤੇ ਲੋਕਾਂ ਦੀ ਜ਼ਬਾਨ ਵਿਚ ਨਹੀਂ ਕਰਦੀ ਤਾਂ ਵੀ ਉਹ ਜ਼ਬਾਨ ਅਲੋਪ ਹੋ ਜਾਂਦੀ ਹੈ। ਇਸੇ ਤਰ੍ਹਾਂ ਜੇਕਰ ਕਿਸੇ ਖਿੱਤੇ ਵਿਚ ਮੀਡੀਆ ਦੇ ਵੱਖ-ਵੱਖ ਰੂਪਾਂ ਵੱਲੋਂ ਲੋਕਾਂ ਦੀ ਜ਼ਬਾਨ ਨੂੰ ਸੂਚਨਾ ਦੇਣ ਅਤੇ ਸੂਚਨਾ ਲੈਣ ਲਈ ਨਹੀਂ ਵਰਤਿਆ ਜਾਂਦਾ ਤਾਂ ਵੀ ਉਹ ਜ਼ਬਾਨ ਅਲੋਪ ਹੋਣ ਲੱਗ ਪੈਂਦੀ ਹੈ।
ਸਮੁੱਚੇ ਤੌਰ 'ਤੇ ਇਹ ਦਸਤਾਵੇਜ਼ ਇਹ ਨਿਚੋੜ ਕੱਢਦਾ ਹੈ ਕਿ ਕਿਸੇ ਖਿੱਤੇ ਦੀ ਜ਼ਬਾਨ ਨੂੰ ਅਲੋਪ ਹੋਣ ਤੋਂ ਰੋਕਣ ਲਈ ਲੋਕ-ਜੀਵਨ ਦੇ ਵੱਧ ਤੋਂ ਵੱਧ ਖੇਤਰਾਂ ਵਿਚ ਉਸ ਦੀ ਵਰਤੋਂ ਹੋਣੀ ਚਾਹੀਦੀ ਹੈ। ਭਾਵ ਜੇਕਰ ਕਿਸੇ ਜ਼ਬਾਨ ਨੂੰ ਸਿੱਖਿਆ ਦੀ, ਸਰਕਾਰ ਦੀ, ਪਰਿਵਾਰ ਦੀ ਅਤੇ ਕਾਰੋਬਾਰ ਦੀ ਜ਼ਬਾਨ ਬਣਾ ਕੇ ਰੱਖਿਆ ਜਾਵੇ ਤਾਂ ਜ਼ਬਾਨ ਨੂੰ ਅਲੋਪ ਹੋਣ ਤੋਂ ਰੋਕਿਆ ਜਾ ਸਕਦਾ ਹੈ ਅਤੇ ਉਸ ਦਾ ਅੱਗੇ ਨਵੇਂ-ਨਵੇਂ ਖੇਤਰਾਂ ਵਿਚ ਪ੍ਰਚਾਰ-ਪ੍ਰਸਾਰ ਅਤੇ ਵਿਕਾਸ ਵੀ ਸੰਭਵ ਬਣਾਇਆ ਜਾ ਸਕਦਾ ਹੈ।
ਯੂਨੈਸਕੋ ਦੇ ਉਪਰੋਕਤ ਦਸਤਾਵੇਜ਼ ਦੀ ਰੌਸ਼ਨੀ ਵਿਚ ਅਸੀਂ ਜਦੋਂ ਆਪਣੀ ਮਾਂ-ਬੋਲੀ ਪੰਜਾਬੀ ਦੇ ਭਵਿੱਖ ਬਾਰੇ ਸੋਚਦੇ ਹਾਂ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਭਾਵੇਂ ਯੂਨੈਸਕੋ ਨੇ ਪੰਜਾਬੀ ਨੂੰ ਅਲੋਪ ਹੋ ਰਹੀਆਂ ਜਾਂ ਅਲੋਪ ਹੋਣ ਦੇ ਅਮਲ ਵਿਚੋਂ ਗੁਜ਼ਰ ਰਹੀਆਂ ਭਾਸ਼ਾਵਾਂ ਦੀ ਸ਼੍ਰੇਣੀ ਵਿਚ ਅਜੇ ਸ਼ਾਮਿਲ ਨਹੀਂ ਕੀਤਾ, ਪਰ ਕਿਸੇ ਜ਼ਬਾਨ ਦੇ ਅਲੋਪ ਹੋਣ ਦੇ ਅਮਲ ਸਬੰਧੀ ਉਸ ਨੇ ਜੋ ਮਾਪਦੰਡ ਤੈਅ ਕੀਤੇ ਹਨ, ਉਨ੍ਹਾਂ ਨੂੰ ਆਪਣੀ ਜ਼ਬਾਨ 'ਤੇ ਲਾਗੂ ਕਰਕੇ ਜਦੋਂ ਅਸੀਂ ਵੇਖਦੇ ਹਾਂ, ਤਾਂ ਇਹ ਗੱਲ ਸਪੱਸ਼ਟ ਰੂਪ ਵਿਚ ਸਾਹਮਣੇ ਆਉਂਦੀ ਹੈ ਕਿ ਸਾਡੀ ਜ਼ਬਾਨ ਵੀ ਅਲੋਪ ਹੋਣ ਦੇ ਅਮਲ ਵਿਚੋਂ ਗੁਜ਼ਰ ਰਹੀ ਹੈ। ਪੰਜਾਬੀਆਂ ਦੀ ਨਵੀਂ ਪੀੜ੍ਹੀ ਜਿਹੜੀ ਕਿ ਵਧੇਰੇ ਕਰਕੇ ਸ਼ਹਿਰਾਂ ਦੇ ਵੱਡੇ-ਵੱਡੇ ਅੰਗਰੇਜ਼ੀ ਮਾਧਿਅਮ ਵਾਲੇ ਸਕੂਲਾਂ ਵਿਚ ਪੜ੍ਹ ਰਹੀ ਹੈ, ਉਹ ਪੰਜਾਬੀ ਜ਼ਬਾਨ ਅਤੇ ਸੱਭਿਆਚਾਰ ਤੋਂ ਦੂਰ ਹੁੰਦੀ ਜਾ ਰਹੀ ਹੈ। ਕਿਉਂਕਿ ਪੰਜਾਬ ਦੇ ਬਹੁਤ ਸਾਰੇ ਅੰਗਰੇਜ਼ੀ ਮਾਧਿਅਮ ਵਾਲੇ ਨਿੱਜੀ ਸਕੂਲਾਂ ਦੇ ਪ੍ਰਬੰਧਕਾਂ ਨੇ ਸਕੂਲਾਂ ਅੰਦਰ ਪੰਜਾਬੀ ਬੋਲਣ 'ਤੇ ਸਖ਼ਤ ਪਾਬੰਦੀਆਂ ਲਾਈਆਂ ਹੋਈਆਂ ਹਨ ਅਤੇ ਪੰਜਾਬੀ ਬੋਲਣ ਵਾਲੇ ਬੱਚਿਆਂ ਨੂੰ ਸਰੀਰਕ ਸਜ਼ਾਵਾਂ ਵੀ ਦਿੱਤੀਆਂ ਜਾਂਦੀਆਂ ਹਨ ਅਤੇ ਜੁਰਮਾਨੇ ਵੀ ਕੀਤੇ ਜਾਂਦੇ ਹਨ। ਸਕੂਲਾਂ ਵੱਲੋਂ ਅਜਿਹਾ ਇਸ ਲਈ ਕੀਤਾ ਜਾਂਦਾ ਹੈ ਤਾਂ ਕਿ ਇਹ ਸਿੱਧ ਕੀਤਾ ਜਾਵੇ ਕਿ ਉਨ੍ਹਾਂ ਦਾ ਸਕੂਲ ਅੰਗਰੇਜ਼ੀ ਵਿਚ ਸਿੱਖਿਆ ਦੇਣ ਵਾਲਾ ਬਹੁਤ ਹੀ ਉੱਚ ਪੱਧਰੀ ਸਕੂਲ ਹੈ ਅਤੇ ਇਸ ਸਕੂਲ ਦੇ ਅੰਦਰ ਕੋਈ ਵੀ ਪੰਜਾਬੀ ਵਿਚ ਗੱਲ ਨਹੀਂ ਕਰ ਸਕਦਾ। ਵੱਡੇ ਨਿੱਜੀ ਸਕੂਲਾਂ ਦੇ ਪ੍ਰਬੰਧਕ ਸਮਝਦੇ ਹਨ ਕਿ ਇਸ ਤਰ੍ਹਾਂ ਉਹ ਅਮੀਰਾਂ ਤੋਂ ਵੱਧ ਤੋਂ ਵੱਧ ਫੀਸਾਂ ਵਸੂਲ ਕੇ ਉਨ੍ਹਾਂ ਦੇ ਬੱਚਿਆਂ ਨੂੰ ਆਪਣੇ ਸਕੂਲਾਂ 'ਚ ਦਾਖ਼ਲ ਕਰ ਸਕਦੇ ਹਨ। ਅੰਗਰੇਜ਼ੀ ਮਾਧਿਅਮ ਵਾਲੇ ਸਕੂਲਾਂ ਦੇ ਪ੍ਰਬੰਧਕਾਂ ਵੱਲੋਂ ਬੱਚਿਆਂ ਦੇ ਸਕੂਲ ਵਿਚ ਪੰਜਾਬੀ ਬੋਲਣ 'ਤੇ ਪਾਬੰਦੀ ਲਾਉਣ ਦਾ ਇਕ ਹੋਰ ਵੱਡਾ ਕਾਰਨ ਇਹ ਵੀ ਗਿਣਾਇਆ ਜਾਂਦਾ ਹੈ ਕਿ ਇਸ ਤਰ੍ਹਾਂ ਬੱਚੇ ਅੰਗਰੇਜ਼ੀ ਬੋਲਣ ਵਿਚ ਮੁਹਾਰਤ ਹਾਸਲ ਕਰ ਸਕਦੇ ਹਨ। ਉਂਝ ਕੁਝ ਸਕੂਲਾਂ ਦੇ ਪ੍ਰਬੰਧਕਾਂ ਨੇ ਇਹ ਵਤੀਰਾ ਵੀ ਅਖ਼ਤਿਆਰ ਕੀਤਾ ਹੋਇਆ ਹੈ ਕਿ ਜੇਕਰ ਬੱਚੇ ਅੰਗਰੇਜ਼ੀ ਨਹੀਂ ਬੋਲ ਸਕਦੇ ਤਾਂ ਉਹ ਹਿੰਦੀ ਵਿਚ ਗੱਲ ਕਰ ਲੈਣ ਪਰ ਪੰਜਾਬੀ ਬਿਲਕੁਲ ਨਾ ਬੋਲਣ।
ਇਨ੍ਹਾਂ ਸਕੂਲਾਂ ਵਿਚ ਪੜ੍ਹਦੇ ਮਾਸੂਮ ਬੱਚਿਆਂ ਦੇ ਮਨਾਂ ਵਿਚ ਅਜਿਹੀਆਂ ਪਾਬੰਦੀਆਂ ਕਾਰਨ ਆਪਣੀ ਮਾਂ-ਬੋਲੀ ਪੰਜਾਬੀ ਬਾਰੇ ਅਨੇਕਾਂ ਪ੍ਰਕਾਰ ਦੀਆਂ ਗ਼ਲਤ ਧਾਰਨਾਵਾਂ ਪੈਦਾ ਹੋ ਰਹੀਆਂ ਹਨ। ਇਸ ਤਰ੍ਹਾਂ ਪੈਦਾ ਹੋਈ ਹੀਣ ਭਾਵਨਾ ਅਧੀਨ ਉਹ ਮੰਨਣ ਲੱਗ ਪੈਂਦੇ ਹਨ ਕਿ ਪੰਜਾਬੀ ਬਹੁਤ ਹੀ ਘਟੀਆ ਜ਼ਬਾਨ ਹੈ, ਜਿਸ ਨੂੰ ਬੋਲਣ ਵਾਲੇ ਲੋਕ ਆਧੁਨਿਕ ਜਾਂ ਸੱਭਿਅਕ ਨਹੀਂ ਅਖਵਾ ਸਕਦੇ ਅਤੇ ਨਾ ਹੀ ਜ਼ਿੰਦਗੀ ਵਿਚ ਵਿਕਾਸ ਕਰ ਸਕਦੇ ਹਨ। ਇਸ ਤਰ੍ਹਾਂ ਪਿੰਡਾਂ ਅਤੇ ਸ਼ਹਿਰਾਂ ਵਿਚ ਅੰਗਰੇਜ਼ੀ ਮਾਧਿਅਮ ਸਕੂਲਾਂ ਵਿਚ ਪੜ੍ਹ ਰਹੇ ਇਨ੍ਹਾਂ ਬਹੁਤ ਸਾਰੇ ਬੱਚਿਆਂ ਦੇ ਮਨਾਂ ਵਿਚ ਆਪਣੀ ਮਾਂ-ਬੋਲੀ ਸਬੰਧੀ ਤ੍ਰਿਸਕਾਰ ਦੀ ਭਾਵਨਾ ਪੈਦਾ ਹੁੰਦੀ ਜਾ ਰਹੀ ਹੈ। ਅਜਿਹੇ ਬੱਚੇ ਘਰ ਆ ਕੇ ਵੀ ਹਿੰਦੀ ਜਾਂ ਅੰਗਰੇਜ਼ੀ ਵਿਚ ਹੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਨ, ਕਿਉਂਕਿ ਸਕੂਲਾਂ ਵੱਲੋਂ ਉਨ੍ਹਾਂ ਨੂੰ ਅਜਿਹਾ ਕਰਨ ਲਈ ਵੀ ਕਿਹਾ ਜਾਂਦਾ ਹੈ। ਇਸ ਸਭ ਕੁਝ ਦੇ ਸਿੱਟੇ ਵਜੋਂ ਪੰਜਾਬੀਆਂ ਦੀ ਨਵੀਂ ਪੀੜ੍ਹੀ ਦਾ ਇਕ ਵੱਡਾ ਹਿੱਸਾ, ਖਾਸ ਕਰਕੇ ਪੰਜਾਬੀਆਂ ਦੇ ਮੱਧ ਵਰਗ ਤੇ ਅਮੀਰ ਪਰਿਵਾਰਾਂ ਦੇ ਬੱਚੇ ਪੰਜਾਬੀ ਅਤੇ ਪੰਜਾਬੀ ਸੱਭਿਆਚਾਰ ਤੋਂ ਦੂਰ ਹੁੰਦੇ ਜਾ ਰਹੇ ਹਨ। ਭਾਵੇਂ ਪੰਜਾਬ ਸਰਕਾਰ ਵੱਲੋਂ 2008 ਵਿਚ ਬਣਾਏ ਗਏ ਇਕ ਕਾਨੂੰਨ ਅਧੀਨ ਬਹੁਤ ਸਾਰੇ ਅੰਗਰੇਜ਼ੀ ਮਾਧਿਅਮ ਸਕੂਲਾਂ ਨੇ ਪਹਿਲੀ ਤੋਂ ਦਸਵੀਂ ਤੱਕ ਪੰਜਾਬੀ ਪੜ੍ਹਾਉਣ ਲਈ ਕੁਝ ਕਦਮ ਚੁੱਕੇ ਹਨ ਪਰ ਸਮੁੱਚੇ ਤੌਰ 'ਤੇ ਉਨ੍ਹਾਂ ਦਾ ਪੰਜਾਬੀ ਵਿਰੋਧੀ ਵਤੀਰਾ ਅਜੇ ਵੀ ਬਣਿਆ ਹੋਇਆ ਹੈ। ਜਿਥੋਂ ਤੱਕ ਪੰਜਾਬ ਦੇ ਪ੍ਰਸ਼ਾਸਨ ਦਾ ਸਬੰਧ ਹੈ, ਭਾਵੇਂ ਬਲਾਕ, ਤਹਿਸੀਲ ਅਤੇ ਜ਼ਿਲ੍ਹਾ ਪੱਧਰ 'ਤੇ ਕੁਝ ਸਰਕਾਰੀ ਵਿਭਾਗਾਂ ਨੇ ਕੰਮਕਾਜ ਪੰਜਾਬੀ ਵਿਚ ਸ਼ੁਰੂ ਕਰ ਦਿੱਤਾ ਹੈ ਪਰ ਅਜੇ ਵੀ ਬਹੁਤ ਸਾਰੇ ਸਰਕਾਰੀ ਵਿਭਾਗਾਂ 'ਚ ਉਪਰਲੇ ਪੱਧਰ 'ਤੇ ਅੰਗਰੇਜ਼ੀ ਵਿਚ ਹੀ ਕੰਮਕਾਜ ਕੀਤਾ ਜਾ ਰਿਹਾ ਹੈ। ਨਿਆਂਪਾਲਿਕਾ ਦਾ ਸਾਰਾ ਕੰਮਕਾਜ ਅਜੇ ਵੀ ਅੰਗਰੇਜ਼ੀ ਵਿਚ ਹੀ ਚੱਲ ਰਿਹਾ ਹੈ। ਮੁਢਲੀਆਂ ਸੇਵਾਵਾਂ ਅਤੇ ਆਰਥਿਕਤਾ ਦੇ ਵੱਖ-ਵੱਖ ਖੇਤਰਾਂ ਦਾ ਵਧੇਰੇ ਨਿੱਜੀਕਰਨ ਹੋਣ ਨਾਲ ਇਨ੍ਹਾਂ ਖੇਤਰਾਂ ਵਿਚ ਵੀ ਅੰਗਰੇਜ਼ੀ ਦੀ ਧੜੱਲੇ ਨਾਲ ਵਰਤੋਂ ਹੋ ਰਹੀ ਹੈ। ਦੇਸ਼ ਦੀ ਪ੍ਰਸ਼ਾਸਨਿਕ ਮਸ਼ੀਨਰੀ ਦੀ, ਆਈ. ਏ. ਐਸ. ਅਤੇ ਆਈ. ਪੀ. ਐਸ. ਅਧਿਕਾਰੀ ਇਕ ਅਹਿਮ ਕੜੀ ਹਨ। ਭਾਵੇਂ ਕਿ ਨਿਯਮਾਂ ਮੁਤਾਬਿਕ, ਇਨ੍ਹਾਂ ਨੇ ਜਿਸ ਵੀ ਸੂਬੇ ਵਿਚ ਆਪਣੀਆਂ ਸੇਵਾਵਾਂ ਦੇਣੀਆਂ ਹੁੰਦੀਆਂ ਹਨ, ਉਥੋਂ ਦੇ ਲੋਕਾਂ ਦੀ ਜ਼ਬਾਨ ਲਿਖਣੀ, ਪੜ੍ਹਨੀ ਅਤੇ ਬੋਲਣੀ ਸਿੱਖਣਾ ਇਨ੍ਹਾਂ ਲਈ ਜ਼ਰੂਰੀ ਕਰਾਰ ਦਿੱਤਾ ਗਿਆ ਹੈ, ਪਰ ਘੱਟ ਹੀ ਉੱਚ ਅਧਿਕਾਰੀ ਅਜਿਹਾ ਕਰਦੇ ਹਨ। ਸਗੋਂ ਉਹ ਖ਼ੁਦ ਲੋਕਾਂ ਦੀ ਜ਼ਬਾਨ ਵਿਚ ਕੰਮਕਾਜ ਕਰਨ ਦੀ ਥਾਂ ਆਪਣੇ ਹੇਠਲੇ ਅਧਿਕਾਰੀਆਂ 'ਤੇ ਵੀ ਅੰਗਰੇਜ਼ੀ ਵਿਚ ਕੰਮਕਾਰ ਕਰਨ ਲਈ ਦਬਾਅ ਪਾਉਂਦੇ ਰਹਿੰਦੇ ਹਨ। ਇਸ ਕਾਰਨ ਵੀ ਦੇਸ਼ ਵਿਚ ਖੇਤਰੀ ਭਾਸ਼ਾਵਾਂ ਨੂੰ ਪ੍ਰਸ਼ਾਸਨ ਵਿਚ ਵਧੇਰੇ ਮਹੱਤਵ ਨਹੀਂ ਦਿੱਤਾ ਜਾ ਸਕਿਆ। ਨਿਆਂਪਾਲਿਕਾ ਵਿਚ ਭਾਵੇਂ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਬਿਹਾਰ ਆਦਿ ਰਾਜਾਂ ਨੇ ਕੇਂਦਰ ਤੋਂ ਆਪਣੀਆਂ ਹਾਈ ਕੋਰਟਾਂ ਹਿੰਦੀ ਵਿਚ ਚਲਾਉਣ ਦੀ ਇਜਾਜ਼ਤ ਲੈ ਲਈ ਹੈ। ਪਰ ਕੇਂਦਰ ਸਰਕਾਰ ਹੋਰ ਗ਼ੈਰ-ਹਿੰਦੀ ਭਾਸ਼ਾਈ ਰਾਜਾਂ ਨੂੰ ਅਜਿਹੀ ਇਜਾਜ਼ਤ ਦੇਣ ਤੋਂ ਸੰਕੋਚ ਕਰ ਰਹੀ ਹੈ। ਇਸ ਕਰਕੇ ਦੇਸ਼ ਵਿਚ ਨਿਆਂਪਾਲਿਕਾ ਦਾ ਬਹੁਤਾ ਕੰਮਕਾਜ ਅਜੇ ਵੀ ਅੰਗਰੇਜ਼ੀ ਵਿਚ ਹੀ ਹੋ ਰਿਹਾ ਹੈ। ਇਸ ਕਾਰਨ ਵੀ ਖੇਤਰੀ ਭਾਸ਼ਾਵਾਂ ਦਾ ਵਿਕਾਸ ਰੁਕਿਆ ਹੋਇਆ ਹੈ। ਵਿਸ਼ਵੀਕਰਨ ਦੇ ਪ੍ਰਭਾਵ ਅਧੀਨ ਪੰਜਾਬੀਆਂ ਅਤੇ ਦੇਸ਼ ਦੇ ਹੋਰ ਵੱਖ-ਵੱਖ ਭਾਸ਼ਾਈ ਰਾਜਾਂ ਦੇ ਲੋਕਾਂ ਦੇ ਇਕ ਵੱਡੇ ਹਿੱਸੇ ਵਿਚ ਵੀ ਇਹ ਸੋਚ ਵੱਧ-ਫੁਲ ਰਹੀ ਹੈ ਕਿ ਬੱਚਿਆਂ ਨੂੰ ਅੰਗਰੇਜ਼ੀ ਪੜ੍ਹਾ ਕੇ ਹੀ ਉਨ੍ਹਾਂ ਦੇ ਵਿਕਾਸ ਦਾ ਰਸਤਾ ਖੋਲ੍ਹਿਆ ਜਾ ਸਕਦਾ ਹੈ। ਹੋਰ ਕੋਈ ਜ਼ਬਾਨ ਸਿਖਾਉਣ ਦੀ ਉਨ੍ਹਾਂ ਨੂੰ ਕੋਈ ਲੋੜ ਨਹੀਂ। ਵੱਖ-ਵੱਖ ਭਾਸ਼ਾਈ ਰਾਜਾਂ ਦੇ ਮੱਧ ਵਰਗ ਅਤੇ ਉਪਰਲੇ ਵਰਗ ਵਿਚ ਪੈਦਾ ਹੋ ਰਹੀ ਇਹ ਸੋਚ ਵੀ ਖੇਤਰੀ ਭਾਸ਼ਾਵਾਂ ਨੂੰ ਅੱਗੇ ਵਧਣ ਤੋਂ ਰੋਕ ਰਹੀ ਹੈ।
ਕੁਝ ਲੋਕਾਂ ਦਾ ਇਹ ਦ੍ਰਿੜ੍ਹ ਵਿਚਾਰ ਹੈ ਕਿ ਜੇਕਰ ਕੋਈ ਜ਼ਬਾਨ ਮਰ ਵੀ ਜਾਏਗੀ ਤਾਂ ਇਸ ਨਾਲ ਕੋਈ ਵੱਡੀ ਆਫ਼ਤ ਨਹੀਂ ਆਉਣ ਵਾਲੀ। ਲੋਕ ਗੱਲਾਂਬਾਤਾਂ ਕਰਨ ਲਈ ਜਾਂ ਲਿਖਣ, ਪੜ੍ਹਨ ਲਈ ਕਿਸੇ ਹੋਰ ਜ਼ਬਾਨ ਦੀ ਚੋਣ ਕਰ ਲੈਣਗੇ। ਇਸ 'ਤੇ ਬਹੁਤਾ ਹੋ-ਹੱਲਾ ਮਚਾਉਣ ਜਾਂ ਮਰ ਰਹੀ ਜ਼ਬਾਨ ਨੂੰ ਬਚਾਉਣ ਲਈ ਓਹੜ-ਪੋਹੜ ਕਰਨ ਦੀ ਕੋਈ ਲੋੜ ਨਹੀਂ?
ਪਰ ਸਾਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਜੇਕਰ ਕੋਈ ਜ਼ਬਾਨ ਮਰਦੀ ਹੈ ਤਾਂ ਉਸ ਜ਼ਬਾਨ ਵਿਚ ਲਿਖਿਆ ਹੋਇਆ ਇਤਿਹਾਸ ਵੀ ਮਰਦਾ ਹੈ, ਸੱਭਿਆਚਾਰ ਵੀ ਮਰਦਾ ਹੈ, ਸਾਹਿਤ ਵੀ ਮਰਦਾ ਹੈ, ਪੱਤਰਕਾਰੀ ਵੀ ਮਰਦੀ ਹੈ ਅਤੇ ਗੀਤ-ਸੰਗੀਤ ਵੀ ਮਰਦਾ ਹੈ। ਸਦੀਆਂ ਤੋਂ ਇਸ ਧਰਤੀ 'ਤੇ ਜਿਊਂਦਿਆਂ ਉਸ ਜ਼ਬਾਨ ਦੀਆਂ ਪਿਛਲੀਆਂ ਪੀੜ੍ਹੀਆਂ ਵੱਲੋਂ ਚੰਗਾ ਤੇ ਸੰਤੁਲਿਤ ਜੀਵਨ ਜਿਉਣ ਲਈ ਆਪਣੇ ਤਜਰਬਿਆਂ ਦੇ ਆਧਾਰ 'ਤੇ ਜੋ ਗਿਆਨ ਜਾਂ ਜੀਵਨ-ਦਰਸ਼ਨ ਪੁਸਤਕਾਂ ਜਾਂ ਧਾਰਮਿਕ ਗ੍ਰੰਥਾਂ ਦੇ ਰੂਪ ਵਿਚ ਸੰਭਾਲਿਆ ਗਿਆ ਹੁੰਦਾ ਹੈ, ਉਹ ਵੀ ਗ਼ੈਰ-ਪ੍ਰਸੰਗਿਕ ਹੋ ਕੇ ਅਲੋਪ ਹੋ ਜਾਂਦਾ ਹੈ। ਸਮੁੱਚੇ ਤੌਰ 'ਤੇ ਇਹ ਆਖਿਆ ਜਾ ਸਕਦਾ ਹੈ ਕਿ ਜਦੋਂ ਕਿਸੇ ਖਿੱਤੇ ਦੇ ਲੋਕਾਂ ਦੀ ਜ਼ਬਾਨ ਮਰਦੀ ਹੈ ਤਾਂ ਉਹ ਜ਼ਬਾਨ ਲਿਖਣ, ਪੜ੍ਹਨ ਅਤੇ ਬੋਲਣ ਵਾਲੀ ਸਮੁੱਚੀ ਕੌਮ ਦਾ ਹੀ ਖ਼ਾਤਮਾ ਹੋ ਜਾਂਦਾ ਹੈ। ਇਸ ਸੰਦਰਭ ਵਿਚ ਅਸੀਂ ਕਹਿ ਸਕਦੇ ਹਾਂ ਕਿ ਜੇਕਰ ਪੰਜਾਬੀ ਇਸੇ ਤਰ੍ਹਾਂ ਆਪਣੀ ਜ਼ਬਾਨ ਤੋਂ ਦੂਰ ਹੁੰਦੇ ਗਏ ਤਾਂ ਸਦੀਆਂ ਦੇ ਬੀਤਣ ਨਾਲ ਇਕ ਦਿਨ ਉਹ ਵੀ ਆਏਗਾ ਕਿ ਪੰਜਾਬ ਸਿਰਫ ਨਾਂਅ ਦਾ ਹੀ ਪੰਜਾਬ ਰਹਿ ਜਾਏਗਾ। ਇਥੇ ਰਹਿਣ ਵਾਲੇ ਲੋਕ ਪੰਜਾਬੀ ਨਹੀਂ ਹੋਣਗੇ। ਉਨ੍ਹਾਂ ਦੀ ਕੌਮੀ ਪਛਾਣ ਬਦਲ ਚੁੱਕੀ ਹੋਵੇਗੀ।
ਇਸ ਸੰਦਰਭ ਵਿਚ ਸਾਡਾ ਇਹ ਦ੍ਰਿੜ੍ਹ ਵਿਚਾਰ ਹੈ ਕਿ ਜੇਕਰ ਪੰਜਾਬੀ ਆਪਣੇ ਇਤਿਹਾਸ, ਆਪਣੇ ਵਿਰਸੇ, ਆਪਣੇ ਸਾਹਿਤ ਅਤੇ ਆਪਣੇ ਧਾਰਮਿਕ ਗ੍ਰੰਥਾਂ ਨੂੰ ਪ੍ਰਸੰਗਿਕ ਰੱਖਣਾ ਚਾਹੁੰਦੇ ਹਨ, ਇਨ੍ਹਾਂ ਤੋਂ ਨਿਰੰਤਰ ਰੌਸ਼ਨੀ ਲੈਣਾ ਚਾਹੁੰਦੇ ਹਨ ਅਤੇ ਇਹ ਰੌਸ਼ਨੀ ਆਪਣੀਆਂ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਚਾਹੁੰਦੇ ਹਨ, ਆਪਣੇ ਬੱਚਿਆਂ ਵਿਚ ਨੈਤਿਕ ਕਦਰਾਂ ਕੀਮਤਾਂ ਨੂੰ ਮਜ਼ਬੂਤ ਰੱਖਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਹਿੰਦੀ, ਅੰਗਰੇਜ਼ੀ ਅਤੇ ਦੁਨੀਆ ਦੀਆਂ ਹੋਰ ਭਾਸ਼ਾਵਾਂ ਆਪਣੇ ਬੱਚਿਆਂ ਨੂੰ ਸਿਖਾਉਣ ਦੇ ਨਾਲ-ਨਾਲ ਪੰਜਾਬੀ ਲਿਖਣੀ, ਪੜ੍ਹਨੀ ਅਤੇ ਬੋਲਣੀ ਵੀ ਜ਼ਰੂਰ ਸਿਖਾਉਣੀ ਚਾਹੀਦੀ ਹੈ ਅਤੇ ਉਨ੍ਹਾਂ ਵਿਚ ਇਸ ਬਾਰੇ ਸਵੈਮਾਣ ਦੀ ਭਾਵਨਾ ਪੈਦਾ ਕਰਨੀ ਚਾਹੀਦੀ ਹੈ। ਸਰਕਾਰਾਂ ਅਤੇ ਵਿਦਿਅਕ ਅਦਾਰਿਆਂ ਦਾ ਵੀ ਇਹ ਫਰਜ਼ ਬਣਦਾ ਹੈ ਕਿ ਉਹ ਬੱਚਿਆਂ ਨੂੰ ਪੰਜਾਬੀ ਪੜ੍ਹਾਉਣ ਦੇ ਢੁਕਵੇਂ ਪ੍ਰਬੰਧ ਕਰਨ। ਅੰਗਰੇਜ਼ੀ ਦੇ ਨਾਲ-ਨਾਲ ਪੰਜਾਬੀ ਵਿਚ ਵੀ ਉਚੇਰੀ ਤੇ ਕਿਤਾਬਮੁਖੀ ਸਿੱਖਿਆ ਦੇਣ ਦੀ ਵਿਵਸਥਾ ਕੀਤੀ ਜਾਏ।
