ਕਿਛੁ ਸੁਣੀਐ ਕਿਛੁ ਕਹੀਐ - ਸਤਨਾਮ ਸਿੰਘ ਮਾਣਕ

ਬਦਲਵੀਂ ਜੀਵਨ-ਜਾਚ ਲਈ ਕੁਝ ਯਤਨ


ਇਸ ਬਾਰੇ ਕੋਈ ਦੋ ਰਾਵਾਂ ਨਹੀਂ ਹਨ ਕਿ ਚਾਰ ਕੁ ਦਹਾਕੇ ਪਹਿਲਾਂ ਰਸਾਇਣਕ ਖੇਤੀ 'ਤੇ ਆਧਾਰਿਤ ਆਰੰਭ ਹੋਏ ਹਰੇ ਇਨਕਲਾਬ ਨੇ ਪੰਜਾਬ ਦੀ ਖੇਤੀਬਾੜੀ ਦੀ ਰੂਪ-ਰੇਖਾ ਬਦਲ ਕੇ ਰੱਖ ਦਿੱਤੀ ਸੀ। ਖੇਤੀ ਦੇ ਕੰਮਕਾਰ ਵਿਚ ਵੱਡੀ ਪੱਧਰ 'ਤੇ ਮਸ਼ੀਨਾਂ ਦੀ ਵਰਤੋਂ ਆਰੰਭ ਹੋਈ। ਵਹਾਈ ਦਾ ਕੰਮ ਟਰੈਕਟਰਾਂ ਨੇ ਸੰਭਾਲ ਲਿਆ ਅਤੇ ਸਿੰਚਾਈ ਲਈ ਹਲਟਾਂ ਦੀ ਥਾਂ ਟਿਊਬਵੈੱਲਾਂ ਨੇ ਮੱਲ ਲਈ। ਫਲ੍ਹਿਆਂ ਦੀ ਥਾਂ ਥਰੈਸ਼ਰ ਮਸ਼ੀਨਾਂ ਤੇ ਕੰਬਾਈਨਾਂ ਘੂਕਣ ਲੱਗ ਪਈਆਂ। ਦੇਸੀ ਰੂੜੀ ਦੀ ਥਾਂ ਰਸਾਇਣਕ ਖਾਦਾਂ ਅਤੇ ਕੀਟਨਾਸ਼ਕ ਆ ਗਏ। ਇਸ ਸਭ ਕੁਝ ਨੇ ਪੰਜਾਬ ਦੇ ਖੇਤੀ ਉਤਪਾਦਨ ਵਿਚ ਚੋਖਾ ਵਾਧਾ ਕੀਤਾ। ਆਰੰਭ ਵਿਚ ਫਸਲਾਂ ਦੇ ਭਾਅ ਵੀ ਕੇਂਦਰ ਵੱਲੋਂ ਚੰਗੇ ਦਿੱਤੇ ਜਾਂਦੇ ਰਹੇ, ਜਿਸ ਕਾਰਨ ਪੰਜਾਬ ਦੇ ਪਿੰਡਾਂ ਦੀ ਰੂਪ-ਰੇਖਾ ਬਦਲ ਗਈ। ਕੱਚੇ ਮਕਾਨਾਂ ਦੀ ਥਾਂ 'ਤੇ ਪੱਕੇ ਮਕਾਨ ਬਣ ਗਏ। ਲੋਕਾਂ ਦੀ ਆਵਾਜਾਈ ਦੇ ਸਾਧਨ ਸਾਈਕਲ, ਮੋਟਰ ਸਾਈਕਲ, ਸਕੂਟਰ ਅਤੇ ਕਾਰਾਂ ਆਦਿ ਹੋ ਗਏ। ਲੋਕਾਂ ਦਾ ਖਾਣ-ਪੀਣ ਅਤੇ ਪਹਿਨਣ ਵੀ ਬਦਲ ਗਿਆ।
ਪਰ ਨਵੇਂ ਢੰਗ ਦੀ ਇਸ ਖੇਤੀ ਦਾ ਹੁਸਨ ਕੁਝ ਦਹਾਕੇ ਹੀ ਬਰਕਰਾਰ ਰਿਹਾ। ਹੌਲੀ-ਹੌਲੀ ਰਸਾਇਣਕ ਖਾਦਾਂ, ਕੀਟਨਾਸ਼ਕਾਂ ਅਤੇ ਨਦੀਨਨਾਸ਼ਕਾਂ ਦੇ ਦੁਰ-ਪ੍ਰਭਾਵ ਸਾਹਮਣੇ ਆਉਣ ਲੱਗ ਪਏ। ਮਾਲਵੇ ਅਤੇ ਪੰਜਾਬ ਦੇ ਹੋਰ ਇਲਾਕਿਆਂ ਵਿਚ ਨਰਮੇ ਅਤੇ ਹੋਰ ਫਸਲਾਂ 'ਤੇ ਕਿਸਾਨਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਸਪਰੇਆਂ ਨਾਲ ਵਾਤਾਵਰਨ ਪ੍ਰਦੂਸ਼ਿਤ ਹੋ ਗਿਆ। ਫਲ, ਸਬਜ਼ੀਆਂ, ਅਨਾਜ ਅਤੇ ਪਸ਼ੂਆਂ ਦੇ ਚਾਰੇ ਵਿਚੋਂ ਹੁੰਦੀਆਂ ਖਾਦਾਂ ਅਤੇ ਜ਼ਹਿਰੀਲੀਆਂ ਸਪਰੇਆਂ ਪੰਜਾਬੀਆਂ ਦੀ ਖੁਰਾਕ ਲੜੀ ਵਿਚ ਦਾਖ਼ਲ ਹੋ ਗਈਆਂ। ਮਾਲਵੇ ਦੀ ਕਪਾਹ ਪੱਟੀ ਵਿਚ ਵੱਡੀ ਪੱਧਰ 'ਤੇ ਫੈਲ ਰਹੇ ਕੈਂਸਰ ਨੂੰ ਇਸ ਵਰਤਾਰੇ ਨਾਲ ਜੋੜ ਕੇ ਦੇਖਿਆ ਜਾਣ ਲੱਗਾ। ਸਿੰਚਾਈ ਲਈ 12 ਹਜ਼ਾਰ ਟਿਊਬਵੈੱਲਾਂ ਵੱਲੋਂ ਕੱਢੇ ਜਾ ਰਹੇ ਪਾਣੀ ਕਾਰਨ ਧਰਤੀ ਹੇਠਲਾ ਪਾਣੀ ਪਤਾਲ ਨੂੰ ਛੂਹਣ ਲੱਗ ਪਿਆ। ਕਣਕ ਅਤੇ ਝੋਨੇ ਦੀ ਸਰਕਾਰੀ ਖਰੀਦ ਨਿਸਚਿਤ ਹੋਣ ਕਾਰਨ ਖੇਤੀ ਦੀ ਪੁਰਾਤਨ ਵੰਨ-ਸੁਵੰਨਤਾ ਖ਼ਤਮ ਹੋ ਕੇ ਖੇਤੀ ਕਣਕ ਤੇ ਝੋਨੇ ਤੱਕ ਸੀਮਤ ਹੋ ਕੇ ਰਹਿ ਗਈ। ਕਣਕ ਤੇ ਝੋਨੇ ਦੀ ਕੰਬਾਈਨਾਂ ਵੱਲੋਂ ਕਟਾਈ ਤੋਂ ਬਾਅਦ ਖੇਤਾਂ ਵਿਚ ਬਚੇ ਨਾੜ ਨੂੰ ਕਿਸਾਨਾਂ ਵੱਲੋਂ ਅੱਗਾਂ ਲਾ ਕੇ ਸਾੜਿਆ ਜਾਣ ਲੱਗਾ। ਇਸ ਤਰ੍ਹਾਂ ਕਿਸਾਨਾਂ ਨੇ ਸਾਲ ਵਿਚ ਦੋ ਵਾਰ ਖੇਤਾਂ ਦੇ ਬੰਨਿਆਂ 'ਤੇ ਸੜਕਾਂ ਤੇ ਨਹਿਰਾਂ ਦੇ ਨਾਲ-ਨਾਲ ਲੱਗੇ ਦਰੱਖਤਾਂ ਤੱਕ ਨੂੰ ਲੂਹਣਾ ਸ਼ੁਰੂ ਕਰ ਦਿੱਤਾ। ਦੂਜੇ ਅਰਥਾਂ ਵਿਚ ਸਾਲ ਵਿਚ ਦੋ ਵਾਰ ਪੰਜਾਬ ਦੇ ਵਾਤਾਵਰਨ ਨੂੰ ਜ਼ਹਿਰੀਲੇ ਧੂੰਏਂ ਨਾਲ ਭਰਨਾ ਸ਼ੁਰੂ ਕਰ ਦਿੱਤਾ। ਰਸਾਇਣਕ ਖੇਤੀ ਦੇ ਸਿੱਟੇ ਵਜੋਂ ਹੌਲੀ-ਹੌਲੀ ਧਰਤੀ ਦੀ ਉਪਜਾਊ ਸ਼ਕਤੀ ਘਟਣੀ ਸ਼ੁਰੂ ਹੋ ਗਈ। ਫਸਲਾਂ 'ਤੇ ਹਮਲੇ ਕਰਨ ਵਾਲੇ ਕੀਟ-ਪਤੰਗੇ ਜ਼ਹਿਰੀਲੀਆਂ ਦਵਾਈਆਂ ਪ੍ਰਤੀ ਵਧੇਰੇ ਸਹਿੰਦੜ ਹੋ ਗਏ। ਇਸ ਕਾਰਨ ਫਸਲਾਂ ਦੇ ਉਤਪਾਦਨ ਲਈ ਜ਼ਹਿਰੀਲੀਆਂ ਦਵਾਈਆਂ ਦੀ ਵਰਤੋਂ ਹੋਰ ਵਧੇਰੇ ਵਧ ਗਈ। ਹਰੇ ਇਨਕਲਾਬ ਨੇ ਪੰਜਾਬ ਦੀ ਉਪਜਾਊ ਧਰਤੀ, ਵਾਤਾਵਰਨ ਅਤੇ ਇਸ ਦੇ ਅੰਮ੍ਰਿਤ ਵਰਗੇ ਕੁਦਰਤੀ ਸਰੋਤ ਪਾਣੀ ਨੂੰ ਹੀ ਨੁਕਸਾਨ ਨਹੀਂ ਪਹੁੰਚਾਇਆ, ਸਗੋਂ ਇਸ ਨੇ ਬਹੁਤੇ ਪੰਜਾਬੀਆਂ ਦੀ ਸੋਚ ਨੂੰ ਵੀ ਨਿਰੋਲ ਵਪਾਰਕ ਤੇ ਸੁਆਰਥੀ ਬਣਾ ਕੇ ਰੱਖ ਦਿੱਤਾ ਹੈ।
