Published on
ਜਲੰਧਰ ਵਿਚ ਬੁੱਧਵਾਰ (7 ਨਵੰਬਰ) ਦਾ ਦਿਨ ਸ਼ਾਹਰੁਖ ਖ਼ਾਨ, ਕੈਟਰੀਨਾ ਕੈਫ਼ ਅਤੇ ਅਨੁਸ਼ਕਾ ਸ਼ਰਮਾ ਆਦਿ ਫ਼ਿਲਮ ਕਲਾਕਾਰਾਂ ਦੇ ਨਾਂਅ ਰਿਹਾ | ਇਹ ਕਲਾਕਾਰ ਜਲੰਧਰ ਵਿਚ ਪ੍ਰਸਿੱਧ ਫ਼ਿਲਮਸਾਜ਼ ਸ੍ਰੀ ਯਸ਼ ਚੋਪੜਾ ਨੂੰ ਉਨ੍ਹਾਂ ਦੀ ਜਨਮ-ਭੂਮੀ 'ਤੇ ਆਪਣੀ ਸ਼ਰਧਾ ਦੇ ਫੁੱਲ ਫੇਟ ਕਰਨ ਅਤੇ ਸ੍ਰੀ ਯਸ਼ ਚੋਪੜਾ ਦੇ ਨਿਰਦੇਸ਼ਨ ਵਿਚ ਯਸ਼ ਰਾਜ ਫ਼ਿਲਮਜ਼ ਵੱਲੋਂ ਬਣਾਈ ਗਈ ਆਖਰੀ ਫ਼ਿਲਮ 'ਜਬ ਤਕ ਹੈ ਜਾਨ', ਜਿਸ ਵਿਚ ਉਕਤ ਕਲਾਕਾਰਾਂ ਨੇ ਮੁੱਖ ਰੋਲ ਅਦਾ ਕੀਤੇ ਹਨ, ਦੇ ਪ੍ਰਚਾਰ ਹਿਤ ਆਏ ਸਨ | ਸ੍ਰੀ ਯਸ਼ ਚੋਪੜਾ ਨੇ ਆਪਣੇ ਦਿਹਾਂਤ ਤੋਂ ਪਹਿਲਾਂ ਇਹ ਕਿਹਾ ਸੀ ਕਿ ਇਹ ਉਨ੍ਹਾਂ ਦੀ ਨਿਰਦੇਸ਼ਨਾ ਵਾਲੀ ਆਖਰੀ ਫ਼ਿਲਮ ਹੋਵੇਗੀ | ਉਨ੍ਹਾਂ ਦੀ ਇਹ ਵੀ ਇੱਛਾ ਸੀ ਕਿ ਇਸ ਫ਼ਿਲਮ ਨੂੰ ਪ੍ਰਚਾਰਿਤ ਕਰਨ ਦਾ ਕੰਮ ਵੀ ਉਨ੍ਹਾਂ ਦੀ ਆਪਣੀ ਜਲੰਧਰ ਤੋਂ ਹੋਵੇ | ਇਸ ਨੂੰ ਅਜੀਬ ਇਤਫ਼ਾਕ ਹੀ ਕਿਹਾ ਜਾ ਸਕਦਾ ਹੈ ਕਿ ਇਹ ਸਭ ਕੁਝ ਉਨ੍ਹਾਂ ਦੇ ਸਦੀਵੀ ਵਿਛੋੜੇ ਤੋਂ ਬਾਅਦ ਹੋ ਰਿਹਾ ਹੈ | ਜਲੰਧਰ ਮੰੁਬਈ ਤੋਂ ਕਾਫੀ ਦੂਰ ਹੈ | ਜ਼ਿਆਦਾਤਰ ਕਲਾਕਾਰ ਆਪਣੀਆਂ ਫ਼ਿਲਮਾਂ ਦੇ ਪ੍ਰਚਾਰ ਹਿਤ ਵੱਧ ਤੋਂ ਵੱਧ ਚੰਡੀਗੜ੍ਹ ਤੱਕ ਹੀ ਪੁੱਜਦੇ ਹਨ | ਵੱਡੇ-ਵੱਡੇ ਕਲਾਕਾਰ ਘੱਟ ਹੀ ਜਲੰਧਰ ਆਉਂਦੇ ਹਨ | ਸ਼ਾਇਦ ਇਸੇ ਕਰਕੇ ਸ਼ਾਹਰੁਖ ਖ਼ਾਨ, ਕੈਟਰੀਨਾ ਕੈਫ਼ ਤੇ ਅਨੁਸ਼ਕਾ ਸ਼ਰਮਾ ਨੂੰ ਵੇਖਣ ਦੀ ਜਲੰਧਰੀਆਂ ਵਿਚ ਵਿਸ਼ੇਸ਼ ਖਿੱਚ ਸੀ | ਪਰ ਇਹ ਕਲਾਕਾਰ ਵੱਡੀਆਂ ਭੀੜਾਂ ਇਕੱਤਰ ਹੋਣ ਦੇ ਬਾਵਜੂਦ ਇਥੇ ਆ ਕੇ ਜਿਸ ਤਰ੍ਹਾਂ ਸਹਿਜ ਨਾਲ ਵਿਚਰੇ, ਯਸ਼ ਚੋਪੜਾ ਨਾਲ ਸਬੰਧਤ ਰਹੇ ਦੋਆਬਾ ਕਾਲਜ ਵਿਚ ਆਪਣੇ ਪ੍ਰਸੰਸਕਾਂ ਵਿਚ ਜਾ ਕੇ ਜਿਸ ਤਰ੍ਹਾਂ ਉਨ੍ਹਾਂ ਨੇ ਯਸ਼ ਜੀ ਨਾਲ ਸਬੰਧਤ ਆਪਣੀਆਂ ਯਾਦਾਂ ਤਾਜ਼ਾ ਕੀਤੀਆਂ, ਜਿਸ ਤਰ੍ਹਾਂ ਪੰਜਾਬ ਦੀ ਸਿਰਮੌਰ ਪੰਜਾਬੀ ਅਖ਼ਬਾਰ 'ਅਜੀਤ' ਦੇ ਦਫ਼ਤਰ 'ਅਜੀਤ ਭਵਨ' ਵਿਚ ਆ ਕੇ ਅਦਾਰਾ 'ਅਜੀਤ' ਬਾਰੇ ਜਾਣਕਾਰੀ ਲਈ ਅਤੇ ਪਿਆਰ ਲਿਆ ਤੇ ਪਿਆਰ ਦਿੱਤਾ, ਉਸ ਨਾਲ ਜਲੰਧਰ ਦੇ ਲੋਕਾਂ ਵਿਚ ਉਨ੍ਹਾਂ ਦੀਆਂ ਸ਼ਖ਼ਸੀਅਤਾਂ ਪ੍ਰਤੀ ਆਕਰਸ਼ਨ ਹੋਰ ਵਧਿਆ ਹੈ | ਵਿਸ਼ੇਸ਼ ਤੌਰ 'ਤੇ ਸ਼ਾਹਰੁਖ ਖ਼ਾਨ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਉਨ੍ਹਾਂ ਦੀ ਜ਼ਿੰਦਗੀ ਦੀ ਫ਼ਿਲਾਸਫ਼ੀ ਕੀ ਹੈ, ਤਾਂ ਉਨ੍ਹਾਂ ਕਿਹਾ ਕਿ ਬਿਨਾਂ ਸਿੱਟਿਆਂ ਦੀ ਉਡੀਕ ਕਰਨ ਤੋਂ ਆਪਣੇ ਕੰਮ 'ਤੇ ਪੂਰੀ ਲਗਨ ਨਾਲ ਮਿਹਨਤ ਕਰਨਾ ਅਤੇ ਦੂਜਿਆਂ ਪ੍ਰਤੀ ਇਹੋ ਜਿਹਾ ਵਤੀਰਾ ਧਾਰਨ ਕਰਨਾ, ਜਿਸ ਤਰ੍ਹਾਂ ਦੇ ਵਤੀਰੇ ਦੀ ਤੁਸੀਂ ਉਨ੍ਹਾਂ ਤੋਂ ਆਸ ਕਰਦੇ ਹੋ, ਹੀ ਉਨ੍ਹਾਂ ਦੀ ਜ਼ਿੰਦਗੀ ਦੀ ਫ਼ਿਲਾਸਫ਼ੀ ਹੈ |