ਕਿਛੁ ਸੁਣੀਐ ਕਿਛੁ ਕਹੀਐ - ਸਤਨਾਮ ਸਿੰਘ ਮਾਣਕ

ਪੰਜਾਬੀਅਤ ਦੇ ਸਰੋਕਾਰਾਂ ਲਈ ਲੋੜ ਹੈ ਇਕ ਸ਼ਕਤੀਸ਼ਾਲੀ ਲਹਿਰ ਦੀ

 27 ਮਈ ਐਤਵਾਰ ਨੂੰ ਪੰਜਾਬੀ ਭਵਨ ਲੁਧਿਆਣਾ ਵਿਚ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਚੋਣ ਹੋਈ। ਇਸ ਚੋਣ ਵਿਚ ਭਾਗ ਲੈਣ ਲਈ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਵੱਡੀ ਗਿਣਤੀ ਵਿਚ ਲੇਖਕ ਇਥੇ ਪੁੱਜੇ ਹੋਏ ਸਨ। ਵੋਟਾਂ ਪਾਉਣ ਲਈ ਲੰਮੀਆਂ-ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਸਨ। ਸਾਰਾ ਦਿਨ ਪੰਜਾਬੀ ਭਵਨ ਵਿਚ ਬੇਹੱਦ ਰੌਣਕ ਰਹੀ। ਲੇਖਕਾਂ ਵਿਚ ਕੇਂਦਰੀ ਪੰਜਾਬੀ ਲੇਖਕ ਸਭਾ ਦੀਆਂ ਚੋਣਾਂ ਲਈ ਇਹ ਉਤਸ਼ਾਹ ਦੇਖ ਕੇ ਬੇਹੱਦ ਖੁਸ਼ੀ ਹੋਈ। ਲੇਖਕ ਨੂੰ ਇਸ ਅਵਸਰ 'ਤੇ ਬਹੁਤ ਸਾਰੇ ਪੁਰਾਣੇ ਅਤੇ ਨਵੇਂ ਲੇਖਕਾਂ ਨਾਲ ਮਿਲਣ ਦਾ ਮੌਕਾ ਮਿਲਿਆ। ਕੁਝ ਇਕ ਚਿੰਤਕਾਂ ਨਾਲ ਪੰਜਾਬੀ ਜ਼ਬਾਨ ਅਤੇ ਸੱਭਿਆਚਾਰ ਦੇ ਮਸਲਿਆਂ ਬਾਰੇ ਸੰਖੇਪ ਵਿਚ ਵਿਚਾਰ-ਚਰਚਾ ਵੀ ਹੋਈ। ਬਹੁਤੇ ਲੇਖਕ ਇਹ ਮਹਿਸੂਸ ਕਰਦੇ ਹਨ ਕਿ ਰਾਜ ਵਿਚ ਭਾਵੇਂ ਦੋ ਕੇਂਦਰੀ ਲੇਖਕ ਸਭਾਵਾਂ-ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ, ਭਾਸ਼ਾ ਅਕੈਡਮੀ ਜਲੰਧਰ ਅਤੇ ਪੰਜਾਬ ਜਾਗ੍ਰਿਤੀ ਮੰਚ ਆਦਿ ਜਥੇਬੰਦੀਆਂ ਪੰਜਾਬੀ ਜ਼ਬਾਨ ਅਤੇ ਸੱਭਿਆਚਾਰ ਦੇ ਸਰੋਕਾਰਾਂ ਲਈ ਕੰਮ ਕਰ ਰਹੀਆਂ ਹਨ ਪਰ ਫਿਰ ਵੀ ਪੰਜਾਬ ਵਿਚ ਪੰਜਾਬੀ ਜ਼ਬਾਨ ਅਤੇ ਸੱਭਿਆਚਾਰ ਦੇ ਮਸਲਿਆਂ ਨੂੰ ਹੱਲ ਕਰਵਾਉਣ ਲਈ ਇਕ ਸ਼ਕਤੀਸ਼ਾਲੀ ਲੋਕ ਲਹਿਰ ਖੜ੍ਹੀ ਨਹੀਂ ਕੀਤੀ ਜਾ ਸਕੀ, ਜਿਸ ਦੇ ਦਮ 'ਤੇ ਹੁਕਮਰਾਨਾਂ ਤੋਂ ਕੁਝ ਅਹਿਮ ਭਖਦੀਆਂ ਮੰਗਾਂ ਮੰਨਵਾਈਆਂ ਜਾ ਸਕਣ। ਹੋਰ ਤਾਂ ਹੋਰ ਇਹ ਜਥੇਬੰਦੀਆਂ ਤਾਂ ਪਿਛਲੇ ਬਜਟ 'ਚ ਸਰਕਾਰ ਵੱਲੋਂ ਐਲਾਨੀ ਗ੍ਰਾਂਟ ਵੀ ਨਹੀਂ ਲੈ ਸਕੀਆਂ।
ਭਾਵੇਂ 2008 ਵਿਚ ਅਕਾਲੀ-ਭਾਜਪਾ ਸਰਕਾਰ ਨੇ ਪ੍ਰਸ਼ਾਸਨ ਅਤੇ ਸਿੱਖਿਆ ਦੇ ਖੇਤਰ ਵਿਚ ਪੰਜਾਬੀ ਨੂੰ ਯੋਗ ਸਥਾਨ ਦੁਆਉਣ ਲਈ ਦੋ ਕਾਨੂੰਨ ਪਾਸ ਕੀਤੇ ਸਨ ਪਰ ਅਜੇ ਤੱਕ ਇਨ੍ਹਾਂ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਅਮਲ ਵਿਚ ਨਹੀਂ ਲਿਆਂਦਾ ਜਾ ਸਕਿਆ। ਪ੍ਰਸ਼ਾਸਨ ਦਾ ਕੰਮਕਾਰ ਹੇਠਾਂ ਤੋਂ ਲੈ ਕੇ ਉੱਪਰ ਤੱਕ ਅਜੇ ਵੀ ਵਧੇਰੇ ਅੰਗਰੇਜ਼ੀ ਵਿਚ ਹੀ ਹੋ ਰਿਹਾ ਹੈ। ਪਾਸ ਕੀਤੇ ਗਏ ਪਹਿਲੇ ਕਾਨੂੰਨ ਵਿਚ ਇਹ ਵਿਵਸਥਾ ਕੀਤੀ ਗਈ ਸੀ ਕਿ ਜ਼ਿਲ੍ਹਾ ਪੱਧਰ ਤੱਕ ਅਦਾਲਤਾਂ ਦਾ ਕੰਮਕਾਜ ਵੀ ਪੰਜਾਬੀ ਵਿਚ ਹੋਵੇਗਾ। ਪਰ ਇਸ ਸਬੰਧੀ ਅਜੇ ਸ਼ੁਰੂਆਤ ਵੀ ਨਹੀਂ ਹੋਈ। ਦੂਜੇ ਕਾਨੂੰਨ ਵਿਚ ਇਹ ਵਿਵਸਥਾ ਕੀਤੀ ਗਈ ਸੀ ਕਿ ਰਾਜ ਦੇ ਸਾਰੇ ਗ਼ੈਰ-ਸਰਕਾਰੀ ਸਕੂਲ ਪਹਿਲੀ ਤੋਂ ਦਸਵੀਂ ਤੱਕ ਪੰਜਾਬੀ ਇਕ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਉਣਗੇ। ਪਰ ਦੇਖਣ ਵਿਚ ਆਇਆ ਹੈ ਕਿ ਬਹੁਤੇ ਨਿੱਜੀ ਸਕੂਲ ਅਜੇ ਵੀ ਠੀਕ ਤਰ੍ਹਾਂ ਪਹਿਲੀ ਤੋਂ ਦਸਵੀਂ ਤੱਕ ਪੰਜਾਬੀ ਨਹੀਂ ਪੜ੍ਹਾ ਰਹੇ। ਕੁਝ ਇਕ ਸਕੂਲਾਂ ਨੇ ਪ੍ਰਾਇਮਰੀ ਪੱਧਰ 'ਤੇ ਪੰਜਾਬੀ ਪੜ੍ਹਾਉਣ ਦਾ ਸਿਲਸਿਲਾ ਅਰੰਭ ਕੀਤਾ ਹੈ ਪਰ ਪੰਜਵੀਂ ਛੇਵੀਂ ਤੋਂ ਬਾਅਦ ਉਹ ਪੰਜਾਬੀ ਦੀ ਥਾਂ 'ਤੇ ਹੋਰ ਵਿਦੇਸ਼ੀ ਭਾਸ਼ਾਵਾਂ ਪੜ੍ਹਾਉਣੀਆਂ ਅਰੰਭ ਕਰ ਦਿੰਦੇ ਹਨ। ਇਸ ਦੇ ਨਾਲ-ਨਾਲ ਅੰਗਰੇਜ਼ੀ ਮਾਧਿਅਮ ਵਾਲੇ ਇਨ੍ਹਾਂ ਸਕੂਲਾਂ ਨੇ ਅਜੇ ਵੀ ਵਿਦਿਆਰਥੀਆਂ 'ਤੇ ਸਕੂਲ ਕੰਪਲੈਕਸਾਂ ਦੇ ਅੰਦਰ ਪੰਜਾਬੀ ਬੋਲਣ 'ਤੇ ਪਾਬੰਦੀ ਲਾ ਰੱਖੀ ਹੈ। ਪੰਜਾਬੀ ਬੋਲਣ ਵਾਲੇ ਵਿਦਿਆਰਥੀਆਂ ਨੂੰ ਭਾਰੀ ਜੁਰਮਾਨੇ ਲਾਏ ਜਾਂਦੇ ਹਨ ਅਤੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ। ਪੰਜਾਬ ਸਰਕਾਰ ਦੇ ਸਾਰੇ ਯਤਨਾਂ ਦੇ ਬਾਵਜੂਦ ਕੇਂਦਰੀ ਸਿੱਖਿਆ ਬੋਰਡ ਸੀ. ਬੀ. ਐਸ. ਸੀ. ਨੇ ਪਹਿਲੀ ਤੋਂ ਦਸਵੀਂ ਤੱਕ ਪੰਜਾਬੀ ਪੜ੍ਹਾਉਣ ਦੇ ਪੰਜਾਬ ਸਰਕਾਰ ਦੇ ਫ਼ੈਸਲੇ ਨੂੰ ਅਜੇ ਤੱਕ ਵੀ ਨਹੀਂ ਮੰਨਿਆ। ਸੀ. ਬੀ. ਐਸ. ਸੀ. ਦਸਵੀਂ ਵਿਚ ਅੰਗਰੇਜ਼ੀ ਤੋਂ ਇਲਾਵਾ ਹਿੰਦੀ ਤੇ ਪੰਜਾਬੀ ਆਦਿ ਦੋ ਭਾਸ਼ਾਵਾਂ ਦਾ ਇਮਤਿਹਾਨ ਲੈਂਦਾ ਹੈ ਪਰ ਵਿਦਿਆਰਥੀ ਦੇ ਕੁੱਲ ਨੰਬਰਾਂ ਵਿਚ ਉਸੇ ਵਿਸ਼ੇ ਦੇ ਨੰਬਰ ਸ਼ਾਮਿਲ ਕੀਤੇ ਜਾਂਦੇ ਹਨ, ਜਿਸ ਵਿਸ਼ੇ ਦੇ ਪੰਜਾਬੀ ਜਾਂ ਹਿੰਦੀ ਵਿਚੋਂ ਨੰਬਰ ਵਧੇਰੇ ਹੁੰਦੇ ਹਨ। ਇਸ ਤਰ੍ਹਾਂ ਇਕ ਤਰ੍ਹਾਂ ਨਾਲ ਸੀ. ਬੀ. ਐਸ. ਸੀ. ਪੰਜਾਬ ਸਰਕਾਰ ਦੇ ਪਹਿਲੀ ਤੋਂ ਦਸਵੀਂ ਤਕ ਲਾਜ਼ਮੀ ਪੰਜਾਬੀ ਪੜ੍ਹਾਉਣ ਦੇ ਫ਼ੈਸਲੇ ਦੀ ਉਲੰਘਣਾ ਕਰਦਾ ਹੈ।
ਇਸ ਤੋਂ ਇਲਾਵਾ ਉਚੇਰੀ ਸਿੱਖਿਆ ਵਿਚ ਵੀ ਪੰਜਾਬੀ ਦੀ ਪੜ੍ਹਾਈ ਦੀ ਸਥਿਤੀ ਸੰਤੁਸ਼ਟੀਜਨਕ ਨਹੀਂ ਹੈ, ਖ਼ਾਸ ਕਰਕੇ ਜਦੋਂ ਤੋਂ ਕਿੱਤਾਮੁਖੀ ਕੋਰਸਾਂ ਦੀ ਪੜ੍ਹਾਈ ਸ਼ੁਰੂ ਹੋਈ ਹੈ। ਗ੍ਰੈਜੂਏਸ਼ਨ ਦੀ ਪੱਧਰ 'ਤੇ ਪੰਜਾਬੀ ਦੀ ਪੜ੍ਹਾਈ ਦਾ ਬੁਰਾ ਹਾਲ ਹੋ ਗਿਆ ਹੈ। ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਕਿੱਤਾਮੁਖੀ ਸਿੱਖਿਆ ਦਾ ਅਜਿਹਾ ਜਾਦੂ ਚੱਲਿਆ ਹੈ ਕਿ ਬਹੁਤ ਘੱਟ ਵਿਦਿਆਰਥੀ ਗ੍ਰੈਜੂਏਸ਼ਨ ਵਿਚ ਪੰਜਾਬੀ ਨੂੰ ਇਕ ਵਿਸ਼ੇ ਵਜੋਂ ਪੜ੍ਹਨ ਲਈ ਚੁਣਦੇ ਹਨ। ਪੋਸਟ-ਗ੍ਰੈਜੂਏਸ਼ਨ ਦੀ ਪੱਧਰ 'ਤੇ ਵੀ ਹੁਣ ਬਹੁਤ ਘੱਟ ਵਿਦਿਆਰਥੀ ਪੰਜਾਬੀ ਵਿਚ ਮਾਸਟਰ ਡਿਗਰੀ ਕਰਦੇ ਹਨ। ਵਿਸ਼ਵੀਕਰਨ ਅਤੇ ਨਿੱਜੀਕਰਨ ਦੇ ਪ੍ਰਭਾਵ ਅਧੀਨ ਖੇਤਰੀ ਭਾਸ਼ਾਵਾਂ ਦੇ ਮਹੱਤਵ ਨੂੰ ਛੁਟਿਆਉਣ ਦਾ ਜੋ ਅਮਲ ਅਰੰਭ ਹੋਇਆ ਹੈ, ਉਸ ਦਾ ਅਸਰ ਹੋਰ ਸੂਬਿਆਂ ਦੀ ਤਰ੍ਹਾਂ ਪੰਜਾਬ ਵਿਚ ਵੀ ਵਧੇਰੇ ਦੇਖਣ ਨੂੰ ਮਿਲਿਆ ਹੈ। ਇਸ ਬਾਰੇ ਕੋਈ ਦੋ ਰਾਵਾਂ ਨਹੀਂ ਹਨ ਕਿ ਸਿੱਖਿਆ ਦਾ ਮੰਤਵ ਵਿਦਿਆਰਥੀਆਂ ਨੂੰ ਪੈਸੇ ਕਮਾਉਣ ਵਾਲੀਆਂ ਮਸ਼ੀਨਾਂ ਬਣਾਉਣਾ ਹੀ ਨਹੀਂ ਹੁੰਦਾ, ਸਗੋਂ ਉਨ੍ਹਾਂ ਨੂੰ ਇਕ ਬਿਹਤਰ ਇਨਸਾਨ ਬਣਾਉਣਾ ਵੀ ਹੁੰਦਾ ਹੈ। ਇਕ ਬਿਹਤਰ ਇਨਸਾਨ ਬਣਨ ਲਈ ਹੋਰ ਜ਼ਬਾਨਾਂ ਦੇ ਨਾਲ-ਨਾਲ ਹਰ ਵਿਦਿਆਰਥੀ ਨੂੰ ਆਪਣੀ ਜ਼ਬਾਨ ਲਿਖਣੀ, ਪੜ੍ਹਨੀ ਅਤੇ ਬੋਲਣੀ ਆਉਣੀ ਚਾਹੀਦੀ ਹੈ ਅਤੇ ਉਸ ਨੂੰ ਇਸ 'ਤੇ ਮਾਣ ਵੀ ਹੋਣਾ ਚਾਹੀਦਾ ਹੈ। ਜ਼ਿੰਦਗੀ ਵਿਚ ਇਨਸਾਨ ਨੂੰ ਪੈਰ-ਪੈਰ 'ਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਠੀਕ ਅਤੇ ਗ਼ਲਤ ਦਰਮਿਆਨ ਚੋਣ ਕਰਨੀ ਪੈਂਦੀ ਹੈ। ਇਹ ਸਭ ਕੁਝ ਇਕ ਵਿਦਿਆਰਥੀ ਤਾਂ ਹੀ ਕਰ ਸਕਦਾ ਹੈ ਜੇ ਉਸ ਕੋਲ ਕਿੱਤਾਮੁਖੀ ਸਿੱਖਿਆ ਦੇ ਨਾਲ-ਨਾਲ ਆਪਣੇ ਦੇਸ਼, ਖ਼ਾਸ ਕਰਕੇ ਆਪਣੇ ਪ੍ਰਾਂਤ ਦੇ ਇਤਿਹਾਸ ਅਤੇ ਸੱਭਿਆਚਾਰ ਸਬੰਧੀ ਜਾਣਕਾਰੀ ਹੋਵੇ। ਆਪਣੇ ਖਿੱਤੇ ਦੇ ਨਾਇਕਾਂ ਅਤੇ ਫਿਲਾਸਫਰਾਂ ਨਾਲ ਉਸ ਦੀ ਜਜ਼ਬਾਤੀ ਸਾਂਝ ਹੋਵੇ। ਆਪਣੇ ਖਿੱਤੇ ਦੇ ਸਾਹਿਤ ਦਾ ਉਸ ਨੇ ਅਧਿਐਨ ਕੀਤਾ ਹੋਵੇ। ਇਸੇ ਲਈ ਸਿੱਖਿਆ ਸ਼ਾਸਤਰੀ ਇਸ ਗੱਲ 'ਤੇ ਜ਼ੋਰ ਦਿੰਦੇ ਹਨ ਕਿ ਹਰ ਖਿੱਤੇ ਦੇ ਵਿਦਿਆਰਥੀਆਂ ਨੂੰ ਕਿੱਤਾਮੁਖੀ ਸਿੱਖਿਆ ਦੇ ਨਾਲ-ਨਾਲ ਆਪਣੀ ਜ਼ਬਾਨ ਦੀ ਸਿੱਖਿਆ ਜ਼ਰੂਰ ਲੈਣੀ ਚਾਹੀਦੀ ਹੈ। ਬਹੁਤ ਸਾਰੇ ਵਿਕਸਿਤ ਦੇਸ਼ਾਂ ਵਿਚ ਤਾਂ ਕਿੱਤਾਮੁਖੀ ਅਤੇ ਗ਼ੈਰ-ਕਿੱਤਾਮੁਖੀ ਸਭ ਕਿਸਮ ਦੀ ਉਚੇਰੀ ਸਿੱਖਿਆ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਆਪਣੀਆਂ ਜ਼ਬਾਨਾਂ ਵਿਚ ਹੀ ਕਰਾਈ ਜਾਂਦੀ ਹੈ। ਪਰ ਸਾਡਾ ਹੀ ਇਹ ਇਕ ਨਿਰਾਲਾ ਦੇਸ਼ ਹੈ, ਜਿਥੇ ਵਿਦਿਆਰਥੀਆਂ ਨੂੰ ਮਾਨਸਿਕ ਤੌਰ 'ਤੇ ਆਪਣੀ ਜ਼ਬਾਨ ਅਤੇ ਸੱਭਿਆਚਾਰ ਨੂੰ ਨਫ਼ਰਤ ਕਰਨ ਲਈ ਸਿੱਧੇ-ਅਸਿੱਧੇ ਢੰਗ ਨਾਲ ਤਿਆਰ ਕੀਤਾ ਜਾਂਦਾ ਹੈ। ਸ਼ਾਇਦ ਇਹ ਵੀ ਇਕ ਵੱਡਾ ਕਾਰਨ ਹੈ ਕਿ ਅੱਜ ਨਵੀਂ ਅਤੇ ਪੁਰਾਣੀ ਪੀੜ੍ਹੀ ਵਿਚ ਪਾੜਾ ਬਹੁਤ ਵਧ ਗਿਆ ਹੈ ਅਤੇ ਜ਼ਿੰਦਗੀ ਦੇ ਹਰ ਖੇਤਰ ਵਿਚ ਵੱਡੀ ਪੱਧਰ 'ਤੇ ਭ੍ਰਿਸ਼ਟਾਚਾਰ ਦਾਖ਼ਲ ਹੋ ਗਿਆ ਹੈ। ਦੇਸ਼ ਵਿਚ ਬਹੁਤ ਘੱਟ ਲੋਕ ਅਜਿਹੇ ਬਚੇ ਹਨ, ਜਿਨ੍ਹਾਂ ਦੀ ਕਹਿਣੀ ਤੇ ਕਰਨੀ ਵਿਚੋਂ ਨੈਤਿਕ ਕਦਰਾਂ-ਕੀਮਤਾਂ ਦਾ ਪ੍ਰਗਟਾਵਾ ਹੁੰਦਾ ਹੈ।
ਟੈਲੀਵਿਜ਼ਨ ਚੈਨਲਾਂ ਅਤੇ ਅਖ਼ਬਾਰਾਂ ਵਿਚ ਭ੍ਰਿਸ਼ਟਾਚਾਰ ਦੀਆਂ ਖ਼ਬਰਾਂ ਵੱਡੀ ਪੱਧਰ 'ਤੇ ਪ੍ਰਸਾਰਿਤ ਅਤੇ ਪ੍ਰਕਾਸ਼ਿਤ ਹੁੰਦੀਆਂ ਹਨ। ਨੌਜਵਾਨਾਂ ਦੀਆਂ ਹਿੰਸਕ ਕਾਰਵਾਈਆਂ ਦੇ ਕਿੱਸੇ ਛਪੇ ਹੁੰਦੇ ਹਨ। ਪੰਜਾਬ ਬਾਰੇ ਤਾਂ ਇਹ ਕਿਹਾ ਜਾਣ ਲੱਗਾ ਹੈ ਕਿ ਇਥੇ 73 ਫ਼ੀਸਦੀ ਨੌਜਵਾਨ ਕਿਸੇ ਨਾ ਕਿਸੇ ਤਰ੍ਹਾਂ ਦੇ ਨਸ਼ੇ ਦੀ ਲਪੇਟ ਵਿਚ ਹਨ। ਇਕ ਹੋਰ ਸਰਵੇਖਣ ਅਨੁਸਾਰ ਪੰਜਾਬ ਦੇ 67 ਫ਼ੀਸਦੀ ਪਰਿਵਾਰਾਂ ਵਿਚੋਂ ਹਰ ਪਰਿਵਾਰ ਦਾ ਇਕ ਮੈਂਬਰ ਨਸ਼ੇ ਦਾ ਆਦੀ ਹੋ ਚੁੱਕਾ ਹੈ। ਦਾਜ-ਦਹੇਜ ਦੀ ਮੰਗ ਕਾਰਨ ਲੜਕੀਆਂ ਨੂੰ ਸਾੜਨ ਦੀਆਂ ਖ਼ਬਰਾਂ ਹਿਰਦੇ ਵਲੂੰਧਰਦੀਆਂ ਹਨ। ਰਾਜ ਦੇ ਨੌਜਵਾਨਾਂ ਵਿਚ ਲੁੱਟ-ਖੋਹ ਦਾ ਰੁਝਾਨ ਏਨਾ ਵਧ ਚੱਕਾ ਹੈ ਕਿ ਸ਼ਹਿਰਾਂ ਵਿਚ ਕੋਈ ਇਕੱਲੀ ਔਰਤ ਕੰਨਾਂ ਵਿਚ ਵਾਲੀਆਂ ਜਾਂ ਗਲ ਵਿਚ ਸੋਨੇ ਦੀ ਚੇਨ ਪਾ ਕੇ ਬੇਫ਼ਿਕਰ ਹੋ ਕੇ ਬਾਜ਼ਾਰ ਵਿਚੋਂ ਨਹੀਂ ਲੰਘ ਸਕਦੀ। ਭਾਵੇਂ ਰਾਜ ਵਿਚ ਆਏ ਇਸ ਨੈਤਿਕ ਨਿਘਾਰ ਦੇ ਬਹੁਤ ਸਾਰੇ ਰਾਜਨੀਤਕ ਅਤੇ ਆਰਥਿਕ ਕਾਰਨ ਵੀ ਹੋ ਸਕਦੇ ਹਨ ਪਰ ਵੱਡਾ ਕਾਰਨ ਇਹ ਵੀ ਹੈ ਕਿ ਪੰਜਾਬੀ ਆਪਣੀ ਨਵੀਂ ਪੀੜ੍ਹੀ ਨੂੰ ਸੰਸਕਾਰੀ ਨਹੀਂ ਬਣਾ ਸਕੇ।
ਕਿਸੇ ਵੀ ਖਿੱਤੇ ਦੀ ਜ਼ਬਾਨ ਇਕ ਅਜਿਹਾ ਮਾਧਿਅਮ ਹੁੰਦੀ ਹੈ, ਜਿਸ ਦੇ ਸਾਹਿਤ, ਪੱਤਰਕਾਰੀ ਅਤੇ ਗੀਤ-ਸੰਗੀਤ ਰਾਹੀਂ ਲੋਕਾਂ ਵਿਚ ਨਰੋਈਆਂ ਕਦਰਾਂ-ਕੀਮਤਾਂ ਪੈਦਾ ਕੀਤੀਆਂ ਜਾ ਸਕਦੀਆਂ ਹਨ। ਪਰ ਇਸ ਪੱਖੋਂ ਵੀ ਪੰਜਾਬ ਦੀ ਹਾਲਤ ਬੇਹੱਦ ਚਿੰਤਾਜਨਕ ਹੈ। ਇਥੇ ਬਹੁਤ ਸਾਰੇ ਅਜਿਹੇ ਅਖ਼ਬਾਰ ਛਪਦੇ ਹਨ, ਜਿਹੜੇ ਲੱਚਰ ਕਿਸਮ ਦੀਆਂ ਖ਼ਬਰਾਂ ਅਤੇ ਲੱਚਰ ਕਿਸਮ ਦੀਆਂ ਤਸਵੀਰਾਂ ਛਾਪਣਾ ਫ਼ਖਰ ਸਮਝਦੇ ਹਨ। ਇਸ ਤੋਂ ਇਲਾਵਾ ਇਥੇ ਅਜਿਹੇ ਦਰਜਨਾਂ ਪੰਜਾਬੀ ਟੀ. ਵੀ. ਚੈਨਲ ਚਲਦੇ ਹਨ, ਜੋ ਪੰਜਾਬੀ ਸੰਗੀਤ ਦੇ ਨਾਂਅ 'ਤੇ ਹਿੰਸਾ, ਅਸ਼ਲੀਲਤਾ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲਾ ਗੰਦ-ਮੰਦ ਦਿਨ-ਰਾਤ ਲੋਕਾਂ ਅੱਗੇ ਪਰੋਸਦੇ ਹਨ।
ਬਿਨਾਂ ਸ਼ੱਕ ਇਸ ਸਮੇਂ ਪੰਜਾਬ ਦੇ ਸਾਹਮਣੇ ਅਨੇਕਾਂ ਰਾਜਨੀਤਕ, ਆਰਥਿਕ ਅਤੇ ਸਮਾਜਿਕ ਮਸਲੇ ਹਨ, ਜਿਨ੍ਹਾਂ ਨੂੰ ਸੁਲਝਾਉਣ ਦੀ ਲੋੜ ਹੈ। ਪਰ ਅਸੀਂ ਸਮਝਦੇ ਹਾਂ ਕਿ ਪੰਜਾਬੀ ਸਮਾਜ ਦਾ ਸਭ ਤੋਂ ਵੱਡਾ ਮਸਲਾ ਨੈਤਿਕ ਨਿਘਾਰ ਦਾ ਮਸਲਾ ਹੈ। ਆਪਣੀ ਜ਼ਬਾਨ ਅਤੇ ਸੱਭਿਆਚਾਰ ਤੋਂ ਦੂਰ ਜਾਣ ਦਾ ਮਸਲਾ ਹੈ। ਗੁਰੂ ਸਾਹਿਬਾਨ, ਸੂਫ਼ੀ ਫ਼ਕੀਰਾਂ ਅਤੇ ਸੰਤ ਮਹਾਂਪੁਰਸ਼ਾਂ ਵੱਲੋਂ ਦਿੱਤੀਆਂ ਗਈਆਂ ਨੈਤਿਕ ਕਦਰਾਂ-ਕੀਮਤਾਂ ਤੋਂ ਪਾਸਾ ਵੱਟਣ ਦਾ ਮਸਲਾ ਹੈ।
ਕੌਮਾਂ ਦੀ ਜ਼ਿੰਦਗੀ ਵਿਚ ਰਾਜਨੀਤਕ ਤੇ ਆਰਥਿਕ ਸੰਕਟ ਹਮੇਸ਼ਾ ਆਉਂਦੇ-ਜਾਂਦੇ ਰਹਿੰਦੇ ਹਨ। ਪਰ ਉਹੀ ਸਮਾਜ ਤੇ ਉਹੀ ਕੌਮ ਇਨ੍ਹਾਂ ਦਾ ਸੁਚੱਜੇ ਢੰਗ ਨਾਲ ਸਾਹਮਣਾ ਕਰਨ ਵਿਚ ਕਾਮਯਾਬ ਹੁੰਦੀ ਹੈ, ਜਿਹੜੀ ਨੈਤਿਕ ਕਦਰਾਂ-ਕੀਮਤਾਂ ਦੇ ਪੱਖ ਤੋਂ ਮਜ਼ਬੂਤ ਹੋਵੇ। ਇਸ ਸੰਦਰਭ ਵਿਚ ਬਿਨਾਂ ਸ਼ੱਕ ਪੰਜਾਬੀਆਂ ਦੀ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਆਧੁਨਿਕ ਗਿਆਨ-ਵਿਗਿਆਨ ਦੀ ਸਿੱਖਿਆ ਦੀ ਲੋੜ ਹੈ। ਅੰਗਰੇਜ਼ੀ ਸਮੇਤ ਦੁਨੀਆ ਦੀਆਂ ਕਈ ਹੋਰ ਵਿਕਸਿਤ ਭਾਸ਼ਾਵਾਂ ਨੂੰ ਪੜ੍ਹਨ-ਲਿਖਣ ਦੀ ਲੋੜ ਹੈ। ਪਰ ਜੇਕਰ ਪੰਜਾਬੀ ਕੌਮ ਨੇ ਸਦੀਆਂ ਤੱਕ ਆਪਣੀ ਪਛਾਣ ਨੂੰ ਬਣਾਈ ਰੱਖਣਾ ਹੈ ਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਨੈਤਿਕ ਕਦਰਾਂ-ਕੀਮਤਾਂ ਪੱਖੋਂ ਭਰਪੂਰ ਬਣਾਉਣਾ ਹੈ ਤਾਂ ਉਸ ਨੂੰ ਪੰਜਾਬੀ ਜ਼ਬਾਨ ਆਪਣੀ ਨਵੀਂ ਪੀੜ੍ਹੀ ਨੂੰ ਪੜ੍ਹਨੀ-ਲਿਖਣੀ ਸਿਖਾਉਣ ਵੱਲ ਵਿਸ਼ੇਸ਼ ਜ਼ੋਰ ਦੇਣਾ ਚਾਹੀਦਾ ਹੈ। ਉਸ ਨੂੰ ਸੰਸਕਾਰੀ ਬਣਾਉਣ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਜਿਹੜਾ ਰਾਜ ਵਿਚ ਸੰਗੀਤਕ ਕੈਸਟਾਂ ਅਤੇ ਟੀ. ਵੀ. ਚੈਨਲਾਂ ਦੇ ਮਾਧਿਅਮ ਰਾਹੀਂ ਲੱਚਰ ਗਾਇਕੀ ਦਾ ਬਦਬੂ ਮਾਰਦਾ ਦਰਿਆ ਵਗ ਰਿਹਾ ਹੈ, ਉਸ ਨੂੰ ਨਾ ਕੇਵਲ ਪੱਕਾ ਬੰਨ੍ਹ ਮਾਰਨ ਦੀ ਲੋੜ ਹੈ, ਸਗੋਂ ਉਸ ਦੇ ਸਰੋਤਾਂ ਨੂੰ ਵੀ ਖ਼ਤਮ ਕਰਨ ਦੀ ਜ਼ਰੂਰਤ ਹੈ।
ਅਸੀਂ ਕੇਂਦਰੀ ਲੇਖਕ ਸਭਾ ਦੀ ਨਵੀਂ ਚੁਣੀ ਗਈ ਟੀਮ ਨੂੰ ਵਧਾਈ ਦਿੰਦੇ ਹੋਏ ਪੰਜਾਬੀ ਜ਼ਬਾਨ ਅਤੇ ਸੱਭਿਆਚਾਰ ਨਾਲ ਸਬੰਧਤ ਉਕਤ ਸਰੋਕਾਰਾਂ ਵੱਲ ਉਸ ਦਾ ਧਿਆਨ ਦੁਆਉਣਾ ਚਾਹੁੰਦੇ ਹਾਂ। ਇਸ ਦੇ ਨਾਲ ਹੀ ਅਸੀਂ ਰਾਜ ਵਿਚ ਪੰਜਾਬੀ ਜ਼ਬਾਨ ਅਤੇ ਸੱਭਿਆਚਾਰ ਦੇ ਪ੍ਰਚਾਰ-ਪ੍ਰਸਾਰ ਲਈ ਕੰਮ ਕਰ ਰਹੀਆਂ ਹੋਰ ਜਥੇਬੰਦੀਆਂ ਨੂੰ ਵੀ ਇਹ ਹਲੂਣਾ ਦੇਣਾ ਚਾਹੁੰਦੇ ਹਾਂ ਕਿ ਉਹ ਪੰਜਾਬੀ ਜ਼ਬਾਨ ਅਤੇ ਸੱਭਿਆਚਾਰ ਨਾਲ ਜੁੜੇ ਮਸਲਿਆਂ ਨੂੰ ਹੱਲ ਕਰਾਉਣ ਲਈ ਉਕਤ ਹਕੀਕਤਾਂ ਦੇ ਸੰਦਰਭ ਵਿਚ ਨਵੇਂ ਸਿਰੇ ਤੋਂ ਚਿੰਤਾ ਤੇ ਚਿੰਤਨ ਅਰੰਭ ਕਰਨ ਅਤੇ ਆਉਣ ਵਾਲੇ ਸਮੇਂ ਵਿਚ ਸਾਰੇ ਮਿਲ ਕੇ ਇਕ ਇਹੋ ਜਿਹੀ ਸ਼ਕਤੀਸ਼ਾਲੀ ਲਹਿਰ ਖੜ੍ਹੀ ਕਰਨ ਕਿ ਸਮੇਂ ਦੇ ਹਾਕਮ ਰਾਜ ਵਿਚ ਪੰਜਾਬੀ ਜ਼ਬਾਨ ਅਤੇ ਸੱਭਿਆਚਾਰ ਨੂੰ ਉਸ ਦਾ ਬਣਦਾ ਸਥਾਨ ਦੇਣ ਲਈ ਮਜਬੂਰ ਹੋ ਜਾਣ ਅਤੇ ਪੰਜਾਬੀ ਫਿਰ ਤੋਂ ਸੁਚੱਜੀ ਜੀਵਨ ਜਾਚ ਦੇ ਧਾਰਨੀ ਬਣ ਸਕਣ।

Leave a Comment

Message :

CAPTCHA ImageReload Image
ENTER THE CAPTCHA CODE WRITTEN ABOVE