ਪੰਜਾਬ ਦੇਸ਼ ਦੇ ਕੁੱਲ ਭੂਗੋਲਿਕ ਖੇਤਰ ਦਾ ਡੇਢ ਫ਼ੀਸਦੀ ਇਲਾਕਾ ਹੈ ਅਤੇ ਇਥੇ ਕੀਟਨਾਸ਼ਕਾਂ ਤੇ ਨਦੀਨਨਾਸ਼ਕਾਂ ਦੀ 18 ਫ਼ੀਸਦੀ ਵਰਤੋਂ ਹੋ ਰਹੀ ਹੈ। ਇਸੇ ਤਰ੍ਹਾਂ ਰਸਾਇਣਕ ਖਾਦਾਂ ਦੀ ਵੀ ਹੋਰ ਰਾਜਾਂ ਦੇ ਮੁਕਾਬਲੇ ਪੰਜਾਬ ਵਿਚ ਬਹੁਤ ਵੱਡੀ ਪੱਧਰ 'ਤੇ ਵਰਤੋਂ ਹੁੰਦੀ ਹੈ। ਇਸ ਦਾ ਸਾਡੀ ਧਰਤੀ, ਸਾਡੇ ਵਾਤਾਵਰਨ ਅਤੇ ਸਾਡੇ ਪੀਣ ਵਾਲੇ ਪਾਣੀ 'ਤੇ ਅਸਰ ਹੋ ਰਿਹਾ ਹੈ, ਇਸ ਬਾਰੇ ਬਹੁਤੇ ਪੰਜਾਬੀ, ਖਾਸ ਕਰਕੇ ਸਾਡੇ ਕਿਸਾਨ ਵਧੇਰੇ ਸੁਚੇਤ ਨਹੀਂ ਹਨ। ਕਿਸਾਨ ਇਹ ਵੀ ਜਾਣਦੇ ਹਨ ਕਿ ਇਕ ਕਿਲੋ ਝੋਨਾ ਪੈਦਾ ਕਰਨ ਲਈ ਲਗਭਗ 3 ਹਜ਼ਾਰ ਲੀਟਰ ਪਾਣੀ ਖਰਚ ਆਉਂਦਾ ਹੈ ਅਤੇ ਪਾਣੀ ਦਿਨੋ-ਦਿਨ ਹੇਠਾਂ ਉਤਰਦਾ ਜਾ ਰਿਹਾ ਹੈ। ਧਰਤੀ ਹੇਠਲੇ ਪਾਣੀ ਦੀ ਪੱਧਰ ਨੂੰ ਬਣਾਈ ਰੱਖਣ ਲਈ ਹੀ ਪੰਜਾਬ ਸਰਕਾਰ ਨੇ ਇਹ ਕਾਨੂੰਨ ਬਣਾਇਆ ਹੈ ਕਿ 10 ਜੂਨ ਤੋਂ ਪਹਿਲਾਂ ਝੋਨਾ ਨਾ ਲਾਇਆ ਜਾਏ। ਪਰ ਇਸ ਦੇ ਬਾਵਜੂਦ ਵਾਰ-ਵਾਰ ਕਿਸਾਨਾਂ ਵੱਲੋਂ ਝੋਨਾ ਪਹਿਲਾਂ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸਾਡੇ ਪਹਿਲੇ ਅਨਪੜ੍ਹ ਕਿਸਾਨ ਰੁੱਖਾਂ ਦੇ ਮਹੱਤਵ ਨੂੰ ਅੱਜ ਦੇ ਪੜ੍ਹੇ-ਲਿਖੇ ਕਿਸਾਨਾਂ ਨਾਲੋਂ ਕਿਤੇ ਵਧੇਰੇ ਸਮਝਦੇ ਸਨ। 'ਇਕ ਰੁੱਖ ਸੌ ਸੁਖ' ਦੀ ਸੈਂਕੜੇ ਸਾਲ ਪਹਿਲਾਂ ਪ੍ਰਚਲਿਤ ਹੋਈ ਕਹਾਵਤ ਸਾਡੇ ਬਜ਼ੁਰਗਾਂ ਦੀ ਰਵਾਇਤੀ ਸਿਆਣਪ ਦਾ ਪ੍ਰਗਟਾਵਾ ਕਰਦੀ ਹੈ। ਪਰ ਅੱਜ ਦੇ ਬਹੁਤੇ ਕਿਸਾਨ ਨਾ ਸਿਰਫ ਸਾਲ ਵਿਚ ਦੋ ਵਾਰ ਆਪਣੇ ਖੇਤਾਂ ਵਿਚ ਵਿਰਲੇ-ਟਾਵੇਂ ਬਚੇ ਦਰੱਖਤਾਂ ਨੂੰ ਅੱਗਾਂ ਲਾ ਕੇ ਸਾੜਦੇ ਹਨ, ਸਗੋਂ ਸੜਕਾਂ ਦੇ ਨਾਲ-ਨਾਲ ਲੱਗੇ ਦਰੱਖਤਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਾ ਰਹੇ ਹਨ। ਉਂਜ ਵੀ ਕਿਸਾਨਾਂ ਦੀ ਨਿਰੋਲ ਵਪਾਰਕ ਹੋਈ ਸੋਚ ਨੇ ਖੇਤਾਂ ਵਿਚੋਂ ਦਰੱਖਤਾਂ ਦਾ ਸਫਾਇਆ ਕਰ ਦਿੱਤਾ ਹੈ। ਪਹਿਲਾਂ ਹਲਟਾਂ ਦੁਆਲੇ ਕਿਸਾਨਾਂ ਵੱਲੋਂ ਖੂਬ ਦਰੱਖਤ ਲਗਾਏ ਜਾਂਦੇ ਸਨ ਅਤੇ ਗਰਮੀਆਂ ਵਿਚ ਖੂਹਾਂ 