ਇਸ ਲੋੜ ਨੂੰ ਮੁੱਖ ਰੱਖਦਿਆਂ ਹੀ ਪੰਜਾਬ ਵਿਚ ਬਹੁਤ ਸਾਰੀਆਂ ਲੇਖਕ ਅਤੇ ਸੱਭਿਆਚਾਰਕ ਸਭਾਵਾਂ ਪੰਜਾਬੀ ਜ਼ਬਾਨ ਦਾ ਲੋਕਾਂ ਵਿਚ ਪ੍ਰਚਾਰ-ਪ੍ਰਸਾਰ ਕਰਨ ਲਈ ਯਤਨਸ਼ੀਲ ਹਨ। ਇਸ ਸੰਦਰਭ ਵਿਚ ਹੀ ਪੰਜਾਬ ਜਾਗ੍ਰਿਤੀ ਮੰਚ ਵੱਲੋਂ ਜਲੰਧਰ ਵਿਚ ਇਕ ਬਹੁਤ ਵੱਡਾ 'ਪੰਜਾਬੀ ਜਾਗ੍ਰਿਤੀ ਮਾਰਚ' ਲਾਇਲਪੁਰ ਖਾਲਸਾ ਸਕੂਲ (ਨਕੋਦਰ ਚੌਕ) ਤੋਂ ਦੇਸ਼ ਭਗਤ ਯਾਦਗਾਰ ਹਾਲ ਤੱਕ ਕੱਢਿਆ ਜਾ ਰਿਹਾ ਹੈ, ਜਿਸ ਵਿਚ ਹਜ਼ਾਰਾਂ ਵਿਦਿਆਰਥੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਨਾਲ ਸੰਬੰਧਿਤ ਲੋਕਾਂ ਦੇ ਸ਼ਾਮਿਲ ਹੋਣ ਦੀ ਸੰਭਾਵਨਾ ਹੈ। ਅਸੀਂ ਸਮਝਦੇ ਹਾਂ ਕਿ ਪੰਜਾਬੀਆਂ ਵਿਚ ਆਪਣੀ ਮਾਂ-ਬੋਲੀ ਸਬੰਧੀ ਜਾਗ੍ਰਿਤੀ ਪੈਦਾ ਕਰਨ ਵਾਲੇ ਅਜਿਹੇ ਯਤਨਾਂ ਵਿਚ ਸਮੂਹ ਪੰਜਾਬੀਆਂ ਨੂੰ ਵੱਧ-ਚੜ੍ਹ ਕੇ ਸ਼ਿਰਕਤ ਕਰਨੀ ਚਾਹੀਦੀ ਹੈ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਬਿਹਤਰ ਜ਼ਿੰਦਗੀ ਜਿਉਣ ਦੇ ਨਾਲ-ਨਾਲ ਦੁਨੀਆ ਵਿਚ ਪੰਜਾਬੀਆਂ ਵਜੋਂ ਆਪਣੀ ਵੱਖਰੀ ਪਛਾਣ ਸੁਰਜੀਤ ਰੱਖਣ ਦੇ ਵੀ ਸਮਰੱਥ ਹੋ ਸਕਣ।

Leave a Comment

Message :

CAPTCHA ImageReload Image
ENTER THE CAPTCHA CODE WRITTEN ABOVE