ਕਿਛੁ ਸੁਣੀਐ ਕਿਛੁ ਕਹੀਐ - ਸਤਨਾਮ ਸਿੰਘ ਮਾਣਕ

ਅਟਾਰੀ-ਵਾਹਗੇ ਦੀ ਸਰਹੱਦ 'ਤੇ ਹੋਈ ਇਕ ਨਵੀਂ ਸ਼ੁਰੂਆਤ

 ਭਾਰਤ ਅਤੇ ਪਾਕਿਸਤਾਨ ਦੇ ਸਬੰਧਾਂ ਦੇ ਸੰਦਰਭ ਵਿਚ 13 ਅਪ੍ਰੈਲ, 2012 ਦਾ ਦਿਨ ਇਤਿਹਾਸਕ ਮਹੱਤਤਾ ਅਖ਼ਤਿਆਰ ਕਰ ਗਿਆ ਹੈ। ਇਸ ਦਿਨ ਭਾਰਤ ਦੀ, ਅਟਾਰੀ ਸਰਹੱਦ 'ਤੇ 118 ਏਕੜ ਜ਼ਮੀਨ ਵਿਚ ਵਪਾਰ ਅਤੇ ਯਾਤਰੂਆਂ ਦੀ ਆਵਾਜਾਈ ਲਈ ਬਣਾਈ ਗਈ ਪਹਿਲੀ ਸੰਯੁਕਤ ਜਾਂਚ ਚੌਕੀ ਨੇ ਕੰਮ ਕਰਨਾ ਆਰੰਭ ਕਰ ਦਿੱਤਾ ਹੈ। ਇਸ ਦਾ ਉਦਘਾਟਨ ਦੇਸ਼ ਦੇ ਗ੍ਰਹਿ ਮੰਤਰੀ ਸ੍ਰੀ ਪੀ. ਚਿਦੰਬਰਮ ਵੱਲੋਂ ਕੀਤਾ ਗਿਆ। ਇਸ ਅਵਸਰ 'ਤੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਪੀ. ਚਿਦੰਬਰਮ ਤੋਂ ਇਲਾਵਾ ਪਾਕਿਸਤਾਨ ਦੇ ਵਣਜ ਮੰਤਰੀ ਮਖ਼ਦੂਮ ਅਮੀਨ ਫਾਹੀਮ, ਪਾਕਿਸਤਾਨ ਦੇ ਭਾਰਤ ਸਥਿਤ ਰਾਜਦੂਤ ਸ਼ਾਹਿਦ ਮਲਿਕ, ਭਾਰਤ ਦੇ ਵਣਜ ਮੰਤਰੀ ਸ੍ਰੀ ਅਨੰਦ ਸ਼ਰਮਾ, ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ਼, ਚੜ੍ਹਦੇ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਉਪ-ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਆਦਿ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ। ਭਾਰਤ ਵੱਲੋਂ ਅਟਾਰੀ ਸਰਹੱਦ 'ਤੇ ਬਣਾਈ ਗਈ ਇਸ ਸੰਯੁਕਤ ਜਾਂਚ ਚੌਕੀ ਵਰਗੀਆਂ ਆਪਣੇ ਗੁਆਂਢੀ ਦੇਸ਼ਾਂ ਨਾਲ ਲਗਦੀਆਂ ਸਰਹੱਦਾਂ 'ਤੇ 12 ਹੋਰ ਸੰਯੁਕਤ ਜਾਂਚ ਚੌਕੀਆਂ ਬਣਾਈਆਂ ਜਾ ਰਹੀਆਂ ਹਨ। ਇਸ ਨਾਲ ਦੇਸ਼ ਦੇ ਗੁਆਂਢੀ ਰਾਜਾਂ ਨਾਲ ਵਪਾਰਕ ਅਤੇ ਸੱਭਿਆਚਾਰਕ ਸਬੰਧਾਂ ਵਿਚ ਨਵਾਂ ਉਭਾਰ ਆਏਗਾ। ਕਿਉਂਕਿ ਗੁਆਂਢੀ ਦੇਸ਼ਾਂ ਨਾਲ ਵਪਾਰ ਲਈ ਜਿਹੋ ਜਿਹੇ ਬੁਨਿਆਦੀ ਢਾਂਚੇ ਦੀ ਭਾਰਤ ਨੂੰ ਲੋੜ ਸੀ, ਉਹੋ ਜਿਹਾ ਬੁਨਿਆਦੀ ਢਾਂਚਾ ਪਹਿਲਾਂ ਭਾਰਤ ਦੀਆਂ ਸਰਹੱਦਾਂ 'ਤੇ ਮੌਜੂਦ ਨਹੀਂ ਸੀ। ਇਸ ਕਾਰਨ ਵਪਾਰ ਅਤੇ ਯਾਤਰੂਆਂ ਦੀ ਆਵਾਜਾਈ ਵਿਚ ਵੱਡੀਆਂ ਸਮੱਸਿਆਵਾਂ ਪੇਸ਼ ਆਉਂਦੀਆਂ ਸਨ। ਇਸ ਗੱਲ ਦਾ ਸਿਹਰਾ ਬਿਨਾਂ ਸ਼ੱਕ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਅਤੇ ਉਨ੍ਹਾਂ ਦੀ ਸਾਂਝੇ ਪ੍ਰਗਤੀਸ਼ੀਲ ਗਠਜੋੜ ਸਰਕਾਰ ਨੂੰ ਜਾਂਦਾ ਹੈ, ਜਿਸ ਨੇ ਗੁਆਂਢੀ ਦੇਸ਼ਾਂ ਨਾਲ ਆਪਣੇ ਵਪਾਰਕ ਅਤੇ ਹੋਰ ਖੇਤਰਾਂ ਵਿਚ ਸਬੰਧ ਵਧਾਉਣ ਲਈ ਇਹੋ ਜਿਹੀ ਪਹਿਲਕਦਮੀ ਕੀਤੀ ਹੈ।
13 ਅਪ੍ਰੈਲ ਨੂੰ ਸੰਯੁਕਤ ਜਾਂਚ ਚੌਕੀ ਦੇ ਉਦਘਾਟਨ ਲਈ ਹੋਏ ਸੰਖੇਪ ਤੇ ਪ੍ਰਭਾਵਸ਼ਾਲੀ ਸਮਾਗਮ ਵਿਚ ਭਾਰਤ ਅਤੇ ਪਾਕਿਸਤਾਨ ਦੇ ਨੇਤਾਵਾਂ ਨੇ ਲੋਕਾਂ ਅਤੇ ਮੀਡੀਆ ਨੂੰ ਸੰਬੋਧਨ ਕਰਦਿਆਂ ਜਿਹੋ ਜਿਹੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਹੈ, ਉਸ ਨੇ ਖਿੱਤੇ ਦੇ ਲੋਕਾਂ ਵਿਚ ਉਮੀਦ ਦੀ ਇਕ ਨਵੀਂ ਕਿਰਨ ਪੈਦਾ ਕੀਤੀ ਹੈ। ਗ੍ਰਹਿ ਮੰਤਰੀ ਸ੍ਰੀ ਪੀ. ਚਿਦੰਬਰਮ ਨੇ ਇਹ ਕਿਹਾ ਹੈ ਕਿ ਭਾਰਤ ਪਾਕਿਸਤਾਨ ਨਾਲ ਆਪਣੇ ਵਪਾਰਕ ਸਬੰਧ ਵਧਾਉਣ ਅਤੇ ਹੋਰ ਦੁਵੱਲੇ ਮਸਲੇ ਸੁਲਝਾਉਣ ਲਈ ਪੂਰੀ ਗੰਭੀਰਤਾ ਨਾਲ ਕੰਮ ਕਰ ਰਿਹਾ ਹੈ ਅਤੇ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਵਧਾਉਣ ਲਈ ਸੰਯੁਕਤ ਜਾਂਚ ਚੌਕੀ ਅਹਿਮ ਰੋਲ ਅਦਾ ਕਰੇਗੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਛੇਤੀ ਹੀ ਦੋਵਾਂ ਦੇਸ਼ਾਂ ਦੇ ਗ੍ਰਹਿ ਸਕੱਤਰਾਂ ਦੀ ਇਕ ਮੀਟਿੰਗ ਹੋ ਰਹੀ ਹੈ, ਜਿਸ ਵਿਚ ਵਪਾਰੀਆਂ ਅਤੇ ਆਮ ਲੋਕਾਂ ਦੀ ਆਵਾਜਾਈ ਲਈ ਵੀਜ਼ਾ ਨਿਯਮ ਕਾਫੀ ਸਰਲ ਬਣਾ ਦਿੱਤੇ ਜਾਣਗੇ। ਇਸ ਅਵਸਰ 'ਤੇ ਬੋਲਦਿਆਂ ਚੜ੍ਹਦੇ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਤੋਂ ਮੰਗ ਕੀਤੀ ਕਿ ਅਟਾਰੀ ਅਤੇ ਵਾਹਗੇ ਦੀ ਸਰਹੱਦ ਨੂੰ ਵਪਾਰ ਅਤੇ ਆਮ ਲੋਕਾਂ ਦੀ ਆਵਾਜਾਈ ਲਈ ਖੋਲ੍ਹ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਇਹ ਵੀ ਯਾਦ ਦਿਵਾਇਆ ਕਿ ਦੇਸ਼ ਦੀ ਵੰਡ ਸਮੇਂ ਦੋਵਾਂ ਪੰਜਾਬਾਂ ਦਾ ਬਹੁਤ ਭਾਰੀ, ਜਾਨੀ ਤੇ ਮਾਲੀ ਨੁਕਸਾਨ ਹੋਇਆ ਸੀ। ਇਸ ਲਈ ਹੁਣ ਜਦੋਂ ਦੋਵਾਂ ਦੇਸ਼ਾਂ ਦਰਮਿਆਨ ਵਪਾਰ ਵਧਾਉਣ ਦੀ ਗੱਲ ਏਜੰਡੇ 'ਤੇ ਆਈ ਹੈ ਤਾਂ ਇਸ ਦਾ ਦੋਵਾਂ ਪੰਜਾਬਾਂ ਨੂੰ ਵਿਸ਼ੇਸ਼ ਤੌਰ 'ਤੇ ਲਾਭ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਜ਼ੋਰਦਾਰ ਮੰਗ ਕੀਤੀ ਕਿ ਅਟਾਰੀ-ਵਾਹਗਾ ਸਰਹੱਦ ਰਾਹੀਂ ਵਪਾਰ ਨੂੰ 137 ਆਈਟਮਾਂ ਤੱਕ ਸੀਮਤ ਨਹੀਂ ਰੱਖਿਆ ਜਾਣਾ ਚਾਹੀਦਾ, ਸਗੋਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਉਹ ਸਾਰੀਆਂ 5600 ਆਈਟਮਾਂ, ਜਿਨ੍ਹਾਂ ਦੇ ਮੁੰਬਈ ਅਤੇ ਕਰਾਚੀ ਬੰਦਰਗਾਹ ਰਾਹੀਂ ਵਪਾਰ ਦੀ ਇਜਾਜ਼ਤ ਦਿੱਤੀ ਗਈ ਹੈ, ਉਨ੍ਹਾਂ ਦੇ ਵਪਾਰ ਦੀ ਅਟਾਰੀ-ਵਾਹਗਾ ਸਰਹੱਦ ਰਾਹੀਂ ਵੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਡੇਰਾ ਬਾਬਾ ਨਾਨਕ ਤੋਂ ਪਾਕਿਸਤਾਨ ਦੇ ਸ਼ਹਿਰ ਕਰਤਾਰਪੁਰ ਤੱਕ ਕੋਰੀਡੋਰ (ਲਾਂਘਾ) ਬਣਾਉਣ ਦੀ ਵੀ ਮੰਗ ਕੀਤੀ, ਤਾਂ ਜੋ ਚੜ੍ਹਦੇ ਪੰਜਾਬ ਦੇ ਸਿੱਖ ਸ਼ਰਧਾਲੂ ਕਰਤਾਰਪੁਰ ਸਾਹਿਬ ਦੀ ਯਾਤਰਾ ਕਰ ਸਕਣ। ਸਿੱਖਾਂ ਲਈ ਇਹ ਸਥਾਨ ਇਸ ਲਈ ਵਿਸ਼ੇਸ਼ ਅਹਿਮੀਅਤ ਰੱਖਦਾ ਹੈ ਕਿਉਂਕਿ ਸਿੱਖਾਂ ਦੇ ਪਹਿਲੇ ਗੁਰੂ, ਗੁਰੂ ਨਾਨਕ ਦੇਵ ਜੀ ਇਸ ਸਥਾਨ 'ਤੇ ਜੋਤੀ ਜੋਤ ਸਮਾਏ ਸਨ ਅਤੇ ਜ਼ਿੰਦਗੀ ਦਾ ਲੰਮਾ ਸਮਾਂ ਇਥੇ ਖੇਤੀਬਾੜੀ ਦੇ ਰੂਪ ਵਿਚ ਕਿਰਤ ਕਰਦਿਆਂ ਬਿਤਾਇਆ ਸੀ। ਇਸ ਅਵਸਰ 'ਤੇ ਬੋਲਦਿਆਂ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਵੀ ਜ਼ੋਰਦਾਰ ਸ਼ਬਦਾਂ ਵਿਚ ਇਹ ਮੰਗ ਕੀਤੀ ਹੈ ਕਿ ਭਾਰਤ ਅਤੇ ਪਾਕਿਸਤਾਨ ਦਾ ਭਵਿੱਖ ਲੜਾਈ ਵਿਚ ਨਹੀਂ, ਸਗੋਂ ਆਪਸੀ ਸਹਿਯੋਗ ਵਿਚ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਮੁਕਾਬਲਾ ਦੋਵਾਂ ਦੇਸ਼ਾਂ ਦਰਮਿਆਨ ਚੰਗੀਆਂ ਸਿਹਤ ਸਹੂਲਤਾਂ ਕਾਇਮ ਕਰਨ, ਚੰਗੀਆਂ ਵਿਦਿਅਕ ਸਹੂਲਤਾਂ ਕਾਇਮ ਕਰਨ ਅਤੇ ਚੰਗੀਆਂ ਸਨਅਤੀ ਵਸਤਾਂ ਤਿਆਰ ਕਰਨ ਦੇ ਖੇਤਰ ਵਿਚ ਕਰਨਾ ਚਾਹੀਦਾ ਹੈ, ਮੁਕਾਬਲਾ ਗ਼ਰੀਬੀ ਅਤੇ ਬੇਰੁਜ਼ਗਾਰੀ ਦੂਰ ਕਰਕੇ ਆਪਣੇ ਲੋਕਾਂ ਨੂੰ ਬਿਹਤਰ ਸਹੂਲਤਾਂ ਦੇਣ ਦੇ ਖੇਤਰ ਵਿਚ ਕਰਨਾ ਚਾਹੀਦਾ ਹੈ। ਪਾਕਿਸਤਾਨ ਦੇ ਵਣਜ ਮੰਤਰੀ ਮਖ਼ਦੂਮ ਅਮੀਨ ਫਾਹੀਮ ਵੱਲੋਂ ਵੀ ਇਸ ਮੌਕੇ 'ਤੇ ਇਹੋ ਜਿਹੀਆਂ ਭਾਵਨਾਵਾਂ ਦਾ ਹੀ ਪ੍ਰਗਟਾਵਾ ਕੀਤਾ ਗਿਆ।
ਸੰਯੁਕਤ ਜਾਂਚ ਚੌਕੀ ਦੇ ਉਦਘਾਟਨ ਮੌਕੇ ਭਾਰਤੀ ਤੇ ਪਾਕਿਸਤਾਨੀ ਨੇਤਾਵਾਂ ਵੱਲੋਂ ਪ੍ਰਗਟ ਕੀਤੀਆਂ ਭਾਵਨਾਵਾਂ ਬਿਨਾਂ ਸ਼ੱਕ ਨਵੀਆਂ ਆਸਾਂ ਬੰਨ੍ਹਾਉਣ ਵਾਲੀਆਂ ਹਨ। ਪਰ ਭਾਰਤ ਤੇ ਪਾਕਿਸਤਾਨ ਦੇ ਜਿਸ ਤਰ੍ਹਾਂ ਦੇ ਗੁੰਝਲਦਾਰ ਸਬੰਧ ਹਨ, ਉਨ੍ਹਾਂ ਨੂੰ ਮੁੱਖ ਰੱਖਦਿਆਂ ਇਹ ਨਹੀਂ ਕਿਹਾ ਜਾ ਸਕਦਾ ਕਿ ਦੋਵਾਂ ਦੇਸ਼ਾਂ ਦੇ ਵਪਾਰਕ ਅਤੇ ਹੋਰ ਖੇਤਰਾਂ ਵਿਚ ਸਬੰਧ ਬੜੀ ਤੇਜ਼ੀ ਨਾਲ ਅਤੇ ਬੜੀ ਆਸਾਨੀ ਨਾਲ ਅੱਗੇ ਵਧ ਜਾਣਗੇ। ਕਿਉਂਕਿ ਪਾਕਿਸਤਾਨ ਦੇ ਅੰਦਰ ਕੱਟੜਪੰਥੀ ਸੰਗਠਨ ਲਗਾਤਾਰ ਭਾਰਤ ਨਾਲ ਵਪਾਰਕ ਅਤੇ ਸੱਭਿਆਚਾਰਕ ਸਬੰਧ ਵਧਾਉਣ ਦਾ ਵਿਰੋਧ ਕਰ ਰਹੇ ਹਨ। ਇਨ੍ਹਾਂ 40 ਸੰਗਠਨਾਂ ਨੇ ਮਿਲ ਕੇ ਜੋ 'ਦਿਫ਼ਾਏ-ਪਾਕਿਸਤਾਨ' ਨਾਂਅ ਦਾ ਸਾਂਝਾ ਮੋਰਚਾ ਬਣਾਇਆ ਹੈ, ਉਸ ਵਿਚ ਭਾਰਤ ਦੇ ਕੱਟੜ ਵਿਰੋਧੀ ਹਾਫੀਜ਼ ਸਈਦ ਦਾ ਸੰਗਠਨ ਜਮਾਤ-ਉਦ-ਦਾਵਾ ਵੀ ਸ਼ਾਮਿਲ ਹੈ। ਇਨ੍ਹਾਂ ਸੰਗਠਨਾਂ ਵੱਲੋਂ ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ ਕਰਾਚੀ ਅਤੇ ਲਾਹੌਰ ਆਦਿ ਵਿਚ ਵੱਡੇ-ਵੱਡੇ ਇਕੱਠ ਕਰਕੇ ਭਾਰਤ ਨੂੰ ਪਾਕਿਸਤਾਨ ਦਾ ਦੁਸ਼ਮਣ ਗਰਦਾਨਿਆ ਜਾ ਰਿਹਾ ਹੈ। ਆਉਣ ਵਾਲੇ ਸਮੇਂ ਵਿਚ ਇਹ ਦੇਖਣਾ ਬਣਦਾ ਹੈ ਕਿ ਪਾਕਿਸਤਾਨ ਦੀ ਪੀਪਲਜ਼ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਇਨ੍ਹਾਂ ਸੰਗਠਨਾਂ ਦੇ ਦਬਾਅ ਦਾ ਕਿਸ ਤਰ੍ਹਾਂ ਮੁਕਾਬਲਾ ਕਰਦੀ ਹੈ ਅਤੇ ਇਸ ਸੰਦਰਭ ਵਿਚ ਪਾਕਿਸਤਾਨ ਮੁਸਲਿਮ ਲੀਗ (ਨਵਾਜ਼), ਇਮਰਾਨ ਖਾਨ ਦੀ ਤਹਿਰੀਕੇ-ਇਨਸਾਫ਼ ਪਾਰਟੀ ਅਤੇ ਹੋਰ ਮਜ਼੍ਹਬੀ ਜਮਾਤਾਂ ਕੀ ਰੁਖ਼ ਅਖ਼ਤਿਆਰ ਕਰਦੀਆਂ ਹਨ। ਜਿਥੋਂ ਤੱਕ ਪਾਕਿਸਤਾਨ ਦੀ ਫ਼ੌਜ ਦਾ ਸਬੰਧ ਹੈ, ਉਸ ਦਾ ਵਤੀਰਾ ਹੁਣ ਭਾਰਤ ਦੇ ਸਬੰਧ ਵਿਚ ਪਹਿਲਾਂ ਨਾਲੋਂ ਕੁਝ ਹਾਂ-ਪੱਖੀ ਨਜ਼ਰ ਆ ਰਿਹਾ ਹੈ। ਪੀਪਲਜ਼ ਪਾਰਟੀ ਦੀ ਸਰਕਾਰ ਭਾਰਤ ਨਾਲ ਸਬੰਧ ਸੁਧਾਰਨ ਦੇ ਮਾਮਲੇ ਵਿਚ ਫ਼ੌਜ ਨੂੰ ਵਿਸ਼ਵਾਸ ਵਿਚ ਲੈ ਕੇ ਤੁਰਦੀ ਨਜ਼ਰ ਆ ਰਹੀ ਹੈ। ਪਿਛਲੇ ਦਿਨੀਂ ਜਦੋਂ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਇਕ ਦਿਨ ਲਈ ਭਾਰਤ ਦੀ ਯਾਤਰਾ 'ਤੇ ਆਏ ਸਨ, ਤਾਂ ਉਨ੍ਹਾਂ ਨੇ ਇਕ ਦਿਨ ਪਹਿਲਾਂ, ਭਾਰਤ ਦੇ ਪ੍ਰਧਾਨ ਮੰਤਰੀ ਨਾਲ ਦੁਵੱਲੇ ਸਬੰਧਾਂ ਬਾਰੇ ਹੋਣ ਵਾਲੀ ਗੱਲਬਾਤ ਦੇ ਸੰਦਰਭ ਵਿਚ ਪਾਕਿਸਤਾਨੀ ਥਲ ਸੈਨਾ ਦੇ ਮੁਖੀ ਜਰਨਲ ਕਿਆਨੀ, ਪ੍ਰਧਾਨ ਮੰਤਰੀ ਯੂਸਫ਼ ਰਜ਼ਾ ਗਿਲਾਨੀ ਅਤੇ ਪਾਕਿਸਤਾਨ ਦੇ ਹੋਰ ਸੀਨੀਅਰ ਮੰਤਰੀਆਂ ਅਤੇ ਅਧਿਕਾਰੀਆਂ ਨਾਲ ਦੀਰਘ ਵਿਚਾਰ-ਵਟਾਂਦਰਾ ਕੀਤਾ ਸੀ।
ਪਾਕਿਸਤਾਨ ਨੂੰ ਇਸ ਵੇਲੇ ਜਿਥੇ ਇਕ ਪਾਸੇ ਕੱਟੜਪੰਥੀ ਸੰਗਠਨਾਂ ਦੀ ਵੱਡੀ ਚੁਣੌਤੀ ਦਾ ਸਾਹਮਣਾ ਹੈ, ਉਥੇ ਦੂਜੇ ਪਾਸੇ ਉਸ ਦੀਆਂ ਆਰਥਿਕ ਸਮੱਸਿਆਵਾਂ ਵੀ ਦਿਨੋਂ-ਦਿਨ ਵਧਦੀਆਂ ਜਾ ਰਹੀਆਂ ਹਨ। ਅਮਰੀਕਾ ਨਾਲ ਉਸ ਦੇ ਸਬੰਧਾਂ ਵਿਚ ਕਾਫੀ ਹੱਦ ਤੱਕ ਵਿਗਾੜ ਆ ਚੁੱਕਾ ਹੈ। ਅਮਰੀਕਾ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਫ਼ੌਜੀ ਤੇ ਆਰਥਿਕ ਸਹਾਇਤਾ ਵਿਚ ਕਟੌਤੀ ਕਰਦਾ ਜਾ ਰਿਹਾ ਹੈ। ਚੀਨ ਤੋਂ ਪਾਕਿਸਤਾਨ ਨੂੰ ਉਸ ਕਿਸਮ ਦੀ ਆਰਥਿਕ ਸਹਾਇਤਾ ਮਿਲਣ ਦੀ ਸੰਭਾਵਨਾ ਨਹੀਂ ਹੈ, ਜਿਸ ਤਰ੍ਹਾਂ ਦੀ ਉਸ ਨੂੰ ਅਮਰੀਕਾ ਤੋਂ ਮਿਲਦੀ ਰਹੀ ਹੈ। ਚੀਨ ਪਾਕਿਸਤਾਨ ਲਈ ਬੁਨਿਆਦੀ ਢਾਂਚੇ ਦੀ ਉਸਾਰੀ ਕਰਕੇ ਜਾਂ ਸਨਅਤੀ ਪ੍ਰਾਜੈਕਟਾਂ ਦੇ ਰੂਪ ਵਿਚ ਪੂੰਜੀ ਨਿਵੇਸ਼ ਕਰਕੇ ਤਾਂ ਸਹਾਇਤਾ ਦੇ ਸਕਦਾ ਹੈ ਪਰ ਸਰਕਾਰ ਚਲਾਉਣ ਲਈ ਅਤੇ ਦੇਸ਼ ਦੀ ਹੋਰ ਲੋੜਾਂ ਪੂਰੀਆਂ ਕਰਨ ਲਈ ਨਗਦ ਆਰਥਿਕ ਸਹਾਇਤਾ ਪਾਕਿਸਤਾਨ ਨੂੰ ਚੀਨ ਤੋਂ ਜਾਂ ਕਿਸੇ ਹੋਰ ਦੇਸ਼ ਤੋਂ ਮਿਲਣ ਦੀ ਸੰਭਾਵਨਾ ਹੁਣ ਬਹੁਤ ਘੱਟ ਹੈ। ਇਸ ਲਈ ਪਾਕਿਸਤਾਨ ਕੋਲ ਇਹ ਢੁਕਵਾਂ ਮੌਕਾ ਹੈ ਕਿ ਉਹ ਆਪਣੀਆਂ ਆਰਥਿਕ ਸਮੱਸਿਆਵਾਂ 'ਤੇ ਕਾਬੂ ਪਾਉਣ ਲਈ ਅਤੇ ਨਗਦ ਰਾਸ਼ੀ ਜੁਟਾਉਣ ਲਈ ਨਾ ਕੇਵਲ ਭਾਰਤ ਨਾਲ ਆਪਣੇ ਵਪਾਰਕ ਸਬੰਧਾਂ ਵਿਚ ਤੇਜ਼ੀ ਨਾਲ ਵਾਧਾ ਕਰੇ, ਸਗੋਂ ਅਫ਼ਗਾਨਿਸਤਾਨ ਅਤੇ ਕੇਂਦਰੀ ਏਸ਼ੀਆ ਦੇ ਹੋਰ ਦੇਸ਼ਾਂ ਨਾਲ ਭਾਰਤ ਨੂੰ ਅਤੇ ਦੱਖਣ-ਪੂਰਬੀ ਏਸ਼ੀਆ ਦੇ ਹੋਰ ਦੇਸ਼ਾਂ ਨੂੰ ਵਪਾਰ ਕਰਨ ਲਈ ਲਾਂਘਾ ਦੇ ਕੇ ਵੱਡੀ ਪੱਧਰ 'ਤੇ ਲਾਂਘਾ ਫੀਸ ਵੀ ਵਸੂਲ ਕਰੇ। ਪਾਕਿਸਤਾਨ ਨੂੰ ਇਸ ਦਾ ਦੂਜਾ ਵੱਡਾ ਇਹ ਵੀ ਫਾਇਦਾ ਹੋਵੇਗਾ ਕਿ ਭਾਰਤ ਨਾਲ ਸੱਭਿਆਚਾਰਕ ਸਬੰਧ ਬਹਾਲ ਹੋਣ ਨਾਲ ਪਾਕਿਸਤਾਨ ਵਿਚ ਧਾਰਮਿਕ ਅਸਹਿਣਸ਼ੀਲਤਾ ਵੀ ਘਟੇਗੀ। ਪਾਕਿਸਤਾਨ ਦੇ ਲੋਕ ਜਦੋਂ ਆਸਾਨੀ ਨਾਲ ਭਾਰਤ ਆਉਣਗੇ ਤਾਂ ਉਨ੍ਹਾਂ ਨੂੰ ਇਨ੍ਹਾਂ ਹਕੀਕਤਾਂ ਦਾ ਪਤਾ ਲੱਗੇਗਾ ਕਿ ਥੋੜ੍ਹੀਆਂ-ਬਹੁਤੀਆਂ ਸਮੱਸਿਆਵਾਂ ਦੇ ਬਾਵਜੂਦ ਭਾਰਤ ਦੇ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ ਅਤੇ ਵੱਖ-ਵੱਖ ਜ਼ਬਾਨਾਂ ਬੋਲਣ ਵਾਲੇ ਲੋਕ ਆਪਸ ਵਿਚ ਪਿਆਰ ਅਤੇ ਸਦਭਾਵਨਾ ਨਾਲ ਵਸਦੇ ਹਨ। ਭਾਰਤ ਵਿਚ ਧਾਰਮਿਕ ਸਹਿਣਸ਼ੀਲਤਾ ਵੀ ਪਾਕਿਸਤਾਨ ਨਾਲੋਂ ਕਿਤੇ ਵਧੇਰੇ ਹੈ ਅਤੇ ਇਥੇ ਉਸ ਢੰਗ ਨਾਲ ਧਾਰਮਿਕ ਘੱਟ-ਗਿਣਤੀਆਂ ਦਾ ਦਮਨ ਨਹੀਂ ਕੀਤਾ ਜਾਂਦਾ, ਜਿਸ ਤਰ੍ਹਾਂ ਪਾਕਿਸਤਾਨ ਵਿਚ ਕੀਤਾ ਜਾ ਰਿਹਾ ਹੈ। ਭਾਰਤ ਦੀਆਂ ਇਨ੍ਹਾਂ ਵਿਸ਼ੇਸ਼ਤਾਈਆਂ ਦਾ ਪ੍ਰਭਾਵ ਲਾਜ਼ਮੀ ਤੌਰ 'ਤੇ ਪਾਕਿਸਤਾਨੀ ਲੋਕਾਂ 'ਤੇ ਪਵੇਗਾ ਅਤੇ ਕਈ ਸਾਲਾਂ ਤੱਕ ਸਰਹੱਦਾਂ ਦੇ ਆਰ-ਪਾਰ ਲੋਕਾਂ ਦੀ ਆਵਾਜਾਈ ਜਾਰੀ ਰਹਿਣ ਤੋਂ ਬਾਅਦ ਹੌਲੀ-ਹੌਲੀ ਪਾਕਿਸਤਾਨ ਵਿਚ ਧਾਰਮਿਕ ਸਹਿਣਸ਼ੀਲਤਾ ਰੱਖਣ ਵਾਲੇ ਲੋਕਾਂ ਦੀ ਗਿਣਤੀ ਵਧੇਗੀ ਅਤੇ ਉਨ੍ਹਾਂ ਦੇ ਹੌਸਲੇ ਵਧਣਗੇ। ਇਸ ਸਮੇਂ ਪਾਕਿਸਤਾਨ ਦੇ ਧਰਮ-ਨਿਰਪੱਖ ਵਿਚਾਰਾਂ ਵਾਲੇ ਜਾਂ ਧਾਰਮਿਕ ਸਹਿਣਸ਼ੀਲਤਾ ਰੱਖਣ ਵਾਲੇ ਲੋਕ ਕੱਟੜਪੰਥੀ ਸੰਗਠਨਾਂ ਦੇ ਭਾਰੀ ਦਬਾਅ ਹੇਠ ਹਨ ਅਤੇ ਆਪਣੇ-ਆਪ ਨੂੰ ਅਸੁਰੱਖਿਅਤ ਸਮਝ ਰਹੇ ਹਨ।ੁੰਇਸ ਸਥਿਤੀ ਨੂੰ ਬਦਲਣ ਲਈ ਪਾਕਿਸਤਾਨ ਨੂੰ ਭਾਰਤ ਨਾਲ ਆਪਣੇ ਵਪਾਰਕ ਅਤੇ ਸੱਭਿਆਚਾਰਕ ਰਿਸ਼ਤੇ ਜਲਦੀ ਤੋਂ ਜਲਦੀ ਮਜ਼ਬੂਤ ਕਰਨ ਦੀ ਜ਼ਰੂਰਤ ਹੈ। ਇਸ ਨਾਲ ਪਾਕਿਸਤਾਨ ਦੇ ਅੰਦਰ ਸਥਿਰਤਾ ਆਏਗੀ ਅਤੇ ਉਦਾਰ ਵਿਚਾਰਧਾਰਾ ਮਜ਼ਬੂਤ ਹੋਏਗੀ।
ਜੇਕਰ ਪਾਕਿਸਤਾਨ ਦੀਆਂ ਮੁੱਖ ਧਾਰਾ ਵਾਲੀਆਂ ਸਿਆਸੀ ਪਾਰਟੀਆਂ ਪਾਕਿਸਤਾਨ ਪੀਪਲਜ਼ ਪਾਰਟੀ, ਮੁਸਲਿਮ ਲੀਗ ਨਵਾਜ਼ ਸ਼ਰੀਫ਼ ਆਦਿ ਇਸ ਅਵਸਰ ਦਾ ਫਾਇਦਾ ਨਹੀਂ ਉਠਾਉਂਦੀਆਂ ਅਤੇ ਲੰਮੇ ਸਮੇਂ ਤੱਕ ਪਾਕਿਸਤਾਨ ਇਸੇ ਤਰ੍ਹਾਂ ਦੁਨੀਆ ਤੋਂ ਅਲੱਗ-ਥਲੱਗ ਹੋਇਆ ਰਹਿੰਦਾ ਹੈ, ਤਾਂ ਇਸ ਦਾ ਪੂਰਾ-ਪੂਰਾ ਲਾਭ ਉਠਾ ਕੇ ਅਤੇ ਆਮ ਲੋਕਾਂ ਨੂੰ ਭੈ-ਭੀਤ ਕਰਕੇ ਪਾਕਿਸਤਾਨ ਦੀਆਂ ਕੱਟੜਪੰਥੀ ਤਾਕਤਾਂ ਦੇਸ਼ 'ਤੇ ਕਬਜ਼ਾ ਕਰ ਲੈਣਗੀਆਂ ਅਤੇ ਪਾਕਿਸਤਾਨ ਅੰਦਰ ਇਕ ਤਰ੍ਹਾਂ ਨਾਲ ਖਾਨਾਜੰਗੀ ਛਿੜ ਜਾਏਗੀ। ਅਜਿਹੇ ਪਾਕਿਸਤਾਨ ਨੇ ਵਿਕਾਸ ਤਾਂ ਕੀ ਕਰਨਾ ਹੈ, ਸਗੋਂ ਗੁਆਂਢੀ ਦੇਸ਼ਾਂ ਲਈ ਵੀ ਉਹ ਖ਼ਤਰਾ ਬਣ ਜਾਏਗਾ। ਇਸ ਸਮੇਂ ਜਿਥੇ ਸਾਰੇ ਦੱਖਣੀ ਏਸ਼ੀਆਈ ਅਤੇ ਕੇਂਦਰੀ ਏਸ਼ੀਆਈ ਦੇਸ਼ਾਂ ਦੇ ਇਹ ਗੱਲ ਹਿੱਤ ਵਿਚ ਜਾਂਦੀ ਹੈ ਕਿ ਪਾਕਿਸਤਾਨ ਵਿਕਾਸ ਕਰੇ ਅਤੇ ਸਥਿਰ ਰਹੇ, ਉਥੇ ਪਾਕਿਸਤਾਨ ਦੇ ਹਿੱਤ ਵਿਚ ਵੀ ਇਹੀ ਗੱਲ ਜਾਂਦੀ ਹੈ ਕਿ ਉਹ ਕੇਂਦਰੀ ਏਸ਼ੀਆ, ਦੱਖਣੀ ਏਸ਼ੀਆ ਅਤੇ ਆਪਣੇ ਹੋਰ ਗੁਆਂਢੀ ਦੇਸ਼ਾਂ ਨਾਲ ਆਪਣੇ ਵਪਾਰਕ ਤੇ ਸੱਭਿਆਚਾਰਕ ਰਿਸ਼ਤੇ ਤੇਜ਼ੀ ਨਾਲ ਮਜ਼ਬੂਤ ਕਰਕੇ ਉਨ੍ਹਾਂ ਕੱਟੜਪੰਥੀ ਜਮਾਤਾਂ ਦੇ ਖਿਲਾਫ਼ ਮਜ਼ਬੂਤੀ ਨਾਲ ਲੜਾਈ ਲੜੇ, ਜਿਹੜੀਆਂ ਪਾਕਿਸਤਾਨ ਨੂੰ ਅਲੱਗ-ਥਲੱਗ ਰੱਖਣ ਅਤੇ ਅਸਥਿਰ ਕਰਨ ਲਈ ਨਿਰਦੋਸ਼ ਲੋਕਾਂ ਦਾ ਖੂਨ ਵਹਾ ਰਹੀਆਂ ਹਨ ਅਤੇ ਗੁਆਂਢੀ ਦੇਸ਼ਾਂ ਨਾਲ ਵੀ ਲਗਾਤਾਰ ਪਾਕਿਸਤਾਨ ਦੇ ਸਬੰਧ ਖ਼ਰਾਬ ਰੱਖਣ ਲਈ ਭੜਕਾਊ ਕਾਰਵਾਈਆਂ ਕਰਨ 'ਚ ਲੱਗੀਆਂ ਹੋਈਆਂ ਹਨ। ਪਾਕਿਸਤਾਨ ਦੇ ਸਾਰੇ ਸਿਆਸਤਦਾਨਾਂ ਨੂੰ ਇਹ ਗੱਲ ਵੀ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਕਸ਼ਮੀਰ ਸਮੇਤ ਹੋਰ ਸਾਰੇ ਦੁਵੱਲੇ ਮਸਲਿਆਂ ਦਾ ਵੀ ਹੱਲ ਤਾਂ ਹੀ ਨਿਕਲੇਗਾ, ਜੇਕਰ ਵਪਾਰਕ ਤੇ ਸੱਭਿਆਚਾਰਕ ਸਬੰਧਾਂ ਦਾ ਵਿਸਥਾਰ ਹੋਵੇਗਾ ਅਤੇ ਇਸ ਦੇ ਸਿੱਟੇ ਵਜੋਂ ਦੋਵਾਂ ਦੇਸ਼ਾਂ ਵਿਚ ਵਿਸ਼ਵਾਸ ਦੀ ਬਹਾਲੀ ਹੋਵੇਗੀ। ਅਜਿਹਾ ਹੋਣਾ ਹਰਗਿਜ਼ ਸੰਭਵ ਨਹੀਂ ਕਿ ਪਹਿਲਾਂ ਪਾਕਿਸਤਾਨ ਦੀਆਂ ਸ਼ਰਤਾਂ ਮੁਤਾਬਿਕ ਦੁਵੱਲੇ ਮਸਲੇ ਹੱਲ ਹੋਣ ਤੇ ਫਿਰ ਵਪਾਰਕ ਤੇ ਸੱਭਿਆਚਾਰਕ ਸਬੰਧ ਸੁਧਰਨ।
ਅਸੀਂ ਸਮਝਦੇ ਹਾਂ ਕਿ ਜੇਕਰ ਭਾਰਤ ਅਤੇ ਪਾਕਿਸਤਾਨ ਦੇ ਸਿਆਸੀ ਆਗੂ ਆਪੋ-ਆਪਣੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਅਤੇ ਇਸ ਖਿੱਤੇ ਵਿਚ ਸਥਾਈ ਅਮਨ ਅਤੇ ਸਦਭਾਵਨਾ ਪੈਦਾ ਕਰਨ ਲਈ ਅਮਲੀ ਤੌਰ 'ਤੇ ਰਾਜਨੀਤਕ ਇੱਛਾ ਦਾ ਪ੍ਰਗਟਾਵਾ ਕਰਦੇ ਹਨ ਤਾਂ ਇਕ ਨਵੀਂ ਸ਼ੁਰੂਆਤ ਹੋ ਸਕਦੀ ਹੈ ਅਤੇ ਇਸ ਤਰ੍ਹਾਂ ਕੇਂਦਰੀ ਏਸ਼ੀਆ, ਦੱਖਣੀ ਏਸ਼ੀਆ ਅਤੇ ਦੱਖਣ-ਪੂਰਬੀ ਏਸ਼ੀਆ ਵਿਕਾਸ ਦੇ ਰਾਹ 'ਤੇ ਤੁਰ ਸਕਦੇ ਹਨ। ਪਰ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਭਾਰਤ ਅਤੇ ਪਾਕਿਸਤਾਨ ਦੇ ਸਿਆਸੀ ਆਗੂ ਸਮੇਂ ਦੀਆਂ ਇਨ੍ਹਾਂ ਚੁਣੌਤੀਆਂ ਦਾ ਮੁਕਾਬਲਾ ਕਰਨ ਅਤੇ ਆਪਣੇ ਲੋਕਾਂ ਨੂੰ ਬਿਹਤਰ ਜੀਵਨ ਪੱਧਰ ਦੇਣ ਲਈ ਕਿੰਨੀ ਕੁ ਦ੍ਰਿੜ੍ਹ ਇੱਛਾ ਨਾਲ ਬਿਹਤਰ ਭਵਿੱਖ ਵੱਲ ਕਦਮ ਚੁੱਕਦੇ ਹਨ।

Leave a Comment

Message :

CAPTCHA ImageReload Image
ENTER THE CAPTCHA CODE WRITTEN ABOVE