'ਤੇ ਲੱਗੇ ਦਰੱਖਤ ਇਕ ਤਰ੍ਹਾਂ ਨਾਲ ਦੇ ਸਵਰਗ ਦਾ ਅਹਿਸਾਸ ਕਰਵਾਉਂਦੇ ਸਨ। ਪਰ ਅੱਜ ਬਹੁਤੇ ਟਿਊਬਵੈੱਲਾਂ ਦੁਆਲੇ ਵੀ ਵਿਰਲੇ-ਟਾਵੇਂ ਦਰੱਖਤ ਹੀ ਨਜ਼ਰ ਆਉਂਦੇ ਹਨ। ਕਿਸਾਨ ਖੇਤਾਂ ਵਿਚ ਦਰੱਖਤ ਲਗਾਉਣ ਤੋਂ ਇਹ ਕਹਿ ਕੇ ਸੰਕੋਚ ਕਰਦੇ ਹਨ ਕਿ ਇਸ ਨਾਲ ਫਸਲਾਂ 'ਤੇ ਸ਼ੌਰਾ ਪੈਂਦਾ ਹੈ ਤੇ ਫਸਲ ਮਾਰੀ ਜਾਂਦੀ ਹੈ।
ਦੂਜੇ ਪਾਸੇ ਜਿਹੜੇ ਪੰਜਾਬੀ ਖੇਤੀ ਤੋਂ ਇਲਾਵਾ ਸਨਅਤੀ ਕਾਰੋਬਾਰ ਕਰਦੇ ਹਨ, ਉਨ੍ਹਾਂ ਨੇ ਵੀ ਪੰਜਾਬ ਦੇ ਵਾਤਾਵਰਨ ਤੇ ਧਰਤੀ ਹੇਠਲੇ ਪਾਣੀ ਨੂੰ ਬਰਬਾਦ ਕਰਨ ਵਿਚ ਕੋਈ ਢਿੱਲ ਨਹੀਂ ਗੁਜ਼ਾਰੀ। ਪੰਜਾਬ ਦੇ ਚਮੜਾ ਉਦਯੋਗ, ਰੰਗਾਈ, ਇਲੈਕਟ੍ਰੋਪਲੇਟਿੰਗ ਉਦਯੋਗ, ਗੱਤਾ ਮਿੱਲਾਂ ਅਤੇ ਖੰਡ ਮਿੱਲਾਂ ਆਦਿ ਦਾ ਗੰਦਾ ਤੇ ਜ਼ਹਿਰੀਲਾ ਪਾਣੀ ਸਨਅਤਕਾਰਾਂ ਵੱਲੋਂ ਧੜੱਲੇ ਨਾਲ ਨਦੀਆਂ, ਨਾਲਿਆਂ ਵਿਚ ਪਾਇਆ ਜਾ ਰਿਹਾ ਹੈ। ਬਹੁਤ ਸਾਰੇ ਸਨਅਤਕਾਰਾਂ ਵੱਲੋਂ ਤਾਂ ਧਰਤੀ ਵਿਚ ਬੋਰ ਕਰਕੇ ਸਿੱਧਾ ਹੀ ਗੰਦਾ, ਤੇਜ਼ਾਬੀ ਅਤੇ ਧਾਤਾਂ ਦੇ ਮਿਸ਼ਰਣ ਵਾਲਾ ਪਾਣੀ ਜ਼ਮੀਨ ਵਿਚ ਸੁੱਟਿਆ ਜਾ ਰਿਹਾ ਹੈ।
ਕੁਦਰਤ ਨੇ ਪੰਜਾਬ ਦੀ ਧਰਤੀ ਨੂੰ ਪੰਜ ਦਰਿਆ ਅਤੇ ਰੁੱਖਾਂ ਦੇ ਰੂਪ ਵਿਚ ਹਰਿਆਵਲ ਦਾ ਹੁਸਨ ਦਿੱਤਾ ਸੀ। ਇਸੇ ਕਰਕੇ ਪੰਜਾਬ ਨੂੰ ਮਨੁੱਖੀ ਵਸੇਬੇ ਲਈ ਸਭ ਤੋਂ ਉੱਤਮ ਥਾਂ ਗਿਣਿਆ ਜਾਂਦਾ ਸੀ। ਪਰ ਸਾਡੀ ਆਧੁਨਿਕ ਢੰਗ ਦੀ ਖੇਤੀ, ਸਾਡੀਆਂ ਆਧੁਨਿਕ ਢੰਗ ਦੀਆਂ ਸਨਅਤਾਂ ਅਤੇ ਸਾਡੀ ਆਧੁਨਿਕ ਢੰਗ ਦੀ ਜੀਵਨ-ਜਾਚ ਨੇ 4-5 ਦਹਾਕਿਆਂ ਵਿਚ ਹੀ ਪੰਜਾਬ ਨੂੰ ਮਨੁੱਖੀ ਵਸੇਬੇ ਲਈ ਸਭ ਤੋਂ ਖ਼ਤਰਨਾਕ ਥਾਂ ਬਣਾ ਕੇ ਰੱਖ ਦਿੱਤਾ ਹੈ। ਅੱਜ ਪੰਜਾਬ ਦੇ ਨਦੀਆਂ, ਨਾਲੇ ਗਲ਼-ਸੜ ਰਹੇ ਹਨ ਅਤੇ ਬਦਬੂ ਮਾਰ ਰਹੇ ਹਨ। ਪਰ ਕੁਦਰਤ ਦਾ ਚਲਣ ਵੀ ਨਿਰਾਲਾ ਹੈ। ਕਹਿੰਦੇ ਹਨ ਕਿ ਮਨੁੱਖ ਜੋ ਕੁਦਰਤ ਨੂੰ ਦਿੰਦਾ ਹੈ, ਕੁਦਰਤ ਉਹੀ ਉਸ ਨੂੰ ਵਾਪਸ ਕਰ ਦਿੰਦੀ ਹੈ। ਜੇ ਪੰਜਾਬ ਦੇ ਮਨੁੱਖ ਨੇ ਨਦੀਆਂ, ਨਾਲਿਆਂ ਨੂੰ ਗਲ਼ਣ-ਸੜਨ ਲਾ ਦਿੱਤਾ ਹੈ ਤਾਂ ਇਥੋਂ ਦਾ ਮਨੁੱਖ ਵੀ ਅੱਜ ਗਲ਼-ਸੜ ਕੇ ਹੀ ਮਰ ਰਿਹਾ ਹੈ। ਹਸਪਤਾਲ ਕੈਂਸਰ, ਸ਼ੂਗਰ ਅਤੇ ਗੁਰਦਿਆਂ ਦੇ ਫੇਲ੍ਹ ਹੋਣ ਤੋਂ ਪੀੜਤ ਮਰੀਜ਼ਾਂ ਨਾਲ ਭਰੇ ਪਏ ਹਨ। ਬਲੱਡ ਪ੍ਰੈਸ਼ਰ, ਹਾਰਟ ਅਟੈਕ ਅਤੇ ਅਨੇਕਾਂ ਪ੍ਰਕਾਰ ਦੀਆਂ ਐਲਰਜੀਆਂ ਨੇ ਲੋਕਾਂ ਨੂੰ ਆਪਣੀ ਲਪੇਟ ਵਿਚ ਲਿਆ ਹੋਇਆ ਹੈ। ਚੈਨ ਦੀ ਨੀਂਦ ਸੌਣ ਲਈ ਬਹੁਤੇ ਲੋਕ ਦਵਾਈਆਂ ਜਾਂ ਨਸ਼ਿਆਂ ਦੀ ਵਰਤੋਂ ਕਰਦੇ ਹਨ। ਰਾਜ ਵਿਚ ਲੋਕ-ਪੱਖੀ ਤੇ ਕੁਦਰਤ-ਪੱਖੀ ਚਿਰਹੰਢਵੀਂ ਵਿਕਾਸ ਨੀਤੀ ਨਾ ਹੋਣ ਕਾਰਨ ਸਾਡੇ ਨੌਜਵਾਨਾਂ ਨੂੰ ਕੋਈ ਭਵਿੱਖ ਨਜ਼ਰ ਨਹੀਂ ਆਉਂਦਾ। ਉਹ ਸ਼ਰਾਬ ਤੋਂ ਇਲਾਵਾ ਸਮੈਕ ਤੇ ਹੈਰੋਇਨ ਵਰਗੇ ਖ਼ਤਰਨਾਕ ਨਸ਼ਿਆਂ ਦੇ ਆਦੀ ਬਣਦੇ ਜਾ ਰਹੇ ਹਨ। ਬਹੁਤ ਸਾਰੇ ਨੌਜਵਾਨਾਂ ਨੇ ਲੁੱਟਾਂ-ਖੋਹਾਂ ਕਰਨ ਲਈ ਆਪੋ-ਆਪਣੇ ਗੈਂਗ ਬਣਾ ਰੱਖੇ ਹਨ। ਇਸ ਤਰ੍ਹਾਂ ਦੀ ਨਿਰਾਸ਼ਾਜਨਕ ਸਥਿਤੀ ਵਿਚੋਂ ਸਾਡਾ ਅਜੋਕਾ ਪੰਜਾਬ ਗੁਜ਼ਰ ਰਿਹਾ ਹੈ। ਰਸਾਇਣਕ ਖੇਤੀ ਅਤੇ ਇਸ 'ਚੋਂ ਉਪਜੀ ਨਿਰੋਲ ਸੋਚ ਨੇ ਸਾਡੀਆਂ ਨੈਤਿਕ ਕਦਰਾਂ-ਕੀਮਤਾਂ ਦਾ ਘਾਣ ਕਰਕੇ ਰੱਖ ਦਿੱਤਾ ਹੈ। ਭਾਵੇਂ ਰਾਜ ਵਿਚ ਧਾਰਮਿਕ ਅਸਥਾਨਾਂ ਅਤੇ ਡੇਰਿਆਂ ਦੀ ਭਰਮਾਰ ਹੈ ਪਰ ਸਾਡੇ ਅਮਲਾਂ ਵਿਚੋਂ ਚੰਗੀਆਂ ਕਦਰਾਂ-ਕੀਮਤਾਂ ਦਾ ਕੋਈ ਪ੍ਰਗਟਾਵਾ ਨਹੀਂ ਹੁੰਦਾ। ਪੰਜਾਬ ਦੇ ਇਹ ਹਾਲਾਤ ਹਰ ਸੂਝਵਾਨ ਵਿਅਕਤੀ ਵਿਚ ਚਿੰਤਾ ਅਤੇ ਬੇਚੈਨੀ ਪੈਦਾ ਕਰਦੇ ਹਨ।
ਬਿਨਾਂ ਸ਼ੱਕ ਇਸ ਪਤਨਸ਼ੀਲ ਸਥਿਤੀ ਵਿਚੋਂ ਪੰਜਾਬ ਨੂੰ ਉਭਾਰਨ ਦੀ ਮੁੱਖ ਜ਼ਿੰਮੇਵਾਰੀ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੀ ਹੈ। ਉਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਹਰੇ ਇਨਕਲਾਬ ਦੇ ਪੰਜਾਬ 'ਤੇ ਪਏ ਦੁਰ-ਪ੍ਰਭਾਵਾਂ ਨੂੰ ਦੂਰ ਕਰਨ ਲਈ ਬਦਲਵੀਂ ਖੇਤੀ ਨੀਤੀ ਬਣਾ ਕੇ ਰਾਜ ਦੇ ਕਿਸਾਨਾਂ ਸਾਹਮਣੇ ਰੱਖਣ। ਧਰਤੀ ਹੇਠਲੇ ਪਾਣੀ ਦੀ ਡਿਗ ਰਹੀ ਪੱਧਰ ਨੂੰ ਉੱਪਰ ਚੁੱਕਣ ਲਈ ਕਿਸੇ ਵੱਡੀ ਯੋਜਨਾ ਨੂੰ ਅਮਲ ਵਿਚ ਲਿਆਉਣ। ਖੇਤੀ ਨੂੰ ਕਣਕ-ਝੋਨੇ ਦੇ ਫਸਲੀ ਚੱਕਰ ਵਿਚੋਂ ਕੱਢਣ ਲਈ ਬਦਲਵੀਆਂ ਫਸਲਾਂ ਅਤੇ ਉਨ੍ਹਾਂ ਦੇ ਮੰਡੀਕਰਨ ਨੂੰ ਉਤਸ਼ਾਹਿਤ ਕਰਨ ਲਈ ਕੋਈ ਠੋਸ ਕਦਮ ਚੁੱਕਣ। ਪਰ ਫਿਲਹਾਲ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਆਪਸ ਵਿਚ ਸਿਰ ਜੋੜ ਕੇ ਇਸ ਸਬੰਧੀ ਚਿੰਤਾ ਤੇ ਚਿੰਤਨ ਕਰਕੇ ਕੋਈ ਬਦਲਵੀਆਂ ਨੀਤੀਆਂ ਲੈ ਕੇ ਆਉਂਦੀਆਂ ਨਜ਼ਰ ਨਹੀਂ ਆਉਂਦੀਆਂ। ਪੰਜਾਬ ਦੀਆਂ ਧਰਤੀ ਹੇਠਲੇ ਪਾਣੀ ਨੂੰ ਪ੍ਰਦੂਸ਼ਿਤ ਕਰ ਰਹੀਆਂ ਸਨਅਤਾਂ 'ਤੇ ਲਗਾਮ ਕੱਸਣ ਲਈ ਵੀ ਉਨ੍ਹਾਂ ਵੱਲੋਂ ਕੋਈ ਪ੍ਰਭਾਵੀ ਕਦਮ ਨਹੀਂ ਉਠਾਏ ਜਾ ਰਹੇ। ਲੋਕਾਂ ਵਿਚ ਨਰੋਈਆਂ ਕਦਰਾਂ-ਕੀਮਤਾਂ ਨੂੰ ਉਭਾਰਨ ਦੀ ਥਾਂ 'ਤੇ ਸਰਕਾਰਾਂ ਦੀ ਨੱਕ ਥੱਲੇ ਲੱਚਰ ਟੈਲੀਵਿਜ਼ਨ ਚੈਨਲ ਧੜੱਲੇ ਨਾਲ ਚਲ ਰਹੇ ਹਨ ਅਤੇ ਰਾਜ ਵਿਚ ਲੱਚਰ ਗਾਇਕੀ ਖੂਬ ਵਧ-ਫੁੱਲ ਰਹੀ ਹੈ, ਜੋ ਪੰਜਾਬ ਦੇ ਲੋਕਾਂ ਨੂੰ ਆਪਣੇ ਨਰੋਏ ਵਿਰਸੇ ਤੋਂ ਹੋਰ ਦੂਰ ਕਰ ਰਹੀ ਹੈ। ਖਾਸ ਕਰਕੇ ਸਾਡੇ ਨੌਜਵਾਨਾਂ ਦੀ ਸੋਚ ਨੂੰ ਗੰਧਲਾ ਅਤੇ ਦੂਸ਼ਿਤ ਬਣਾ ਰਹੀ ਹੈ।
ਪਿਛਲੇ ਇਕ-ਦੋ ਦਹਾਕਿਆਂ ਵਿਚ ਪੰਜਾਬ ਵਿਚ ਵਧ ਰਹੇ ਇਨ੍ਹਾਂ ਨਾਂਹ-ਪੱਖੀ ਰੁਝਾਨਾਂ ਸਬੰਧੀ ਲੋਕਾਂ ਵਿਚ ਚੇਤਨਾ ਪੈਦਾ ਕਰਨ ਲਈ ਕੁਝ ਇਕ ਵਿਅਕਤੀਆਂ ਅਤੇ ਕੁਝ ਇਕ ਸੰਗਠਨਾਂ ਨੇ ਮਹੱਤਵਪੂਰਨ ਕੰਮ ਕੀਤਾ ਹੈ। ਇਨ੍ਹਾਂ ਸੰਗਠਨਾਂ ਵਿਚ ਪੰਜਾਬੀ ਸੱਥ ਲਾਂਬੜਾ, ਸੰਤ ਬਲਬੀਰ ਸਿੰਘ ਸੀਚੇਵਾਲ ਦਾ ਨਿਰਮਲ ਟਰੱਸਟ ਅਤੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਦੇ ਅਦਾਰੇ ਵਿਸ਼ੇਸ਼ ਤੌਰ 'ਤੇ ਵਰਨਣਯੋਗ ਹਨ। ਸੰਤ ਬਾਬਾ ਸੇਵਾ ਸਿੰਘ ਨੇ ਖਡੂਰ ਸਾਹਿਬ ਦੇ ਆਲੇ-ਦੁਆਲੇ ਸੜਕਾਂ ਦੇ ਦੁਆਲੇ ਦਰੱਖਤ ਲੁਆ ਕੇ ਇਸ ਸਾਰੇ ਇਲਾਕੇ ਨੂੰ ਹਰਾ-ਭਰਾ ਬਣਾ ਦਿੱਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਰਾਜਸਥਾਨ ਅਤੇ ਮੱਧ ਪ੍ਰਦੇਸ਼ ਆਦਿ ਵਰਗੇ ਇਲਾਕਿਆਂ ਵਿਚ ਵੀ ਦਰੱਖਤ ਲੁਆ ਕੇ ਸ਼ਲਾਘਾਯੋਗ ਕੰਮ ਕੀਤਾ ਹੈ। ਉਨ੍ਹਾਂ ਦੇ ਇਨ੍ਹਾਂ ਯਤਨਾਂ ਨਾਲ ਲੋਕਾਂ ਵਿਚ ਦਰੱਖਤਾਂ ਦੇ ਮਹੱਤਵ ਸਬੰਧੀ ਇਕ ਸਿਹਤਮੰਦ ਸੁਨੇਹਾ ਗਿਆ ਹੈ। ਇਸੇ ਤਰ੍ਹਾਂ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਕਾਲੀ ਵੇਈਂ ਦੀ ਸਫ਼ਾਈ ਕਰਕੇ ਅਤੇ ਸੁਲਤਾਨਪੁਰ ਲੋਧੀ ਵਿਚ ਇਸ ਵੇਈਂ ਦੇ ਆਲੇ-ਦੁਆਲੇ ਖੂਬਸੂਰਤ ਦਰੱਖਤ ਅਤੇ ਬੂਟੇ ਲਗਾ ਕੇ ਪੰਜਾਬ ਦੇ ਲੋਕਾਂ ਨੂੰ ਦਰਿਆਵਾਂ ਦੇ ਮਹੱਤਵ ਨੂੰ ਸਮਝਣ ਲਈ ਪ੍ਰੇਰਿਤ ਕੀਤਾ ਹੈ ਅਤੇ ਇਸ ਦੇ ਨਾਲ-ਨਾਲ ਉਨ੍ਹਾਂ ਨੇ ਵੱਡੇ ਪੱਧਰ 'ਤੇ ਹਵਾ, ਪਾਣੀ ਅਤੇ ਖੁਰਾਕ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਮੁਹਿੰਮ ਚਲਾਈ ਹੈ। ਦੇਸ਼-ਵਿਦੇਸ਼ ਵਿਚ ਉਨ੍ਹਾਂ ਦੀ ਇਸ ਮੁਹਿੰਮ ਦੀ ਖੂਬ ਚਰਚਾ ਹੋਈ ਹੈ।
ਇਸ ਸੰਦਰਭ ਵਿਚ ਹੀ ਪੰਜਾਬੀ ਸੱਥ ਲਾਂਬੜਾ ਦੇ ਯਤਨ ਵੀ ਬੜੇ ਨਿਵੇਕਲੇ ਰਹੇ ਹਨ। ਪੰਜਾਬੀ ਸੱਥ ਨੇ ਰਾਜ ਵਿਚ ਵਧ ਰਹੇ ਹਵਾ, ਪਾਣੀ ਅਤੇ ਖੁਰਾਕ ਦੇ ਪ੍ਰਦੂਸ਼ਣ ਵਿਰੁੱਧ, ਧੀਆਂ ਨਾਲ ਹੁੰਦੇ ਵਿਤਕਰੇ ਵਿਰੁੱਧ, ਨੌਜਵਾਨਾਂ ਵਿਚ ਵਧ ਰਹੇ ਨਸ਼ਿਆਂ ਦੇ ਰੁਝਾਨ ਵਿਰੁੱਧ ਅਤੇ ਪੰਜਾਬੀ ਜ਼ਬਾਨ ਅਤੇ ਸੱਭਿਆਚਾਰ ਦੇ ਪ੍ਰਚਾਰ-ਪ੍ਰਸਾਰ ਲਈ ਪਿਛਲੇ ਕਈ ਦਹਾਕਿਆਂ ਤੋਂ ਚੇਤਨਾ ਦੀ ਲਹਿਰ ਆਰੰਭ ਕਰ ਰੱਖੀ ਹੈ। ਇਸ ਸਮੇਂ ਪੰਜਾਬੀ ਸੱਥ ਦੀਆਂ ਇਕਾਈਆਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਇਲਾਵਾ ਕੈਨੇਡਾ, ਅਮਰੀਕਾ, ਇੰਗਲੈਂਡ ਅਤੇ ਪਾਕਿਸਤਾਨ ਤੱਕ ਫੈਲ ਚੁੱਕੀਆਂ ਹਨ। ਪੰਜਾਬ ਦੇ ਭਖਦੇ ਸਰੋਕਾਰਾਂ ਬਾਰੇ ਹੁਣ ਤੱਕ ਇਸ ਨੇ 120 ਦੇ ਲਗਭਗ ਪੁਸਤਕਾਂ ਛਪਵਾ ਕੇ ਆਪਣੀਆਂ ਇਕਾਈਆਂ ਰਾਹੀਂ ਲੋਕਾਂ ਦੇ ਹੱਥਾਂ ਤੱਕ ਪਹੁੰਚਾਈਆਂ ਹਨ। ਇਸ ਤੋਂ ਇਲਾਵਾ ਦੇਸ਼ਾਂ-ਵਿਦੇਸ਼ਾਂ ਵਿਚ ਸਮਾਗਮ ਕਰਕੇ ਇਸ ਨੇ ਲੇਖਕਾਂ, ਪੱਤਰਕਾਰਾਂ, ਸ਼ਾਇਰਾਂ, ਕਲਾਕਾਰਾਂ ਤੇ ਵਾਤਾਵਰਨ ਪ੍ਰੇਮੀਆਂ ਨੂੰ ਸਨਮਾਨਿਤ ਕਰਕੇ ਉਤਸ਼ਾਹਿਤ ਕਰਨ ਦਾ ਸਿਲਸਿਲਾ ਆਰੰਭ ਕੀਤਾ ਹੈ। ਇਸ ਵੱਲੋਂ ਹਰ ਸਾਲ ਚੰਗੀਆਂ ਕਿਤਾਬਾਂ ਲਿਖਣ ਵਾਲੇ ਲੇਖਕਾਂ ਨੂੰ ਵੀ ਸਨਮਾਨਿਤ ਕੀਤਾ ਜਾਂਦਾ ਹੈ। ਪੰਜਾਬੀ ਸੱਥ ਦੀਆਂ ਇਨ੍ਹਾਂ ਸਰਗਰਮੀਆਂ ਦਾ ਸਿਹਰਾ ਡਾ: ਨਿਰਮਲ ਸਿੰਘ, ਮੋਤਾ ਸਿੰਘ ਸਰਾਏ, ਸ: ਪਿਆਰਾ ਸਿੰਘ ਅਤੇ ਦੇਸ਼-ਵਿਦੇਸ਼ ਵਿਚ ਪੰਜਾਬੀ ਸੱਥ ਦੀਆਂ ਇਕਾਈਆਂ ਨਾਲ ਜੁੜੀਆਂ ਹੋਰ ਸੈਂਕੜੇ ਸ਼ਖ਼ਸੀਅਤਾਂ ਨੂੰ ਜਾਂਦਾ ਹੈ।
ਅੱਜ ਜਦੋਂ ਕਿ ਪੰਜਾਬੀ ਸੱਥ ਲਾਂਬੜਾ ਆਪਣਾ ਸਾਲਾਨਾ ਸਮਾਗਮ ਕਰ ਰਹੀ ਹੈ, ਅਸੀਂ ਉਨ੍ਹਾਂ ਦੀ ਜਥੇਬੰਦੀ ਦੇ ਇਨ੍ਹਾਂ ਯਤਨਾਂ ਨੂੰ ਸਲਾਮ ਕਰਦੇ ਹੋਏ ਪੰਜਾਬ ਦੇ ਹੋਰ ਸੂਝਵਾਨ ਚਿੰਤਕਾਂ ਅਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਨੂੰ ਵੀ ਇਹ ਅਪੀਲ ਕਰਦੇ ਹਾਂ ਕਿ ਉਹ ਰਾਜ ਅਤੇ ਰਾਜ ਦੇ ਲੋਕਾਂ ਨੂੰ ਪਤਨਸ਼ੀਲ ਅਵਸਥਾ ਵਿਚੋਂ ਉਭਾਰਨ ਲਈ ਆਪਣੀ ਕਹਿਣੀ ਅਤੇ ਕਥਨੀ ਨਾਲ ਆਪੋ-ਆਪਣੇ ਖੇਤਰਾਂ ਵਿਚ ਲੋਕ-ਪੱਖੀ ਤੇ ਕੁਦਰਤ-ਪੱਖੀ ਹੰਢਣਸਾਰ ਬਦਲ ਪੇਸ਼ ਕਰਨ, ਤਾਂ ਜੋ ਲੋਕਾਂ ਨੂੰ ਪ੍ਰੇਰਿਤ ਕਰਕੇ ਅੰਤਿਮ ਨਿਸ਼ਾਨੇ ਦੇ ਤੌਰ 'ਤੇ ਪੰਜਾਬ ਦੇ ਲੋਕਾਂ ਨੂੰ ਇਕ ਬਦਲਵੇਂ ਵਿਕਾਸ ਮਾਡਲ ਲਈ ਲਾਮਬੰਦ ਕੀਤਾ ਜਾ ਸਕੇ।

Leave a Comment

Message :

CAPTCHA ImageReload Image
ENTER THE CAPTCHA CODE WRITTEN ABOVE